ਸਿਆਸੀ ਵਿਰੋਧੀਆਂ ਨੂੰ ਫੜ ਫੜ ਅੰਦਰ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਨੇ ਆਪਣੀ ਵਾਰ ਨੂੰ ਦਿੱਤੀ ਸਫਾਈ, ਸੀ.ਬੀ.ਆਈ. ਦੇ ਛਾਪਿਆਂ ਪਿੱਛੇ ਭਾਜਪਾ ਦਾ ਹੱਥ, ਮੇਰੇ ਸਾਥੀ ਦੁੱਧ ਧੋਤੇ!

ਸਿਆਸੀ ਵਿਰੋਧੀਆਂ ਨੂੰ ਫੜ ਫੜ ਅੰਦਰ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਨੇ ਆਪਣੀ ਵਾਰ ਨੂੰ ਦਿੱਤੀ ਸਫਾਈ, ਸੀ.ਬੀ.ਆਈ. ਦੇ ਛਾਪਿਆਂ ਪਿੱਛੇ ਭਾਜਪਾ ਦਾ ਹੱਥ, ਮੇਰੇ ਸਾਥੀ ਦੁੱਧ ਧੋਤੇ!

ਚੰਡੀਗੜ੍ਹ, 10 ਅਕਤੂਬਰ (ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਈ.ਡੀ. ਅਤੇ ਸੀ.ਬੀ.ਆਈ. ਦੇ ਛਾਪਿਆਂ ਪਿੱਛੇ ਭਾਜਪਾ ਦਾ ਹੱਥ ਹੈ। ਇਹ ਚੋਣਾਂ ਤੋਂ ਪਹਿਲਾਂ ਭਾਜਪਾ ਦਾ ‘ਕੰਮ ਕਰਨ’ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ ਨੂੰ ਛਾਪਿਆਂ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਅਤੇ ਉਹ ‘ਖ਼ਾਲੀ ਹੱਥ’ ਪਰਤ ਗਈ। ਮਾਨ ਨੇ ਕਿਹਾ ਕਿ ਉਹ ਪੰਜਾਬ ਅੰਦਰ ਬਦਲੀਆਂ ਦੇ ਪੈਸੇ ਖਾਣ ਲਈ ਸੱਤਾ ਵਿੱਚ ਨਹੀਂ ਆਏ। ਉਨ੍ਹਾਂ ਦਾ ਟੀਚਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਮਾਨ ਇੱਥੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਛਾਪੇ ਦੇਸ਼ ਦੇ ਹੋਰਨਾਂ ਰਾਜਾਂ ਛੱਤੀਸਗੜ੍ਹ, ਬੰਗਾਲ, ਦਿੱਲੀ, ਹਰਿਆਣਾ ਵਿੱਚ ਵੀ ਪੈ ਚੁੱਕੇ ਹਨ ਕਿਉਂਕਿ ਪੰਜਾਬ ਵਾਂਗ ਇਨ੍ਹਾਂ ਸੂਬਿਆਂ ਵਿੱਚ ਵੀ ਅਗਲੇ ਮਹੀਨਿਆਂ ’ਚ ਵਿਧਾਨ ਸਭਾ ਚੋਣਾਂ ਹਨ। ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ 8 ਘੰਟੇ ਜਾਂਚ ਕੀਤੀ, ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਇਹ ਛਾਪੇੇ ਪੰਜਾਬੀਆਂ ਨੂੰ ਨਹੀਂ ਡਰਾ ਸਕਦੇ। ਮਾਨ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਮੁਕਾਬਲਾ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਇਕਤਰਫ਼ਾ ਰਹੇਗਾ। ਆਮ ਆਦਮੀ ਪਾਰਟੀ ਮੁੜ ਪੰਜਾਬ ਅੰਦਰ ਸਰਕਾਰ ਬਣਾਏਗੀ ਕਿਉਂਕਿ ਕਾਂਗਰਸ ਆਪਸੀ ਫੁੱਟ ਦਾ ਸ਼ਿਕਾਰ ਹੈ, ਅਕਾਲੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਲੈ ਬੈਠੀ ਤੇ ਭਾਜਪਾ ਨੂੰ ਪੰਜਾਬੀ ਪਸੰਦ ਨਹੀਂ ਕਰਦੇ। ਨਸ਼ਿਆਂ ਦਾ ਵਪਾਰ ਗੁਜਰਾਤ ਸੂਬੇ ਰਾਹੀਂ ਕਰ ਕੇ ਪੰਜਾਬ ਨੂੰ ਮੁਫ਼ਤ ਵਿੱਚ ਬਦਨਾਮ ਕੀਤਾ ਜਾ ਰਹੈਿ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਅਸ਼ੋਕ ਕੁਮਾਰ ਲੱਖਾ, ਬਲਤੇਜ ਸਿੰਘ ਪੰਨੂ, ਦਲਵੀਰ ਸਿੰਘ ਢਿੱਲੋਂ ਆਦਿ ਆਗੂ ਹਾਜ਼ਰ ਸਨ।