ਕਿਸਾਨਾਂ ਜਥੇਬੰਦੀ ਨੇ ਕੀਤਾ ਸਿਆਸੀ ਧਿਰਾਂ ਤੋਂ ਸਵਾਲ ਪੁੱਛਣ ਦਾ ਫ਼ੈਸਲਾ!

ਕਿਸਾਨਾਂ ਜਥੇਬੰਦੀ ਨੇ ਕੀਤਾ ਸਿਆਸੀ ਧਿਰਾਂ ਤੋਂ ਸਵਾਲ ਪੁੱਛਣ ਦਾ ਫ਼ੈਸਲਾ!

ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਨੇ ਨਸ਼ਿਆਂ ਅਤੇ ਪੁਲੀਸ ਜਬਰ ਰੋਕਣ ਲਈ ਚਰਚਾ ਕੀਤੀ
ਚੰਡੀਗੜ੍ਹ, 28 ਸਤੰਬਰ (ਪੰਜਾਬੀ ਰਾਈਟਰ)- ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਐਤਵਾਰ ਨੂੰ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਪੁਲੀਸ ਜਬਰ ਖ਼ਤਮ ਕਰਨ ਸਣੇ ਹੋਰਨਾਂ ਸਮਾਜਿਕ ਮੁੱਦਿਆਂ ’ਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਦੌਰਾਨ ਐੱਸ.ਕੇ.ਐੱਮ. (ਗ਼ੈਰ-ਸਿਆਸੀ) ਸਣੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ 36 ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਧਾਰਮਿਕ, ਸਮਾਜਿਕ ਅਤੇ ਨੌਜਵਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਾਰੀਆਂ ਧਿਰਾਂ ਨੇ ਫ਼ੈਸਲਾ ਲਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਪਿੰਡਾਂ ਵਿੱਚ ਨਸ਼ਿਆਂ, ਪੁਲੀਸ ਜਬਰ ਅਤੇ ਕਿਸਾਨੀ ਮੁੱਦਿਆਂ ਸਬੰਧੀ ਬੋਰਡ ਲਾਏ ਜਾਣਗੇ। ਇਸ ਦੇ ਨਾਲ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਇਨ੍ਹਾਂ ਮੁੱਦਿਆਂ ’ਤੇ ਸਵਾਲ ਪੁੱਛੇ ਜਾਣਗੇ।
ਮੋਰਚੇ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਅਮਰਜੀਤ ਸਿੰਘ, ਸੁਖਦੇਵ ਸਿੰਘ ਭੋਜਰਾਜ ਅਤੇ ਮਨਜੀਤ ਸਿੰਘ ਸਿੰਘ ਰਾਏ ਨੇ ਕਿਹਾ ਕਿ ਅੱਜ ਚਰਚਾ ਦੌਰਾਨ ਤਿੰਨ ਦਰਜਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਆਗੂਆਂ ਨੇ ਸੂਬੇ ਵਿੱਚੋਂ ਨਸ਼ਿਆਂ ਅਤੇ ਪੁਲੀਸ ਜਬਰ ਖ਼ਤਮ ਕਰਨ ਲਈ ਵਿਚਾਰ ਰੱਖੇ। ਇਨ੍ਹਾਂ ਮੁੱਦਿਆਂ ਵਿਰੁੱਧ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਲੋਕ ਹਿੱਤ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਲਈ ਕਮੇਟੀ ਬਣਾਈ ਗਈ ਹੈ। ਇਸ ਮੌਕੇ ਸਤਨਾਮ ਸਿੰਘ ਬਾਗੜੀਆਂ, ਕਾਕਾ ਸਿੰਘ ਕੋਟੜਾ, ਅਜੇਪਾਲ ਸਿੰਘ ਬਰਾੜ, ਹਰਚਰਨ ਸਿੰਘ ਹਵਾਰਾ, ਪਰਮਜੀਤ ਸਿੰਘ ਗਾਜ਼ੀ, ਪਰਮਜੀਤ ਸਿੰਘ ਮੰਡ, ਰੋਮਨ ਜੀਤ ਸਿੰਘ, ਸੁਖਵਿੰਦਰ ਸਿੰਘ ਢਿੱਲਵਾਂ, ਅਮਰਿੰਦਰ ਸਿੰਘ ਹੈਪੀ, ਮਲਕੀਤ ਸਿੰਘ ਮਲਵਈ, ਸ਼ੇਰਾ ਅਠਵਾਲ, ਰਜਿੰਦਰ ਸਿੰਘ ਜਫਰਵਾਲ, ਸੋਨੂ ਔਲਖ, ਬਲਜੀਤ ਸਿੰਘ ਤੱਗੜ, ਕਵਲਜੀਤ ਸਿੰਘ ਖ਼ੁਸ਼ਹਾਲਪੁਰ, ਗੁਰਦੀਪ ਸਿੰਘ ਬਠਿੰਡਾ, ਲੱਖਾ ਸਿਧਾਣਾ, ਨਵਦੀਪ ਜਲਵੇੜਾ, ਭਾਨਾ ਸਿੱਧੂ, ਮੋਹਣਜੀਤ ਸਿੰਘ ਸ਼ੇਰੋਂ ਆਦਿ ਨੇ ਵਿਚਾਰ ਰੱਖੇ।