ਅਮਰੀਕਾ ਦੇ ਲੌਂਗ ਆਈਲੈਂਡ ’ਚ 15 ਸਾਲਾ ਨੌਜਵਾਨ ਦੇ ਕਤਲ ਮਾਮਲੇ ’ਚ 18 ਸਾਲਾ ਮੁਲਜ਼ਮ ਨੇ ਕਬੂਲਿਆ ਜੁਰਮ!

ਅਮਰੀਕਾ ਦੇ ਲੌਂਗ ਆਈਲੈਂਡ ’ਚ 15 ਸਾਲਾ ਨੌਜਵਾਨ ਦੇ ਕਤਲ ਮਾਮਲੇ ’ਚ 18 ਸਾਲਾ ਮੁਲਜ਼ਮ ਨੇ ਕਬੂਲਿਆ ਜੁਰਮ!

ਘਰੇਲੂ ਪਾਰਟੀ ਦੌਰਾਨ ਚਾਕੂ ਮਾਰ ਕੇ ਕੀਤੀ ਸੀ ਹੱਤਿਆ; 4 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ

ਨਿਊਯਾਰਕ, 16 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)-  ਅਮਰੀਕਾ ਦੇ ਨਿਊਯਾਰਕ ਸੂਬੇ ਦੇ ਲਾਂਗ ਆਈਲੈਂਡ ਵਿੱਚ ਇੱਕ ਘਰੇਲੂ ਪਾਰਟੀ ਦੌਰਾਨ 15 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ 18 ਸਾਲਾ ਏਡਨ ਜੈਕਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਹ ਘਟਨਾ 3 ਨਵੰਬਰ 2025 ਨੂੰ ਵੈਸਟ ਬੇਬਿਲੋਨ ਇਲਾਕੇ ਵਿੱਚ ਵਾਪਰੀ ਸੀ। ਮੁਲਜ਼ਮ ਨੇ ਵੀਰਵਾਰ, 15 ਅਕਤੂਬਰ 2026 ਨੂੰ ਅਦਾਲਤ ਵਿੱਚ ਪਹਿਲੀ ਡਿਗਰੀ ਦੇ ਮੈਨਸਲਾਟਰ (ਮਨੁੱਖੀ ਹੱਤਿਆ) ਦਾ ਦੋਸ਼ ਸਵੀਕਾਰ ਕੀਤਾ।
ਸੱਦੇ ਤੋਂ ਬਿਨਾਂ ਪਾਰਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼
ਸਫੌਕ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਅਨੁਸਾਰ, 3 ਨਵੰਬਰ 2025 ਨੂੰ ਵੈਸਟ ਬੇਬਿਲੋਨ ਦੇ ਕਾਰਲਟਨ ਰੋਡ ਸਥਿਤ ਇੱਕ ਘਰ ਵਿੱਚ ਪਾਰਟੀ ਚੱਲ ਰਹੀ ਸੀ, ਜਿਸ ਵਿੱਚ ਪੁਲਿਸ ਮੁਤਾਬਕ 90 ਤੋਂ 100 ਦੇ ਕਰੀਬ ਨੌਜਵਾਨ ਮੌਜੂਦ ਸਨ। ਸਿਓਸੈੱਟ ਦੇ ਰਹਿਣ ਵਾਲੇ ਏਡਨ ਜੈਕਰੀ ਨੇ ਪਾਰਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੱਦਾ ਨਾ ਹੋਣ ਕਾਰਨ ਉਸ ਨੂੰ ਉੱਥੋਂ ਜਾਣ ਲਈ ਕਿਹਾ ਗਿਆ। ਅਧਿਕਾਰੀਆਂ ਮੁਤਾਬਕ, ਇਸ ਤੋਂ ਬਾਅਦ ਉਸ ਦੀ 15 ਸਾਲਾ ਲਿਆਮ ਡੇਲੇਮੋ ਨਾਲ ਲੜਾਈ ਹੋ ਗਈ। ਇਸ ਦੌਰਾਨ ਜੈਕਰੀ ਨੇ ਚਾਕੂ ਕੱਢ ਕੇ ਡੇਲੇਮੋ ਦੇ ਪੇਟ ਅਤੇ ਬਾਂਹ ’ਤੇ ਵਾਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਸਮੇਂ ਮੁਲਜਮ ਦੀ ਉਮਰ 17 ਸਾਲ ਸੀ।
ਹਸਪਤਾਲ ਵਿੱਚ ਹੋਈ ਨੌਜਵਾਨ ਦੀ ਮੌਤ
ਲਿਆਮ ਡੇਲੇਮੋ ਦੇ ਮਾਪਿਆਂ ਨੇ ਮੀਡੀਆ ਨੂੰ ਦੱਸਿਆ ਕਿ ਪੁੱਤਰ ਨੂੰ ਚਾਕੂ ਮਾਰੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚੇ। ਮਾਂ ਮੁਤਾਬਕ, ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਦਾ ਪੁੱਤਰ ਹੋਸ਼ ਵਿੱਚ ਸੀ ਅਤੇ ਗੱਲ ਕਰ ਸਕਦਾ ਸੀ। ਉਸ ਨੇ ਆਪਣੇ ਮਾਪਿਆਂ ਨੂੰ ਕਿਹਾ, “ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਨੂੰ ਮੁਆਫ ਕਰਨਾ।” ਜ਼ਖ਼ਮੀ ਨੌਜਵਾਨ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਘਟਨਾ ਤੋਂ ਇੱਕ ਹਫ਼ਤੇ ਬਾਅਦ ਜੈਕਰੀ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਹੁਣ ਉਸ ਵੱਲੋਂ ਜੁਰਮ ਕਬੂਲ ਕੀਤੇ ਜਾਣ ਤੋਂ ਬਾਅਦ ਅਦਾਲਤ ਵਿੱਚ 4 ਨਵੰਬਰ 2026 ਨੂੰ ਸਜਾ ਸੁਣਾਈ ਜਾਣੀ ਹੈ। 
