ਜਲੰਧਰ ਛਾਉਣੀ ’ਚ ‘ਆਪ’ ਨੂੰ ਮਜਬੂਤ ਕਰਨ ਲਈ ਦੀਪਕ ਬਾਲੀ ’ਤੇ ਭਰੋਸਾ 

ਜਲੰਧਰ ਛਾਉਣੀ ’ਚ ‘ਆਪ’ ਨੂੰ ਮਜਬੂਤ ਕਰਨ ਲਈ ਦੀਪਕ ਬਾਲੀ ’ਤੇ ਭਰੋਸਾ 

ਨਵੀਂ ਜ਼ਿੰਮੇਵਾਰੀ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਦਿਸ਼ਾ- ਸਿਆਸੀ ਵਿਸ਼ਲੇਸ਼ਕ

ਜਲੰਧਰ/ਨਿਊਯਾਰਕ, 16 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)-  ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਆਗੂ ਅਤੇ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰਨਾ ਪਾਰਟੀ ਦੇ ਜਥੇਬੰਦਕ ਵਿਸਥਾਰ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਹਲਕੇ ਵਿੱਚ ਸੰਗਠਨ ਨੂੰ ਮਜਬੂਤ ਕਰਨ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਨਵੀਂ ਰਫ਼ਤਾਰ ਦੇਣ ਦੀ ਉਮੀਦ ਜਤਾਈ ਹੈ।
ਦੀਪਕ ਬਾਲੀ ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਦੇ ਸੀਨੀਅਰ ਆਗੂ ਵਜੋਂ ਸਰਗਰਮ ਹਨ। ਉਹ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਅਤੇ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਸਕੱਤਰ ਵੀ ਹਨ। ਪਾਰਟੀ ਵੱਲੋਂ ਉਨ੍ਹਾਂ ਨੂੰ ਜਲੰਧਰ ਛਾਉਣੀ ਦੀ ਜ਼ਿੰਮੇਵਾਰੀ ਦੇਣਾ ਉਨ੍ਹਾਂ ਦੇ ਸੰਗਠਨਾਤਮਕ ਤਜ਼ਰਬੇ ਅਤੇ ਪਾਰਟੀ ਵਿੱਚ ਭੂਮਿਕਾ ’ਤੇ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ।
ਤਜ਼ਰਬੇ ਨੂੰ ਜ਼ਮੀਨੀ ਪੱਧਰ ’ਤੇ ਵਰਤਣ ਦਾ ਮੌਕਾ
ਜਲੰਧਰ ਛਾਉਣੀ ਪੰਜਾਬ ਦਾ ਇੱਕ ਮਹੱਤਵਪੂਰਨ ਵਿਧਾਨ ਸਭਾ ਹਲਕਾ ਹੈ। ਇੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿਚਾਲੇ ਮੁਕਾਬਲਾ ਰਹਿੰਦਾ ਹੈ। ਅਜਿਹੇ ਵਿੱਚ ਦੀਪਕ ਬਾਲੀ ਲਈ ਸਭ ਤੋਂ ਵੱਡੀ ਚੁਣੌਤੀ ਪਾਰਟੀ ਦੇ ਵਰਕਰਾਂ ਨੂੰ ਇਕਜੁੱਟ ਕਰਨਾ, ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣਾ ਅਤੇ ਸਥਾਨਕ ਮੁੱਦਿਆਂ ਨੂੰ ਤਰਜ਼ੀਹ ਦੇਣਾ ਹੋਵੇਗੀ।
ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਉਮੀਦ ਹੈ ਕਿ ਹਲਕੇ ਵਿੱਚ ਸੰਗਠਨਾਤਮਕ ਸਰਗਰਮੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇਗਾ। ਜੇਕਰ ਉਹ ਸਥਾਨਕ ਵਰਕਰਾਂ ਅਤੇ ਆਗੂਆਂ ਨਾਲ ਤਾਲਮੇਲ ਬਣਾ ਕੇ ਅੱਗੇ ਵਧਦੇ ਹਨ ਤਾਂ ਇਸ ਨਾਲ ਪਾਰਟੀ ਦੀ ਜਮੀਨੀ ਪਕੜ ਮਜਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
2027 ਦੀਆਂ ਚੋਣਾਂ ਤੋਂ ਪਹਿਲਾਂ ਅਹਿਮ ਸਿਆਸੀ ਕਦਮ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਆਸੀ ਪਾਰਟੀਆਂ ਨੇ ਆਪਣੇ ਜਥੇਬੰਦਕ ਢਾਂਚਿਆਂ ਨੂੰ ਮਜਬੂਤ ਕਰਨ ਵੱਲ ਧਿਆਨ ਦੇਣਾ ਸੁਰੂ ਕਰ ਦਿੱਤਾ ਹੈ। ਜਲੰਧਰ ਛਾਉਣੀ ਵਿੱਚ ਦੀਪਕ ਬਾਲੀ ਨੂੰ ਜ਼ਿੰਮੇਵਾਰੀ ਸੌਂਪਣਾ ਵੀ ਇਸੇ ਸਿਆਸੀ ਸਰਗਰਮੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਇਸ ਹਲਕੇ ਤੋਂ ਪਰਗਟ ਸਿੰਘ ਮੌਜੂਦਾ ਵਿਧਾਇਕ ਹਨ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਸਿਆਸੀ ਪਿਛੋਕੜ ਵਿੱਚ ‘ਆਪ’ ਲਈ ਹਲਕੇ ਵਿੱਚ ਆਪਣਾ ਸੰਗਠਨ ਮਜਬੂਤ ਕਰਨਾ ਮਹੱਤਵਪੂਰਨ ਹੋਵੇਗਾ। ਹਾਲਾਂਕਿ, ਦੀਪਕ ਬਾਲੀ ਦੇ 2027 ਦੀਆਂ ਚੋਣਾਂ ਵਿੱਚ ਉਮੀਦਵਾਰ ਹੋਣ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਪਰ ਸਭ ਜਾਣਦੇ ਹਨ ਕਿ ਉਹ ਟਿਕਟ ਉਨ੍ਹਾਂ ਦੀ ਝੋਲੀ ਵਿਚ ਹੀ ਜਾਵੇਗੀ।
ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੋਵੇਗਾ
ਕਿਸੇ ਵੀ ਆਗੂ ਦੀ ਸਫ਼ਲਤਾ ਸਿਰਫ਼ ਅਹੁਦੇ ਨਾਲ ਨਹੀਂ, ਸਗੋਂ ਉਸ ਦੇ ਕੰਮ, ਲੋਕਾਂ ਤੱਕ ਪਹੁੰਚ ਅਤੇ ਸਮੱਸਿਆਵਾਂ ਦੇ ਹੱਲ ਲਈ ਕੀਤੇ ਯਤਨਾਂ ਨਾਲ ਮਾਪੀ ਜਾਂਦੀ ਹੈ। ਦੀਪਕ ਬਾਲੀ ਲਈ ਇਹ ਨਵੀਂ ਜ਼ਿੰਮੇਵਾਰੀ ਆਪਣੀ ਕਾਰਗੁਜ਼ਾਰੀ ਦਿਖਾਉਣ ਅਤੇ ਪਾਰਟੀ ਦੇ ਸੰਗਠਨ ਨੂੰ ਹੋਰ ਮਜਬੂਤ ਕਰਨ ਦਾ ਮੌਕਾ ਹੈ। ਉਨ੍ਹਾਂ ਸਾਹਮਣੇ ਸਥਾਨਕ ਵਰਕਰਾਂ ਦਾ ਭਰੋਸਾ ਜਿੱਤਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਉਮੀਦ ਰਹੇਗੀ। 
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੀਪਕ ਬਾਲੀ ਦੀ ਨਿਯੁਕਤੀ ਜਲੰਧਰ ਛਾਉਣੀ ਵਿੱਚ ਆਮ ਆਦਮੀ ਪਾਰਟੀ ਲਈ ਇੱਕ ਨਵੀਂ ਸ਼ੁਰੂਆਤ ਸਾਬਤ ਹੋ ਸਕਦੀ ਹੈ। ਹੁਣ ਉਨ੍ਹਾਂ ਦੀ ਕਾਰਗੁਜ਼ਾਰੀ, ਵਰਕਰਾਂ ਨਾਲ ਤਾਲਮੇਲ ਅਤੇ ਲੋਕਾਂ ਵਿੱਚ ਬਣਨ ਵਾਲਾ ਭਰੋਸਾ ਹੀ ਤੈਅ ਕਰੇਗਾ ਕਿ ਪਾਰਟੀ ਇਸ ਨਵੀਂ ਜ਼ਿੰਮੇਵਾਰੀ ਨੂੰ ਕਿੰਨਾ ਲਾਹੇਵੰਦ ਬਣਾ ਸਕਦੀ ਹੈ?