ਵੱਡੀ ਖਬਰ: ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਅਤੇ ਕੀਰਤਨ ’ਤੇ ਲਗਾਈ ਮੁਕੰਮਲ ਰੋਕ

ਵੱਡੀ ਖਬਰ: ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਚਾਰਕ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ ਅਤੇ ਕੀਰਤਨ ’ਤੇ ਲਗਾਈ ਮੁਕੰਮਲ ਰੋਕ

ਅੰਮਿ੍ਰਤਸਰ/ਨਿਊਯਾਰਕ, 16 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਸਿੱਖਾਂ ਦੀ ਸਰਵਉੱਚ ਧਾਰਮਿਕ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਦੌਰਾਨ ਇੱਕ ਵੱਡਾ ਫ਼ੈਸਲਾ ਲੈਂਦਿਆਂ ਵਿਵਾਦਿਤ ਪ੍ਰਚਾਰਕ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਦੇ ਕਥਾ, ਕੀਰਤਨ ਅਤੇ ਧਾਰਮਿਕ ਪ੍ਰਚਾਰ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਇਸ ਆਦੇਸ ਤਹਿਤ ਦੇਸ਼-ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜੀਵਨ ਸਿੰਘ ਨੂੰ ਪ੍ਰਚਾਰ ਲਈ ਕੋਈ ਵੀ ਸਟੇਜ ਮੁਹੱਈਆ ਨਾ ਕਰਵਾਉਣ.
ਕਿਉਂ ਲਗਾਈ ਗਈ ਪਾਬੰਦੀ?
ਮਿਲੀ ਜਾਣਕਾਰੀ ਅਨੁਸਾਰ ਬਾਬਾ ਜੀਵਨ ਸਿੰਘ ਬਗੀਚੀ ਵਾਲੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ (ਗੁਰੂ ਰੁਤਬੇ) ਅਤੇ ਸਰਵਉੱਚਤਾ ਨੂੰ ਚੁਣੌਤੀ ਦੇਣ ਦੇ ਗੰਭੀਰ ਦੋਸ ਲੱਗੇ ਹਨ। ਉਨ੍ਹਾਂ ਵੱਲੋਂ ਆਪਣੇ ਦੀਵਾਨਾਂ ਦੌਰਾਨ ਸਿੱਖ ਸਿਧਾਂਤਾਂ ਅਤੇ ਗੁਰਮਤਿ ਮਰਯਾਦਾ ਦੇ ਉਲਟ ਕੀਤੇ ਗਏ ਪ੍ਰਚਾਰ ਦੀਆਂ ਕੁਝ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਸਿੰਘ ਸਾਹਿਬਾਨ ਦਾ ਸਖਤ ਰੁਖ
ਸੰਗਤਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਕਿ ਗੁਰਮਤਿ ਸਿਧਾਂਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਕਾਰਨ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਦੇ ਸਿੱਖੀ ਪ੍ਰਚਾਰ ਅਤੇ ਦੀਵਾਨ ਸਜਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਵਿਵਾਦਿਤ ਪ੍ਰਚਾਰਕਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਗੁਰਮਤਿ ਮਰਯਾਦਾਵਾਂ ਦਾ ਪਾਲਣ ਕਰਨ।