ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਦੇ ਸ਼ੋਅ ਦੀ ਤਰੀਕ

ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਦੇ ਸ਼ੋਅ ਦੀ ਤਰੀਕ

ਹੁਣ 30 ਅਕਤੂਬਰ ਨੂੰ ਹੋਵੇਗਾ ਦਿਲਜੀਤ ਦਾ ‘ਔਰਾ ਇੰਡੀਆ ਟੂਰ’ ਦਾ ਦਿੱਲੀ ਸ਼ੋਅ
ਨਵੀਂ ਦਿੱਲੀ, 12 ਅਕਤੂਬਰ (ਪੰਜਾਬੀ ਰਾਈਟਰ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿਲਜੀਤ ਦੇ ‘ਔਰਾ ਇੰਡੀਆ ਟੂਰ’ (1ura 9ndia Tour) ਤਹਿਤ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਦੀ ਤਰੀਕ ਬਦਲ ਦਿੱਤੀ ਗਈ ਹੈ। ਪਹਿਲਾਂ ਇਹ ਸ਼ੋਅ 1 ਨਵੰਬਰ ਨੂੰ ਹੋਣਾ ਸੀ, ਪਰ ਹੁਣ ਇਹ 30 ਅਕਤੂਬਰ ਨੂੰ ਜੇ.ਐੱਨ.ਐੱਨ. ਸਟੇਡੀਅਮ (JNN Stadium) ਵਿੱਚ ਕਰਵਾਇਆ ਜਾਵੇਗਾ। ਇਹ ਫ਼ੈਸਲਾ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਲਿਆ ਗਿਆ ਹੈ। ਦਿਲਜੀਤ ਨੇ ਸੋਸ਼ਲ ਮੀਡੀਆ ਰਾਹੀਂ ਕੰਸਰਟ ਦੀ ਨਵੀਂ ਤਰੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
1 ਨਵੰਬਰ ਦੀ ਤਰੀਕ ਨੂੰ ਲੈ ਕੇ ਕੀ ਸੀ ਇਤਰਾਜ਼?
ਦਰਅਸਲ, 1 ਨਵੰਬਰ ਦਾ ਦਿਨ ਸਿੱਖ ਭਾਈਚਾਰੇ ਲਈ 1984 ਦੇ ਸਿੱਖ ਵਿਰੋਧੀ ਦੰਗਿਆਂ ਦੀਆਂ ਦਰਦਨਾਕ ਯਾਦਾਂ ਨਾਲ ਜੁੜਿਆ ਹੋਇਆ ਹੈ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਕਈ ਥਾਵਾਂ ’ਤੇ ਸਿੱਖ ਵਿਰੋਧੀ ਹਿੰਸਾ ਭੜਕ ਗਈ ਸੀ। ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਪੱਤਰ ਲਿਖ ਕੇ ਕੰਸਰਟ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ। ਕੌਂਸਲ ਨੇ ਕਿਹਾ ਕਿ ਇਸ ਅਪੀਲ ਦਾ ਮਕਸਦ ਦਿਲਜੀਤ ਦੇ ਸੰਗੀਤ ਜਾਂ ਉਨ੍ਹਾਂ ਦੇ ਪ੍ਰੋਗਰਾਮ ਦਾ ਵਿਰੋਧ ਕਰਨਾ ਨਹੀਂ, ਸਗੋਂ ਹਿੰਸਾ ਦੇ ਪੀੜਤ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ।
ਦਿਲਜੀਤ ਨੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਕੀਤਾ ਸਤਿਕਾਰ
ਦਿਲਜੀਤ ਦੋਸਾਂਝ ਨੇ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਦੇ ਕੰਸਰਟ ਦੀ ਤਰੀਕ 1 ਨਵੰਬਰ ਤੋਂ ਬਦਲ ਕੇ 30 ਅਕਤੂਬਰ ਕਰ ਦਿੱਤੀ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਸਵਾਗਤ ਮਿਲ ਰਿਹਾ ਹੈ। ਦਿਲਜੀਤ ਦਾ ‘ਔਰਾ ਇੰਡੀਆ ਟੂਰ’ 5 ਦਸੰਬਰ ਤੱਕ ਚੱਲੇਗਾ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਜ਼ਿਕਰਯੋਗ ਹੈ ਕਿ ਇਸੇ ਸਬੰਧ ’ਚ ਹੋਰਾਂ ਤੋਂ ਇਲਾਵਾ ਉੱਘੇ ਅਲੋਚਕ ਲੱਖਾ ਸਿਧਾਣਾ ਨੇ ਵੀ ਦਿਲਜੀਤ ਨੂੰ ਅਪੀਲ ਕੀਤੀ ਸੀ|