ਚਿਤਕਾਰਾ ਯੂਨੀਵਰਸਿਟੀ ਤੋਂ ਬਾਅਦ ਲਵਲੀ ਯੂਨੀਵਰਸਿਟੀ ਜਲੰਧਰ ’ਚ ਹੰਗਾਮਾ: ਅਫ਼ਵਾਹਾਂ ਕਾਰਨ ਵਿਦਿਆਰਥੀਆਂ ਵੱਲੋਂ ਭੰਨ੍ਹਤੋੜ, ਹਾਈਵੇਅ ਜਾਮ

ਚਿਤਕਾਰਾ ਯੂਨੀਵਰਸਿਟੀ ਤੋਂ ਬਾਅਦ ਲਵਲੀ ਯੂਨੀਵਰਸਿਟੀ ਜਲੰਧਰ ’ਚ ਹੰਗਾਮਾ: ਅਫ਼ਵਾਹਾਂ ਕਾਰਨ ਵਿਦਿਆਰਥੀਆਂ ਵੱਲੋਂ ਭੰਨ੍ਹਤੋੜ, ਹਾਈਵੇਅ ਜਾਮ

ਜਲੰਧਰ, 27 ਸਤੰਬਰ (ਪੰਜਾਬੀ ਰਾਈਟਰ)- ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਇੱਕ ਪ੍ਰਦਰਸ਼ਨ ਤੋਂ ਦਿਨ ਬਾਅਦ ਐਤਵਾਰ ਵੱਡੇ ਤੜਕੇ ਕਰੀਬ 2 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ) ਵਿੱਚ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਅਪੁਸ਼ਟ ਖ਼ਬਰ ਵਾਇਰਲ ਹੋਣ ਮਗਰੋਂ ਤਣਾਅ ਪੈਦਾ ਹੋ ਗਿਆ। ਰੋਸ ਪ੍ਰਦਰਸ਼ਨ ਲੜਕੀਆਂ ਦੇ ਹੋਸਟਲ ਨੇੜੇ ਤੋਂ ਸ਼ੁਰੂ ਹੋਇਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਭੰਨ੍ਹਤੋੜ ਕਰਦਿਆਂ ਖਿੜਕੀਆਂ ਦੇ ਸ਼ੀਸ਼ੇ ਤੋੜੇ ਅਤੇ ਇੱਟਾਂ ਤੇ ਗਮਲੇ ਸੁੱਟੇ। ਇਸ ਦੌਰਾਨ ਕੈਂਪਸ ਦੀਆਂ ਕੁਝ ਥਾਵਾਂ ’ਤੇ ਅੱਗ ਲਗਾਏ ਜਾਣ ਦੀ ਵੀ ਸੂਚਨਾ ਹੈ। ਸਥਿਤੀ ਵਿਗੜਨ ਮਗਰੋਂ ਯੂਨੀਵਰਸਿਟੀ ਦੀ ਨਿੱਜੀ ਸੁਰੱਖਿਆ ਵੀ ਵਿਦਿਆਰਥੀਆਂ ਨੂੰ ਕਾਬੂ ਕਰਨ ਵਿੱਚ ਬੇਬੱਸ ਨਜ਼ਰ ਆਈ। ਤੜਕੇ ਕਰੀਬ 4 ਵਜੇ ਵਿਦਿਆਰਥੀ ਯੂਨੀਵਰਸਿਟੀ ਦੇ ਗੇਟਾਂ ਨੇੜੇ ਪਹੁੰਚ ਗਏ ਅਤੇ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਮਗਰੋਂ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਦਿੱਤਾ। ਇਸ ਕਾਰਨ ਫ਼ਗਵਾੜਾ-ਜਲੰਧਰ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਈ। ਕਪੂਰਥਲਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕਰਕੇ ਕੈਂਪਸ ਅੰਦਰ ਅੱਗਜ਼ਨੀ ਅਤੇ ਹੋਰ ਨੁਕਸਾਨ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ।
ਵਿਦਿਆਰਥੀਆਂ ਵੱਲੋਂ ਘਟਨਾ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਐੱਲ.ਪੀ.ਯੂ. ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਰ ਕੀਤਾ ਗਿਆ। ਕਪੂਰਥਲਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨਾਲ ਜਬਰ-ਜਨਾਹ ਦੀ ਇਕ ਅਪੁਸ਼ਟ ਘਟਨਾ ਸਬੰਧੀ ਵਾਇਰਲ ਸੰਦੇਸ਼ ਮਗਰੋਂ ਵਿਦਿਆਰਥੀਆਂ ਵਿੱਚ ਰੋਸ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲਿਸ ਨੂੰ ਇਸ ਘਟਨਾ ਦੀ ਪੁਸ਼ਟੀ ਕਰਨ ਵਾਲਾ ਕੋਈ ਤੱਥ ਨਹੀਂ ਮਿਲਿਆ ਅਤੇ ਨਾ ਹੀ ਕੋਈ ਸ਼ਿਕਾਇਤ ਪ੍ਰਾਪਤ ਹੋਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਯੂਨੀਵਰਸਿਟੀ ਦੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਆਉਣੇ ਸ਼ੁਰੂ ਹੋ ਗਏ ਹਨ।