ਸ਼ਹੀਦ ਪਰਵਿੰਦਰ ਸਿੰਘ ਖਾਲਸਾ (ਝੋਟਾ) ਦੀ ਯਾਦ ’ਚ ਨਿਊਯਾਰਕ ਵਿਖੇ ਕੈਂਡਲ ਲਾਈਟ ਵਿਜਿਲ ਅੱਜ

ਸ਼ਹੀਦ ਪਰਵਿੰਦਰ ਸਿੰਘ ਖਾਲਸਾ (ਝੋਟਾ) ਦੀ ਯਾਦ ’ਚ ਨਿਊਯਾਰਕ ਵਿਖੇ ਕੈਂਡਲ ਲਾਈਟ ਵਿਜਿਲ ਅੱਜ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਨਸ਼ਾ ਵਿਰੋਧੀ ਕਾਰਕੁੰਨਾਂ ਦੀ ਸੁਰੱਖਿਆ ਲਈ ਇਕੱਠੇ ਹੋਣ ਦਾ ਸੱਦਾ
ਨਿਊਯਾਰਕ, 17 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੇ ਦਿਨੀਂ ਨਸ਼ਿਆਂ ਦੇ ਸੌਦਾਗਰ ਵਲੋਂ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਖਾਲਸਾ (ਝੋਟਾ) ਦੀ ਯਾਦ ਵਿੱਚ ਅੱਜ ਸ਼ਨੀਵਾਰ, 17 ਅਕਤੂਬਰ 2026 ਨੂੰ ਨਿਊਯਾਰਕ ਦੇ ਸਾਊਥ ਰਿਚਮੰਡ ਹਿੱਲ ਸਥਿਤ ਸਮੋਕੀ ਪਾਰਕ ਵਿਖੇ ਕੈਂਡਲ ਲਾਈਟ ਵਿਜਿਲ (ਮੋਮਬੱਤੀ ਜਗਾ ਕੇ ਸ਼ਰਧਾਂਜਲੀ ਸਮਾਗਮ) ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਜਾਰੀ ਪੋਸਟਰ ਅਨੁਸਾਰ ਇਹ ਸਮਾਗਮ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਪੋਸਟਰ ਵਿੱਚ ਪਰਵਿੰਦਰ ਸਿੰਘ ਖਾਲਸਾ (ਝੋਟਾ) ਨੂੰ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਬੇਨਕਾਬ ਕਰਨ ਲਈ ਕੰਮ ਕਰਨ ਵਾਲੇ ਨਿਡਰ ਨਸ਼ਾ ਵਿਰੋਧੀ ਕਾਰਕੁੰਨ ਵਜੋਂ ਯਾਦ ਕੀਤਾ ਜਾਵੇਗਾ। ਪੋਸਟਰ ਮੁਤਾਬਕ, 13 ਅਕਤੂਬਰ 2026 ਨੂੰ ਮਾਨਸਾ, ਪੰਜਾਬ ਵਿੱਚ ਇੱਕ ਫੇਸਬੁੱਕ ਲਾਈਵ ਦੌਰਾਨ ਕਥਿਤ ਨਸ਼ਾ ਵਿਕਰੀ ਦੇ ਮਾਮਲੇ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੇ ਪ੍ਰਧਾਨ ਸ੍ਰ. ਜਤਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਰਵਿੰਦਰ ਸਿੰਘ ਖਾਲਸਾ ਆਪਣੇ ਪਿੱਛੇ ਪਤਨੀ, ਦੋ ਛੋਟੇ ਪੁੱਤਰ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਹੋਣ ਵਾਲੇ ਇਸ ਸਮਾਗਮ ਦਾ ਉਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਅਤੇ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਹੈ।
ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਹਿਯੋਗ
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦਾ ਪ੍ਰਬੰਧ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਨਿਊਯਾਰਕ ਸਿੱਖ ਕੌਂਸਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿੱਚ ਸਿੱਖ ਕਲਚਰ ਸੋਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਸਮੇਤ ਹੋਰ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਵੀ ਸ਼ਾਮਿਲ ਹੋਵੇਗਾ।
ਨਸ਼ਿਆਂ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਸੱਦਾ
ਸਮਾਗਮ ਦੇ ਸੱਦੇ ਵਿੱਚ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਅਤੇ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਕਾਰਕੁੰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਉਭਾਰੀ ਗਈ ਹੈ। ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਇਕੱਠੇ ਹੋ ਕੇ ਸ਼ਹੀਦ ਪਰਵਿੰਦਰ ਸਿੰਘ ਖਾਲਸਾ ਨੂੰ ਸ਼ਰਧਾਂਜਲੀ ਦੇਣ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਸਮਾਗਮ ਰਾਹੀਂ ਨਸ਼ਿਆਂ ਦੀ ਸਮੱਸਿਆ ਵਿਰੁੱਧ ਸਾਂਝੀ ਜ਼ਿੰਮੇਵਾਰੀ ਨਿਭਾਉਣ ਅਤੇ ਨਸ਼ਾ ਵਿਰੋਧੀ ਕਾਰਕੁੰਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।    

ਸਮਾਗਮ ਦਾ ਵੇਰਵਾ:
ਤਾਰੀਖ: ਸਨੀਵਾਰ, 17 ਅਕਤੂਬਰ 2026
ਸਮਾਂ: ਸਾਮ 5 ਵਜੇ
ਸਥਾਨ: ਸਮੋਕੀ ਪਾਰਕ, ਸਾਊਥ ਰਿਚਮੰਡ ਹਿੱਲ, ਕਵੀਨਜ, ਨਿਊਯਾਰਕ