‘ਦਸਤਾਰ ਪ੍ਰਾਈਡ 2026’ ਲਈ ਕੁਈਨਜ਼, ਲਾਂਗ ਆਇਲੈਂਡ ਤੇ ਨਿਊ ਜਰਸੀ ’ਚ ਆਊਟਰੀਚ ਮੁਹਿੰਮ ਮੁਕੰਮਲ

‘ਦਸਤਾਰ ਪ੍ਰਾਈਡ 2026’ ਲਈ ਕੁਈਨਜ਼, ਲਾਂਗ ਆਇਲੈਂਡ ਤੇ ਨਿਊ ਜਰਸੀ ’ਚ ਆਊਟਰੀਚ ਮੁਹਿੰਮ ਮੁਕੰਮਲ

ਨਿਊਯਾਰਕ, 5 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- 17 ਅਕਤੂਬਰ ਨੂੰ ਹੋਣ ਵਾਲੇ ‘ਦਸਤਾਰ ਪ੍ਰਾਈਡ 2026’ ਪ੍ਰੋਗਰਾਮ ਨੂੰ ਲੈ ਕੇ ਆਊਟਰੀਚ ਮੁਹਿੰਮ ਤਹਿਤ ਕੁਈਨਜ਼, ਲਾਂਗ ਆਇਲੈਂਡ ਅਤੇ ਨਿਊ ਜਰਸੀ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਟੀਮਾਂ ਵੱਲੋਂ ਸੰਗਤ, ਮਾਪਿਆਂ ਅਤੇ ਬੱਚਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ‘ਦਸਤਾਰ ਪ੍ਰਾਈਡ 2026’ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟਰ ਕਰਨ ਅਤੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਦਸਤਾਰ ਪ੍ਰਾਈਡ ਟੀਮ ਦੇ ਸਹਿਯੋਗ ਨਾਲ ਕੀਤੀ ਗਈ ਇਸ ਆਊਟਰੀਚ ਸੇਵਾ ਦੌਰਾਨ ਟੀਮ ਮੈਂਬਰਾਂ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚ ਕੇ ਦਸਤਾਰ ਦੀ ਮਹੱਤਤਾ, ਸਿੱਖ ਪਹਿਚਾਣ ਅਤੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਸਬੰਧੀ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਕੁਈਨਜ਼ ਅਤੇ ਲਾਂਗ ਆਇਲੈਂਡ ਖੇਤਰ ਵਿੱਚ ਟੀਮ ਵੱਲੋਂ ਸਿੱਖ ਸੈਂਟਰ ਆਫ ਨਿਊਯਾਰਕ – ਕੁਈਨਜ਼ ਵਿਲੇਜ, ਗੁਰਦੁਆਰਾ ਸੰਤ ਸਾਗਰ ਸਾਹਿਬ – ਬੈਲਰੋਜ਼, ਗੁਰਦੁਆਰਾ ਗੁਰੂ ਨਾਨਕ ਦਰਬਾਰ ਆਫ ਲਾਂਗ ਆਇਲੈਂਡ, ਗੁਰਦੁਆਰਾ ਸ਼ਹੀਦਾਂ, ਸਿੱਖ ਕਲਚਰਲ ਸੋਸਾਇਟੀ ਇੰਕ. ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ ਸਾਹਿਬ ਵਿਖੇ ਆਊਟਰੀਚ ਕੀਤੀ ਗਈ। ਇਸ ਮੌਕੇ ਸੰਗਤ ਅਤੇ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ‘ਦਸਤਾਰ ਪ੍ਰਾਈਡ 2026’ ਵਿੱਚ ਆਪਣੇ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸੇਵਾ ਵਿੱਚ ਆਪਣਾ ਕੀਮਤੀ ਸਮਾਂ ਅਤੇ ਸਹਿਯੋਗ ਦੇਣ ਵਾਲੇ ਇਰਵਿੰਦ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਮਿਨਹਾਸ, ਅਮਨਦੀਪ ਸਿੰਘ – ਸਟੀਲ ਮੈਨ, ਪ੍ਰਿਤਪਾਲ ਸਿੰਘ, ਰਮਨਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਨਿਊ ਜਰਸੀ ਵਿੱਚ ਗਲੇਨ ਰਾਕ ਗੁਰਦੁਆਰਾ ਸਾਹਿਬ ਅਤੇ ਓਕਲੈਂਡ ਗੁਰਦੁਆਰਾ ਸਾਹਿਬ ਵਿਖੇ ਵੀ ਆਊਟਰੀਚ ਸੇਵਾ ਕੀਤੀ ਗਈ। ਇਸ ਸੇਵਾ ਲਈ ਕਵਲਜੀਤ ਸਿੰਘ ਅਤੇ ਜੰਗ ਪ੍ਰਤਾਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਨਿਊ ਜਰਸੀ ਦੀ ਸਮੁੱਚੀ ਟੀਮ ਵੱਲੋਂ ਇਸ ਉਪਰਾਲੇ ਵਿੱਚ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ। ‘ਦਸਤਾਰ ਪ੍ਰਾਈਡ’ ਟੀਮ ਵੱਲੋਂ ਕਿਹਾ ਗਿਆ ਕਿ ਕੁਈਨਜ਼, ਲਾਂਗ ਆਇਲੈਂਡ ਅਤੇ ਨਿਊ ਜਰਸੀ ਦੀਆਂ ਟੀਮਾਂ ਵੱਲੋਂ ਇੱਕੋ ਮਕਸਦ ਲਈ ਮਿਲ ਕੇ ਕੀਤੀ ਗਈ ਸੇਵਾ ਇੱਕ ਪ੍ਰੇਰਣਾਦਾਇਕ ਉਪਰਾਲਾ ਹੈ। ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦਿਆਂ ਅਤੇ ਆਪਸੀ ਸਹਿਯੋਗ ਨਾਲ ਟੀਮਾਂ ਨੇ ਵੱਧ ਤੋਂ ਵੱਧ ਪਰਿਵਾਰਾਂ ਅਤੇ ਬੱਚਿਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ। ਟੀਮ ਵੱਲੋਂ ਸਾਰੇ ਮੈਂਬਰਾਂ ਦਾ ਉਨ੍ਹਾਂ ਦੇ ਕੀਮਤੀ ਸਮੇਂ, ਸਹਿਯੋਗ ਅਤੇ ਨਿਸ਼ਕਾਮ ਸੇਵਾ ਲਈ ਦਿਲੋਂ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ 17 ਅਕਤੂਬਰ ਦੇ ‘ਦਸਤਾਰ ਪ੍ਰਾਈਡ 2026’ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਹੁਣ ਤੱਕ ਮਿਲੇ ਪਰਿਵਾਰਾਂ ਨਾਲ ਮੁੜ ਸੰਪਰਕ ਕਰਨ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਕੀਤੀ ਗਈ। ‘ਦਸਤਾਰ ਪ੍ਰਾਈਡ 2026’ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਦਸਤਾਰ, ਸਿੱਖ ਪਹਿਚਾਣ ਅਤੇ ਵਿਰਾਸਤ ਨਾਲ ਜੋੜਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਇਸ ਉਪਰਾਲੇ ਵਿੱਚ ਸਮੂਹ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।