ਅਮਰੀਕਾ ਦੇ ਓਰੇਗਨ ’ਚ ਸਕੂਲ ਅੰਦਰ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਦੀ ਮੌਤ

ਅਮਰੀਕਾ ਦੇ ਓਰੇਗਨ ’ਚ ਸਕੂਲ ਅੰਦਰ ਗੋਲੀਬਾਰੀ, ਤਿੰਨ ਬੱਚਿਆਂ ਸਮੇਤ ਚਾਰ ਦੀ ਮੌਤ

ਬੈਂਡ, ਓਰੇਗਨ/ਨਿਊਯਾਰਕ, 16 ਅਕਤੂਬਰ 2026 (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਓਰੇਗਨ ਸੂਬੇ ਦੇ ਸ਼ਹਿਰ ਬੈਂਡ ਵਿੱਚ ਸਥਿਤ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵੀਰਵਾਰ, 15 ਅਕਤੂਬਰ ਨੂੰ ਹੋਈ ਗੋਲੀਬਾਰੀ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਵਿੱਚ ਤਿੰਨ ਬੱਚਿਆਂ ਅਤੇ ਇੱਕ ਅਧਿਆਪਕ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਬੱਚੇ ਅਤੇ ਇੱਕ ਅਧਿਆਪਕ ਦੇ ਗੰਭੀਰ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਸ਼ੱਕੀ ਹਮਲਾਵਰ ਵੀ ਘਟਨਾ ਦੌਰਾਨ ਮਾਰਿਆ ਗਿਆ। 
ਸਕੂਲ ਦੇ ਦਰਵਾਜ਼ੇ ’ਤੇ ਗੋਲੀਬਾਰੀ ਕਰਕੇ ਅੰਦਰ ਦਾਖਲ ਹੋਇਆ ਹਮਲਾਵਰ
ਪੁਲਿਸ ਅਨੁਸਾਰ, ਘਟਨਾ ਦੀ ਸੂਚਨਾ ਵੀਰਵਾਰ ਦੁਪਹਿਰ ਕਰੀਬ 12:59 ਵਜੇ ਸਥਾਨਕ ਸਮੇਂ ਮਿਲੀ। ਸ਼ੁਰੂਆਤੀ ਕਾਲ ਵਿੱਚ ਸਕੂਲ ਨੇੜੇ ਇੱਕ ਕਾਰ ’ਤੇ ਗੋਲੀ ਚਲਾਉਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਐਮਰਜੈਂਸੀ ਨੰਬਰ 911 ’ਤੇ ਕਈ ਕਾਲਾਂ ਆਈਆਂ ਕਿ ਇੱਕ ਹਥਿਆਰਬੰਦ ਵਿਅਕਤੀ ਸਕੂਲ ਦੇ ਅੰਦਰ ਦਾਖਲ ਹੋ ਕੇ ਗੋਲੀਬਾਰੀ ਕਰ ਰਿਹਾ ਹੈ। ਪੁਲਿਸ ਮੁਖੀ ਅਨੁਸਾਰ, 16 ਸਾਲਾ ਸ਼ੱਕੀ ਨੇ ਬੰਦ ਦਰਵਾਜ਼ਿਆਂ ’ਤੇ ਗੋਲੀਆਂ ਚਲਾ ਕੇ ਸਕੂਲ ਵਿੱਚ ਦਾਖਲ ਹੋਣ ਦਾ ਰਸਤਾ ਬਣਾਇਆ। ਪੁਲਿਸ ਅਧਿਕਾਰੀ ਦੁਪਹਿਰ 1:02 ਵਜੇ ਮੌਕੇ ’ਤੇ ਪਹੁੰਚ ਗਏ ਸਨ। ਇੱਕ ਹਥਿਆਰਬੰਦ ਸਥਾਨਕ ਵਿਅਕਤੀ ਨੇ ਹਮਲਾਵਰ ਦਾ ਪਿੱਛਾ ਕਰਦਿਆਂ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਮਿ੍ਰਤਕ ਬੱਚਿਆਂ ਦੀ ਉਮਰ 5 ਤੋਂ 11 ਸਾਲ
ਰਿਪੋਰਟਾਂ ਅਨੁਸਾਰ, ਮਾਰੇ ਗਏ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ। ਇੱਕ ਹੋਰ 7 ਸਾਲਾ ਬੱਚੇ ਅਤੇ 54 ਸਾਲਾ ਅਧਿਆਪਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਸ਼ੁਰੂਆਤੀ ਰਿਪੋਰਟਾਂ ਵਿੱਚ ਮਿ੍ਰਤਕਾਂ ਦੇ ਨਾਂ ਜਨਤਕ ਨਹੀਂ ਕੀਤੇ ਸਨ। 
ਸਕੂਲ ਜ਼ਿਲ੍ਹੇ ਵਿੱਚ ਛੁੱਟੀਆਂ ਦਾ ਐਲਾਨ
ਘਟਨਾ ਤੋਂ ਬਾਅਦ ਪੁਲਿਸ ਨੇ ਸਕੂਲ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਾਰਵਾਈ ਕੀਤੀ। ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲਈ ਜਰਨੀ ਚਰਚ ਵਿਖੇ ਮਿਲਣ-ਮਿਲਾਉਣ ਦਾ ਕੇਂਦਰ ਬਣਾਇਆ ਗਿਆ। ਬੈਂਡ-ਲਾ ਪਾਈਨ ਸਕੂਲ ਜ਼ਿਲ੍ਹੇ ਨੇ ਸ਼ੁੱਕਰਵਾਰ, 16 ਅਕਤੂਬਰ ਨੂੰ ਸਾਰੇ ਸਕੂਲਾਂ ਵਿੱਚ ਕਲਾਸਾਂ ਅਤੇ ਹੋਰ ਗਤੀਵਿਧੀਆਂ ਰੱਦ ਕਰਨ ਦਾ ਐਲਾਨ ਕੀਤਾ।  ਓਰੇਗਨ ਦੀ ਗਵਰਨਰ ਟੀਨਾ ਕੋਟੇਕ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ। ਅਧਿਕਾਰੀਆਂ ਵੱਲੋਂ ਘਟਨਾ ਦੇ ਕਾਰਨਾਂ, ਹਮਲਾਵਰ ਦੀ ਪਛਾਣ ਅਤੇ ਉਸ ਦੇ ਸਕੂਲ ਨਾਲ ਕਿਸੇ ਸੰਬੰਧ ਬਾਰੇ ਜਾਂਚ ਕੀਤੀ ਜਾ ਰਹੀ ਹੈ।