ਐੱਸ.ਆਈ.ਆਰ. ਦੌਰਾਨ ਜਿਨ੍ਹਾਂ ਦੇ ਨਾਂ ਕੱਟੇ ਗਏ, ਉਹ ਆਪਣਾ ਨਾਂ ਜੋੜਨ ਲਈ ਕਰ ਸਕਦੇ ਹਨ ਅਪਲਾਈ-  ਚੋਣ ਕਮਿਸ਼ਨਰ

ਐੱਸ.ਆਈ.ਆਰ. ਦੌਰਾਨ ਜਿਨ੍ਹਾਂ ਦੇ ਨਾਂ ਕੱਟੇ ਗਏ, ਉਹ ਆਪਣਾ ਨਾਂ ਜੋੜਨ ਲਈ ਕਰ ਸਕਦੇ ਹਨ ਅਪਲਾਈ-  ਚੋਣ ਕਮਿਸ਼ਨਰ

ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਲਿਆ ਫ਼ੈਸਲਾ


ਨਵੀਂ ਦਿੱਲੀ, 27 ਸਤੰਬਰ (ਪੰਜਾਬੀ ਰਾਈਟਰ)- ਐੱਸ.ਆਈ. ਆਰ. ’ਤੇ ਵਿਵਾਦ ਦੇ ਵਿਚਕਾਰ ਚੋਣ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਂ ਕੱਟ ਗਏ ਹਨ, ਉਹ ਨਾਂ ਜੋੜਨ ਲਈ ਅਪਲਾਈ ਕਰ ਸਕਦੇ ਹਨ। ਅਫ਼ਸਰ ਘਰ-ਘਰ ਜਾ ਕੇ ਉਨ੍ਹਾਂ ਦੇ ਦਸਤਾਵੇਜ਼ ਇਕੱਠੇ ਕਰਨਗੇ ਅਤੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅੱਪਲੋਡ ਕਰਨਗੇ। ਇਨ੍ਹਾਂ ’ਤੇ ਤੈਅ ਸਮੇਂ ਦੇ ਅੰਦਰ ਰੀਜਨਲ ਇਲੈਕਟੋਰਲ ਅਫ਼ਸਰ ਫ਼ੈਸਲਾ ਲਵੇਗਾ। ਦਿੱਲੀ ਦੇ ਨਿਰਵਾਚਨ ਭਵਨ ਵਿੱਚ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ। ਇਸ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਮੌਜੂਦ ਰਹੇ। ਐੱਸ.ਆਈ.ਆਰ. ਦੌਰਾਨ ਹੁਣ ਤੱਕ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਡਰਾਫ਼ਟ ਵੋਟਰ ਲਿਸਟ ਵਿੱਚੋਂ 13.37 ਕਰੋੜ ਨਾਂ ਘੱਟ ਹੋਏ ਹਨ। ਚੋਣ ਕਮਿਸ਼ਨ ਮੁਤਾਬਕ ਦੇਸ਼ ਵਿੱਚ ਕੁੱਲ 97.98 ਕਰੋੜ ਤੋਂ ਵੱਧ ਵੋਟਰ ਹਨ ਯਾਨੀ ਲਗਭਗ 14% ਵੋਟਰਾਂ ਦੇ ਨਾਂ ਐੱਸ.ਆਈ.ਆਰ. ਵਿੱਚ ਕੱਟੇ ਗਏ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਦਿੱਲੀ, ਮਹਾਰਾਸ਼ਟਰ ਵਿੱਚ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਤਾਰੀਖ 30 ਅਕਤੂਬਰ 2026 ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਵਿੱਚ ਵਿਵਾਦ ਦਾ ਨਿਪਟਾਰਾ 30 ਨਵੰਬਰ ਅਤੇ ਮਹਾਰਾਸ਼ਟਰ ਵਿੱਚ ਨਿਪਟਾਰਾ 10 ਨਵੰਬਰ ਤੱਕ ਕਰਨਾ ਹੋਵੇਗਾ। ਗੋਆ ਵਿੱਚ ਜਿਨ੍ਹਾਂ ਵੋਟਰਾਂ ਦਾ ਨਾਂ ਕੱਟਿਆ ਗਿਆ ਹੈ, ਉੱਥੇ ਬਲਾਕ ਅਫ਼ਸਰ ਘਰ-ਘਰ ਜਾ ਕੇ ਫ਼ਾਰਮ-6 ਇਕੱਠਾ ਕਰੇਗਾ। ਐੱਸ.ਆਈ.ਆਰ. ਵਿੱਚ ਜੇਕਰ ਤੁਹਾਡਾ ਨਾਂ ਲਿਸਟ ਵਿੱਚ ਨਹੀਂ ਹੈ ਜਾਂ ਛੁੱਟ ਗਿਆ ਹੈ ਤਾਂ ਫ਼ਾਰਮ-6 ਰਾਹੀਂ ਨਾਂ ਸ਼ਾਮਲ ਕਰਵਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਕਮਿਸ਼ਨ ਨੇ ਕਿਹਾ ਕਿ ਫ਼ਾਰਮ-6 ’ਤੇ ਕੋਈ ਵਿਵਾਦ ਹੈ ਹੀ ਨਹੀਂ। ਫ਼ਾਰਮ-6 ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ।