ਅੰਮਿ੍ਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

ਅੰਮਿ੍ਤਸਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਪੁਲਿਸ ਵੱਲੋਂ ਜਾਂਚ ਜਾਰੀ

ਅੰਮਿ੍ਤਸਰ, 3 ਅਕਤੂਬਰ (ਪੰਜਾਬੀ ਰਾਈਟਰ)- ਅੰਮਿ੍ਰਤਸਰ ਵਿੱਚ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਲੋਹਾਰਕਾ ਰੋਡ ’ਤੇ ਵਾਪਰੀ, ਜਿੱਥੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਮੈਡ ਸੰਧੂ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਕਾਰਨ ਮੈਡ ਸੰਧੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮਾਮਲੇ ਵਿੱਚ ਕੁਝ ਅਹਿਮ ਸੁਰਾਗ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ, ਮੈਡ ਸੰਧੂ ਦੀ ਹੱਤਿਆ ਪਿੱਛੇ ਅਸਲ ਕਾਰਨ ਕੀ ਸੀ, ਇਸ ਬਾਰੇ ਹਾਲੇ ਪੁਲਿਸ ਵੱਲੋਂ ਕੋਈ ਅੰਤਿਮ ਪੁਸ਼ਟੀ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ’ਤੇ ਕਤਲ ਦੇ ਕਾਰਨ ਅਤੇ ਕਥਿਤ ਮੁਲਜ਼ਮਾਂ ਸਬੰਧੀ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ। ਪੁਲਿਸ ਵੱਲੋਂ ਘਟਨਾ ਵਾਲੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫ਼ੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਅਤੇ ਪੁਲਿਸ ਵੱਲੋਂ ਅਧਿਕਾਰਤ ਜਾਣਕਾਰੀ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਹੱਤਿਆ ਦੇ ਕਾਰਨਾਂ ਅਤੇ ਹਮਲਾਵਰਾਂ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। 
ਪੁਲਿਸ ਕਮਿਸ਼ਨਰ (ਸੀ.ਪੀ.) ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦੇ ਪੁੱਤਰ ਸੰਧੂ ਨੇ ਹਮਲਾ ਹੋਣ ਵੇਲੇ ਆਪਣੀ ਕਾਰ ਧੋਣ ਲਈ ਦਿੱਤੀ ਹੋਈ ਸੀ। ਉਹ ਅੰਮਿ੍ਰਤਸਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀ ਇੱਕ ਰਿਹਾਇਸ਼ੀ ਕਲੋਨੀ ਵਿੱਚ ਰਹਿੰਦਾ ਸੀ। ਗਿੱਲ ਨੇ ਕਿਹਾ, ਪੁਲਿਸ ਕੋਲ ਠੋਸ ਸੁਰਾਗ ਹਨ ਅਤੇ ਅਸੀਂ ਜਲਦੀ ਹੀ ਦੋਸ਼ੀਆਂ ਨੂੰ ਫੜ ਲਵਾਂਗੇ ਅਤੇ ਉਨ੍ਹਾਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਵਾਂਗੇ। ਰਿਪੋਰਟਾਂ ਅਨੁਸਾਰ, ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਥਿਤ ਤੌਰ ’ਤੇ ਲੋਹਾਰਕਾ ਰੋਡ ’ਤੇ ਸੰਧੂ ’ਤੇ ਗੋਲੀਬਾਰੀ ਕੀਤੀ। ਉਸ ਨੂੰ ਕਈ ਗੋਲੀਆਂ ਲੱਗੀਆਂ ਅਤੇ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦੀ ਮੌਤ ਹੋ ਗਈ। ਗੋਲੀਬਾਰੀ ਤੋਂ ਬਾਅਦ ਦੀ ਘਟਨਾ ਨੂੰ ਦਰਸਾਉਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਵਿੱਚ ਸੰਧੂ ਸੜ੍ਹਕ ’ਤੇ ਜ਼ਖਮੀ ਪਿਆ ਦਿਖਾਇਆ ਗਿਆ ਹੈ ਜਦੋਂ ਕਿ ਉਸਦੇ ਸਾਥੀ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਮੌਕੇ ’ਤੇ ਖਾਲੀ ਗੋਲੀਆਂ ਦੇ ਖੋਲ ਵੀ ਦੇਖੇ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਦੋ ਖਾਲੀ ਖੋਲ ਬਰਾਮਦ ਕੀਤੇ ਹਨ ਅਤੇ ਹਮਲਾਵਰਾਂ ਦੀ ਪਛਾਣ ਕਰਨ ਅਤੇ ਗਿ੍ਰਫ਼ਤਾਰ ਕਰਨ ਲਈ ਇੱਕ ਟੀਮ ਬਣਾਈ ਹੈ। 
ਦੱਸਣਯੋਗ ਹੈ ਕਿ ਮੈਡ ਸੰਧੂ ਦੀ ਸਰੀਰਕ ਸਥਿਤੀ ਇਤਰਾਜ਼ਯੋਗ ਹੋਣ ਕਾਰਨ ਉਸਨੂੰ ਸੋਸ਼ਲ ਮੀਡੀਆ ਉੱਤੇ ਟਰੋਲ ਵੀ ਕੀਤਾ ਜਾਂਦਾ ਸੀ ਪਰ ਫਿਰ ਵੀ ਉਹਨੇ ਆਪਣਾ ਕਾਰੋਬਾਰ ਤੋਰਿਆ ਹੋਇਆ ਸੀ। ਉਸਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਹੀ ਫਾਲੋਅਰਜ਼ ਵੀ ਸਨ। ਮੈਡ ਸੰਧੂ ਦੀ ਮੌਤ ਦੀ ਖ਼ਬਰ ਫ਼ੈਲਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।