ਨਿਊਯਾਰਕ ਦੇ ਕੁਈਨਜ਼ ’ਚ ਪੰਜ ਸਾਲਾ ਬੱਚੀ ਦੀ ਮੌਤ, ਕਤਲ ਦੇ ਸ਼ੱਕ ਹੇਠ ਜਾਂਚ; ਮਾਂ ਪੁਲਿਸ ਹਿਰਾਸਤ ’ਚ

ਨਿਊਯਾਰਕ ਦੇ ਕੁਈਨਜ਼ ’ਚ ਪੰਜ ਸਾਲਾ ਬੱਚੀ ਦੀ ਮੌਤ, ਕਤਲ ਦੇ ਸ਼ੱਕ ਹੇਠ ਜਾਂਚ; ਮਾਂ ਪੁਲਿਸ ਹਿਰਾਸਤ ’ਚ

ਨਿਊਯਾਰਕ, 15 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਕੁਈਨਜ਼ ਇਲਾਕੇ ਵਿੱਚ ਪੰਜ ਸਾਲਾ ਬੱਚੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ, 14 ਅਕਤੂਬਰ 2026 ਦੀ ਸ਼ਾਮ ਨੂੰ ਸਾਊਥ ਰਿਚਮੰਡ ਹਿੱਲ ਇਲਾਕੇ ਵਿੱਚ ਵਾਪਰੀ। ਨਿਊਯਾਰਕ ਪੁਲਿਸ ਵਿਭਾਗ ਵੱਲੋਂ ਮਾਮਲੇ ਦੀ ਕਤਲ ਦੇ ਸ਼ੱਕ ਹੇਠ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਕਰੀਬ 7 ਵਜੇ 110ਵੀਂ ਸਟ੍ਰੀਟ ਸਥਿਤ ਇੱਕ ਘਰ ਵਿੱਚ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ’ਤੇ ਪਹੁੰਚੇ। ਉੱਥੇ ਪੰਜ ਸਾਲਾ ਬੱਚੀ ਬੇਹੋਸ਼ ਅਤੇ ਬੇਸੁੱਧ ਹਾਲਤ ਵਿੱਚ ਮਿਲੀ। ਉਸ ਦੇ ਮੂੰਹ ਅਤੇ ਨੱਕ ਦੇ ਆਲੇ-ਦੁਆਲੇ ਖੂਨ ਹੋਣ ਦੀ ਵੀ ਰਿਪੋਰਟ ਸਾਹਮਣੇ ਆਈ ਹੈ। ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਟੀਮ ਬੱਚੀ ਨੂੰ ਤੁਰੰਤ ਜਮੈਕਾ ਹਸਪਤਾਲ ਮੈਡੀਕਲ ਸੈਂਟਰ ਲੈ ਕੇ ਗਈ, ਪਰ ਗੰਭੀਰ ਹਾਲਤ ਵਿੱਚ ਦਾਖਲ ਕਰਵਾਈ ਗਈ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। 
ਮਾਂ ਤੋਂ ਪੁੱਛਗਿੱਛ, ਮੌਤ ਦੇ ਕਾਰਨ ਦੀ ਜਾਂਚ ਜਾਰੀ
15 ਅਕਤੂਬਰ ਨੂੰ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ, ਬੱਚੀ ਦੀ ਮਾਂ ਨੇ ਹੀ 911 ’ਤੇ ਐਮਰਜੈਂਸੀ ਕਾਲ ਕੀਤੀ ਸੀ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕੁਝ ਅਮਰੀਕੀ ਮੀਡੀਆ ਸੰਸਥਾਵਾਂ ਨੇ ਦੱਸਿਆ ਕਿ ਕਾਲ ਦੌਰਾਨ ਮਾਂ ਨੇ ਬੱਚੀ ਨੂੰ ਮਾਰਨ ਬਾਰੇ ਕਥਿਤ ਤੌਰ ’ਤੇ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਜਾਂਚ ਦੇ ਇਸ ਪੜਾਅ ’ਤੇ ਮਾਂ ਵਿਰੁੱਧ ਦੋਸ਼ ਤੈਅ ਹੋਣ ਦੀ ਪੁਸ਼ਟੀ ਨਹੀਂ ਹੋਈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੀ ਮੌਤ ਦਾ ਅਧਿਕਾਰਤ ਕਾਰਨ ਨਿਰਧਾਰਤ ਕਰਨ ਲਈ ਮੈਡੀਕਲ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਅਹਿਮ ਹੋਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਮਾਂ ਦੀ ਪਛਾਣ ਫਰਾਂਸਿਸ ਕਾਬੇਲੋ ਵਜੋਂ ਕੀਤੀ ਗਈ ਹੈ।