ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕਿ੍ਰਸ਼ਨ ਅਡਵਾਨੀ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ

ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕਿ੍ਰਸ਼ਨ ਅਡਵਾਨੀ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ

ਛਾਤੀ ’ਚ ਇਨਫ਼ੈਕਸਨ ਦੀ ਸ਼ਿਕਾਇਤ ਤੋਂ ਬਾਅਦ ਅਪੋਲੋ ਹਸਪਤਾਲ ਵਿੱਚ ਇਲਾਜ ਅਧੀਨ

ਨਵੀਂ ਦਿੱਲੀ, 16 ਅਕਤੂਬਰ (ਪੰਜਾਬੀ ਰਾਈਟਰ)- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕਿ੍ਰਸਨ ਅਡਵਾਨੀ ਨੂੰ ਛਾਤੀ ਦੀ ਇਨਫ਼ੈਕਸ਼ਨ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 98 ਸਾਲਾ ਅਡਵਾਨੀ ਨੂੰ ਸੁੱਕਰਵਾਰ ਸ਼ਾਮ ਕਰੀਬ 7:30 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਉਹ ਹਸਪਤਾਲ ਦੇ ਪਲਮੋਨਰੀ (ਫ਼ੇਫ਼ੜਿਆਂ ਨਾਲ ਸਬੰਧਿਤ) ਵਿਭਾਗ ਵਿੱਚ ਇਲਾਜ ਅਧੀਨ ਹਨ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕਿ੍ਰਸ਼ਨ ਅਡਵਾਨੀ 98 ਸਾਲ ਦੇ ਹਨ। ਉਹ 8 ਨਵੰਬਰ ਨੂੰ ਆਪਣਾ 99ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਅਡਵਾਨੀ ਇਸ ਸਮੇਂ ਦਿੱਲੀ ਵਿੱਚ 30, ਪਿ੍ਰਥਵੀਰਾਜ ਰੋਡ ’ਤੇ ਰਹਿੰਦੇ ਹਨ। ਹਾਲ ਹੀ ਵਿੱਚ, ਜਨਤਕ ਸੇਵਾ ਦੇ 25 ਸਾਲ ਪੂਰੇ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿ੍ਰਸਨ ਅਡਵਾਨੀ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦਾ ਆਸੀਰਵਾਦ ਲੈਣ ਲਈ ਉਨ੍ਹਾਂ ਦੀ ਰਿਹਾਇਸ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ‘ਐਕਸ’ ’ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਡਵਾਨੀ ਜੀ ਨਾਲ ਉਨ੍ਹਾਂ ਦੀ ਰਿਹਾਇਸ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਦੀਆਂ ਦਹਾਕਿਆਂ ਦੀਆਂ ਜਨਤਕ ਸੇਵਾਵਾਂ ਅਤੇ ਸਾਡੇ ਰਾਸ਼ਟਰੀ ਜੀਵਨ ਵਿੱਚ ਪਾਏ ਯੋਗਦਾਨ ਨੇ ਇੱਕ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੇ ਭਾਰਤ ਦੀ ਤਰੱਕੀ ਨੂੰ ਮਜਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।’’
ਲਾਲ ਕਿ੍ਰਸ਼ਨ ਅਡਵਾਨੀ ਨੇ 1980 ਵਿੱਚ ਅਟਲ ਬਿਹਾਰੀ ਵਾਜਪਾਈ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਾਪਨਾ ਕੀਤੀ ਸੀ। ਉਹ ਸਭ ਤੋਂ ਲੰਬੇ ਸਮੇਂ ਤੱਕ ਭਾਜਪਾ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਅਗਵਾਈ ਹੇਠ, ਇਹ ਪਾਰਟੀ ਜਿਸ ਕੋਲ 1984 ਵਿੱਚ ਸਿਰਫ 2 ਸੀਟਾਂ ਸਨ 1998 ਤੱਕ 182 ਸੀਟਾਂ ਤੱਕ ਪਹੁੰਚ ਗਈ। ਅਡਵਾਨੀ 1989 ਤੋਂ ਲੋਕ ਸਭਾ ਦੇ ਮੈਂਬਰ ਰਹੇ ਅਤੇ 2019 ਵਿੱਚ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਉਹ ਸੱਤ ਵਾਰ ਲੋਕ ਸਭਾ ਪਹੁੰਚੇ। ਇਸ ਸਮੇਂ ਦੌਰਾਨ ਜ਼ਿਆਦਾਤਰ ਸਮਾਂ, ਉਨ੍ਹਾਂ ਨੇ ਗਾਂਧੀਨਗਰ ਹਲਕੇ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 1998 ਤੋਂ 2004 ਤੱਕ ਦੇਸ਼ ਦੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ ਅਤੇ 2002 ਤੋਂ 2004 ਤੱਕ ਉਪ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ। 2024 ਵਿੱਚ, ਅਡਵਾਨੀ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ, ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ।