2 ਡਾਲਰ ਵਾਲੇ ਆਨਲਾਈਨ ਸ਼ਿਪਿੰਗ ਲੇਬਲ ਵੇਚਣ ਵਾਲੇ ਦੋਸ਼ੀ  ਕਾਰਨ ਯੂ.ਪੀ.ਐੱਸ.ਸੀ. ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ 

2 ਡਾਲਰ ਵਾਲੇ ਆਨਲਾਈਨ ਸ਼ਿਪਿੰਗ ਲੇਬਲ ਵੇਚਣ ਵਾਲੇ ਦੋਸ਼ੀ  ਕਾਰਨ ਯੂ.ਪੀ.ਐੱਸ.ਸੀ. ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ 

ਵਾਸ਼ਿੰਗਟਨ, 2 ਅਕਤੂਬਰ (ਅਰਜਨ ਰਿਆੜ, ਧੀਰਜ ਛੋਕਰਾਂ)- ਬੀਤੀ 22 ਸਤੰਬਰ 2026 ਨੂੰ ਇੱਕ ਫੈੱਡਰਲ ਗ੍ਰੈਂਡ ਜਿਊਰੀ ਨੇ 33 ਸਾਲਾ ਫ਼ਹੀਮ ਅਕਰਮ ਵਿਰੁੱਧ 10 ਦੋਸ਼ਾਂ ਵਾਲਾ ਦੋਸ਼ ਪੱਤਰ ਦਾਇਰ ਕੀਤਾ। ਇਹ ਮਾਮਲਾ ਕਥਿਤ ਤੌਰ ’ਤੇ ਨਕਲੀ ਡਾਕ ਟਿਕਟਾਂ/ਲੇਬਲਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਜਿਸ ਬਾਰੇ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਸ ਨਾਲ ਯੂ.ਐੱਸ. ਪੋਸਟਲ ਸਰਵਿਸ (USPS) ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਫੈੱਡਰਲ ਵਕੀਲਾਂ ਦਾ ਦੋਸ਼ ਹੈ ਕਿ ਅਕਰਮ 'Labels2ank.com' ਨਾਮਕ ਇੱਕ ਅਣਅਧਿਕਾਰਤ ਵੈੱਬਸਾਈਟ ਚਲਾਉਂਦਾ ਸੀ, ਜੋ ਆਨਲਾਈਨ ਨਕਲੀ USPS ਸ਼ਿਪਿੰਗ ਲੇਬਲ ਵੇਚਦੀ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਇਹ ਲੇਬਲ ਆਮ ਤੌਰ ’ਤੇ ਲਗਭਗ 2 ਡਾਲਰ ਪ੍ਰਤੀ ਲੇਬਲ ਦੀ ਇੱਕ ਨਿਸ਼ਚਿਤ ਕੀਮਤ ’ਤੇ ਵੇਚੇ ਜਾਂਦੇ ਸਨ, ਭਾਵੇਂ ਪੈਕੇਜ ਦਾ ਭਾਰ, ਆਕਾਰ ਜਾਂ ਮੰਜ਼ਿਲ ਕੁਝ ਵੀ ਹੋਵੇ। ਇਨ੍ਹਾਂ ਨਕਲੀ ਲੇਬਲਾਂ ਕਾਰਨ ਗਾਹਕ ਕਥਿਤ ਤੌਰ ’ਤੇ ਜਾਇਜ਼ USPS ਦਰਾਂ ਨਾਲੋਂ ਬਹੁਤ ਘੱਟ ਕੀਮਤ ’ਤੇ ਪੈਕੇਜ ਭੇਜ ਸਕਦੇ ਸਨ, ਜਿਸ ਨਾਲ ਹੋਏ ਮਾਲੀਏ ਦੇ ਨੁਕਸਾਨ ਅਤੇ ਸ਼ਿਪਿੰਗ ਖਰਚਿਆਂ ਦੀ ਜ਼ਿੰਮੇਵਾਰੀ ਪੋਸਟਲ ਸਰਵਿਸ ’ਤੇ ਪੈ ਜਾਂਦੀ ਸੀ।
ਜਾਂਚਕਰਤਾਵਾਂ ਅਨੁਸਾਰ, 5,200 ਤੋਂ ਵੱਧ ਲੋਕਾਂ ਨੇ 5.1 ਮਿਲੀਅਨ ਤੋਂ ਵੱਧ ਨਕਲੀ ਸ਼ਿਪਿੰਗ ਲੇਬਲ ਖਰੀਦਣ ਲਈ Labels2ank.com ਦੀ ਵਰਤੋਂ ਕੀਤੀ। ਫੈੱਡਰਲ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਸਕੀਮ ਕਾਰਨ USPS ਨੂੰ 126 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਜਾਂਚ ਦੇ ਹਿੱਸੇ ਵਜੋਂ, ਅਧਿਕਾਰੀਆਂ ਨੇ Labels2ank.com ਵੈੱਬਸਾਈਟ ਨੂੰ ਜ਼ਬਤ ਕਰਨ ਅਤੇ ਬੰਦ ਕਰਨ ਲਈ ਅਦਾਲਤੀ ਹੁਕਮ ਪ੍ਰਾਪਤ ਕੀਤਾ। ਅਕਰਮ ’ਤੇ ਅਮਰੀਕਾ ਨਾਲ ਧੋਖਾਧੜ੍ਹੀ ਕਰਨ ਅਤੇ ਨਕਲੀ ਡਾਕ ਟਿਕਟਾਂ/ਲੇਬਲ ਬਣਾਉਣ ਤੇ ਵੇਚਣ ਦੀ ਸਾਜ਼ਿਸ਼ ਰਚਣ ਦਾ ਇੱਕ ਦੋਸ਼, ਨਕਲੀ ਡਾਕ ਲੇਬਲ ਬਣਾਉਣ ਅਤੇ ਵੇਚਣ ਦੇ ਪੰਜ ਦੋਸ਼, ਅਤੇ ‘ਵਾਇਰ ਫਰਾਡ’ (ਇਲੈਕਟ੍ਰਾਨਿਕ ਸਾਧਨਾਂ ਰਾਹੀਂ ਧੋਖਾਧੜ੍ਹੀ) ਦੇ ਚਾਰ ਦੋਸ਼ ਲਗਾਏ ਗਏ। ਸਾਜ਼ਿਸ਼ ਅਤੇ ਨਕਲੀ ਡਾਕ ਟਿਕਟਾਂ/ਲੇਬਲਾਂ ਨਾਲ ਸਬੰਧਤ ਹਰੇਕ ਦੋਸ਼ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ‘ਵਾਇਰ ਫਰਾਡ’ ਦੇ ਹਰੇਕ ਦੋਸ਼ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀਆਂ ਨੇ ਜਨਤਕ ਤੌਰ ’ਤੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਅਕਰਮ ਨੇ ਇਸ ਵੈੱਬਸਾਈਟ ਤੋਂ ਕਥਿਤ ਤੌਰ ’ਤੇ ਕਿੰਨੇ ਪੈਸੇ ਕਮਾਏ, ਅਤੇ ਨਾ ਹੀ ਉਨ੍ਹਾਂ ਨੇ ਸਾਈਟ ਰਾਹੀਂ ਲੇਬਲ ਖਰੀਦਣ ਵਾਲੇ ਹਜ਼ਾਰਾਂ ਲੋਕਾਂ ਵਿੱਚੋਂ ਕਿਸੇ ਵਿਰੁੱਧ ਕੋਈ ਦੋਸ਼ ਲਗਾਉਣ ਦਾ ਐਲਾਨ ਕੀਤਾ ਹੈ।