ਪੰਜਾਬ ਕਾਂਗਰਸ ’ਚ ਸੰਕਟ ਵਧਿਆ, ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼!

ਪੰਜਾਬ ਕਾਂਗਰਸ ’ਚ ਸੰਕਟ ਵਧਿਆ, ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼!

ਚੰਡੀਗੜ੍ਹ, 1 ਅਕਤੂਬਰ (ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਵਿਚ ਅੰਦਰੂਨੀ ਕਲੇਸ਼ ਵਧਣ ਤੋ ਬਾਅਦ ਅਸਤੀਫ਼ਾ ਦੇਣ ਦੇ ਚਰਚੇ ਹਨ। ਦੂਜੇ ਪਾਸੇ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਬਲਕਿ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਵਿਜੈਇੰਦਰ ਸਿੰਗਲਾ ਜਾਂ ਪਰਗਟ ਸਿੰਘ ਦੇ ਬਣਨ ਦੇ ਚਰਚੇ ਹਨ। ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਹਾਈ ਕਮਾਂਡ ਨੂੰ ਸੁਨੇਹਾ ਭੇਜਿਆ ਹੈ ਕਿ ਜੇ ਉਨ੍ਹਾਂ ਦੇ ਅਸਤੀਫ਼ੇ ਨਾਲ ਪੰਜਾਬ ਕਾਂਗਰਸ ਪਾਰਟੀ ਇਕਜੁੱਟ ਹੁੰਦੀ ਹੈ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਜਲੰਧਰ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਦੌੜ ਵਿਚ ਸ਼ਾਮਲ ਹਨ। ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈ ਕਮਾਂਡ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਨਾਂ ’ਤੇ ਮੋਹਰ ਲਾ ਦੇਵੇਗੀ। ਇਸ ਤੋਂ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਹਾਈ ਕਮਾਂਡ ਨੇ ਤਿੰਨ ਨਾਂ ਸ਼ਾਰਟਲਿਸਟ ਕੀਤੇ ਹਨ। ਸਾਬਕਾ ਮੰਤਰੀ ਪਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਵਜੋਂ ਸੇਵਾ ਨਿਭਾਅ ਚੁੱਕੇ ਹਨ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ ਪੀ.ਪੀ.ਸੀ.ਸੀ. ਵਿੱਚ ਮੀਤ ਪ੍ਰਧਾਨ ਰਹਿਣ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਹਨ, ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ, ਪਾਰਟੀ ਹਾਈਕਮਾਂਡ ਵੱਲੋਂ ਆਗੂਆਂ ਦੇ ਤਿੰਨ ਮੈਂਬਰੀ ਪੈਨਲ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਵੱਲੋਂ ਪੀ.ਪੀ.ਸੀ.ਸੀ. ਪ੍ਰਧਾਨ ਦੇ ਅਹੁਦੇ ਲਈ ਸੂਬਾ ਇਕਾਈ ਵਿੱਚੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਸੂਚਨਾ ਹੈ।
ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੇ ਇਸ ਮਾਮਲੇ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸਲਾਹ-ਮਸ਼ਵਰਾ ਕੀਤਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ—ਜੋ ਹੁਣ ਭਾਜਪਾ ਵਿੱਚ ਹਨ—ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਅਜਿਹੀ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਗਾਂਧੀ ਪਰਿਵਾਰ ਨਾਲ ਆਪਣੇ ਨਿੱਜੀ ਸਬੰਧ ਹੋਣ ਦੀ ਗੱਲ ਜ਼ਰੂਰ ਸਵੀਕਾਰ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਾਂਗਰਸ ਪਾਰਟੀ ਵਿੱਚ ਵਾਪਸੀ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਦਫ਼ਤਰ ਵੱਲੋਂ ਪੰਜਾਬ ਦੇ ਪਾਰਟੀ ਹਲਕਿਆਂ ਵਿੱਚ ਵੜਿੰਗ ਅਤੇ ਹੋਰ ਆਗੂਆਂ ਬਾਰੇ ਕੁਝ ਗੁਪਤ ਪੁੱਛਗਿੱਛ ਵੀ ਕੀਤੀ ਗਈ ਹੈ। ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਨਵਾਂ ਚਿਹਰਾ ਉਹ ਵਿਅਕਤੀ ਹੋਵੇਗਾ ਜੋ ਵੜਿੰਗ ਵਿਰੋਧੀ ਖੇਮੇ ਨਾਲ ਤਾਲਮੇਲ ਰੱਖ ਸਕੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲ ਸਕੇ। ਇਸ ਐਲਾਨ ਤੋਂ ਪਹਿਲਾਂ, ਕਈ ਸੀਨੀਅਰ ਆਗੂ ਦਿੱਲੀ ਵਿੱਚ ਡੇਰਾ ਲਾਈ ਬੈਠੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੁਣਿਆ ਜਾਣ ਵਾਲਾ ਆਗੂ ਚੰਨੀ ਦੇ ਖੇਮੇ ਦੇ ਅਨੁਕੂਲ ਹੋਵੇ।