ਜ਼ਿਲ੍ਹਾ ਅਟਾਰਨੀ ਨੇ ਜਤਾਇਆ ਦੁੱਖ
ਸਫ਼ੌਕ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਰੇਮੰਡ ਟੀਅਰਨੀ ਨੇ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਨੇ ਇੱਕ ਵਿਵਾਦ ਨੂੰ ਖ਼ਤਰਨਾਕ ਹਥਿਆਰ ਦੀ ਵਰਤੋਂ ਕਰਕੇ ਹੋਰ ਗੰਭੀਰ ਬਣਾ ਦਿੱਤਾ, ਜਿਸ ਦੇ ਨਤੀਜੇ ਵਜੋਂ 15 ਸਾਲਾ ਬੱਚੇ ਦੀ ਦੁਖਦਾਈ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਬੇਮਤਲਬ ਹਿੰਸਕ ਘਟਨਾ ਨੇ ਦੋ ਪਰਿਵਾਰਾਂ ਦੀ ਜ਼ਿੰਦਗੀ ਹਮੇਸਾ ਲਈ ਬਦਲ ਦਿੱਤੀ ਹੈ। ਉਨ੍ਹਾਂ ਦੇ ਦਫ਼ਤਰ ਵੱਲੋਂ ਕਿਸੇ ਦੀ ਜਾਨ ਲੈਣ ਵਾਲਿਆਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਠਹਿਰਾਇਆ ਜਾਂਦਾ ਰਹੇਗਾ। ਉਨ੍ਹਾਂ ਨੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਲਈ ਹੋਮੀਸਾਈਡ ਬਿਊਰੋ ਦੀ ਕਾਰਵਾਈ ਦੀ ਵੀ ਸਲਾਘਾ ਕੀਤੀ।
ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਲਿਆਮ
ਮਾਪਿਆਂ ਅਨੁਸਾਰ, ਲਿਆਮ ਡੇਲੇਮੋ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਵੈਸਟ ਬੇਬਿਲੋਨ ਹਾਈ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪੜ੍ਹਾਈ ਵਿੱਚ ਚੰਗਾ ਸੀ ਅਤੇ ਆਨਰ ਰੋਲ ਵਿੱਚ ਸ਼ਾਮਲ ਸੀ। ਇਸ ਮਾਮਲੇ ਵਿੱਚ ਪਾਰਟੀ ਦੀ ਮੇਜ਼ਬਾਨੀ ਨਾਲ ਜੁੜੀ ਘਰ ਦੀ ਮਾਲਕਣ ਖ਼ਿਲਾਫ ਵੀ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਤਾਬਕ, ਉਸ ਨੇ ਆਪਣੇ ਪੋਤੇ ਜਾਂ ਪੋਤੀ ਨੂੰ ਘਰ ਵਿੱਚ ਪਾਰਟੀ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ’ਤੇ ਕਾਊਂਟੀ ਦੇ ਸੋਸ਼ਲ ਹੋਸਟ ਕਾਨੂੰਨ ਦੀ ਉਲੰਘਣਾ ਕਰਨ ਅਤੇ ਬੱਚੇ ਦੀ ਭਲਾਈ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਹਨ। ਇਹ ਘਟਨਾ ਅਮਰੀਕਾ ਵਿੱਚ ਨੌਜਵਾਨਾਂ ਵਿਚਾਲੇ ਹਿੰਸਕ ਝਗੜਿਆਂ ਅਤੇ ਪਾਰਟੀਆਂ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਮੁੜ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇੱਕ ਛੋਟੇ ਜਿਹੇ ਵਿਵਾਦ ਦਾ ਅੰਤ ਇੱਕ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਹੋਇਆ, ਜਿਸ ਦਾ ਦੁੱਖ ਉਸ ਦੇ ਮਾਪਿਆਂ ਨੂੰ ਸਾਰੀ ਉਮਰ ਸਹਿਣਾ ਪਵੇਗਾ।