ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਕਰ’ਤਾ ਕਾਰਾ!

ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਕਰ’ਤਾ ਕਾਰਾ!

ਸਬ-ਇੰਸਪੈਕਟਰ ’ਤੇ ਚਲਾਈਆਂ ਗੋਲੀਆਂ, ਪੁਲਸ ਨੇ ਸਾਥੀ ਸਮੇਤ ਕੀਤਾ ਗਿ੍ਰਫ਼ਤਾਰ ਕਰ ਕੇ ਇਕ ਦਿਨ ਦਾ ਲਿਆ ਰਿਮਾਂਡ
ਜਲੰਧਰ 20 ਸਤੰਬਰ (ਪੰਜਾਬੀ ਰਾਈਟਰ)- ਸੋਸ਼ਲ ਮੀਡੀਆ ਉੱਤੇ ਬਹੱਦ ਪ੍ਰਸਿੱਧ ਵਲੌਗਰ ਗੋਪੀ ਛੋਕਰ ਦੇ ਭਰਾ ਮਨੀ ਛੋਕਰ ਨੂੰ ਅੱਜ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਮਨੀ ਸ਼ੋਕਰ ਨੂੰ ਜੰਡਿਆਲਾ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ’ਤੇ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕਰ ਲਿਆ ਹੈ। ਏ.ਸੀ.ਪੀ. ਜਲੰਧਰ ਕੈਂਟ ਕੁਲਵਿੰਦਰ ਸਿੰਘ ਵਿਰਕ ਮੁਕਾਬਕ ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਸਦਰ ਜਮਸ਼ੇਰ ਦੀ ਜੰਡਿਆਲਾ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਜਲੰਧਰ ਮੋੜ ਜੰਡਿਆਲਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ।
ਇਸੇ ਦੌਰਾਨ ਐੱਸ.ਆਈ. ਨਰਿੰਦਰ ਮੋਹਨ ਨੇ ਫ਼ਗਵਾੜਾ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਗੱਡੀ ਨੰਬਰ ਪੀ.ਬੀ. 08 ਜੀ ਬੀ-1101 ਮਾਰਕਾ ਸਕਾਰਪੀਓ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਵਿਚ 2 ਵਿਅਕਤੀ ਸਵਾਰ ਸਨ। ਸਰਦਾਰ ਨੌਜਵਾਨ ਗੱਡੀ ਚਲਾ ਰਿਹਾ ਸੀ ਅਤੇ ਇਕ ਮੋਨਾ ਨੌਜਵਾਨ ਨਾਲ ਵਾਲੀ ਸੀਟ ’ਤੇ ਬੈਠਾ ਹੋਇਆ ਸੀ। ਜੰਡਿਆਲਾ ਚੌਕੀ ਦੇ ਇੰਚਾਰਜ ਨੇ ਉਨ੍ਹਾਂ ਨੂੰ ਗੱਡੀ ਚੈੱਕ ਕਰਵਾਉਣ ਲਈ ਕਿਹਾ ਅਤੇ ਡਰਾਈਵਰ ਸੀਟ ’ਤੇ ਬੈਠੇ ਸਰਦਾਰ ਨੌਜਵਾਨ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਕਿਹਾ, ਜਿਸ ’ਤੇ ਉਸ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਨਹੀਂ ਹੈ। ਫਿਰ ਨਾਲ ਬੈਠੇ ਨੌਜਵਾਨ ਨੂੰ ਆਪਣੀ ਆਈ.ਡੀ. ਦਿਖਾਉਣ ਲਈ ਕਿਹਾ ਤਾਂ ਉਸ ਨੇ ਆਪਣੇ ਸੱਜੇ ਹੱਥ ਨਾਲ ਸੱਜੇ ਪਾਸੇ ਡੱਬ ਵਿਚ ਲਾਇਆ ਪਿਸਤੌਲ ਕੱਢ ਲਿਆ ਅਤੇ ਐੱਸ. ਆਈ. ਨਰਿੰਦਰ ਮੋਹਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਫ਼ਾਇਰ ਕਰਨ ਲੱਗਾ। ਚੌਂਕੀ ਇੰਚਾਰਜ ਨੇ ਉਸ ਦੇ ਸੱਜੇ ਪਾਸੇ ਵਾਲੇ ਡੌਲੇ ਨੂੰ ਫ਼ੜ ਕੇ ਪਾਸੇ ਕਰ ਦਿੱਤਾ। ਉਸ ਨੇ ਆਪਣੇ ਪਿਸਤੌਲ ਨਾਲ 2 ਰੌਂਦ ਫ਼ਾਇਰ ਕਰ ਦਿੱਤੇ, ਜੋ ਕਿ ਸਾਹਮਣੇ ਰਾਹੁਲ ਰਾਜ ਸਪੈਸ਼ਲ ਨਾਨ ਢਾਬੇ ਦੀ ਕੰਧ ’ਤੇ ਲੱਗੇ।
ਏ.ਸੀ.ਪੀ. ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਫ਼ਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ, ਜਿਸ ਮਗਰੋਂ ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ਼ ਮਨੀ ਸ਼ੌਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਅੱਟੀ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ, ਜਦਕਿ ਡਰਾਈਵਰ ਸੀਟ ’ਤੇ ਬੈਠੇ ਸਰਦਾਰ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ, ਥਾਣਾ ਫ਼ਤਿਹਗੜ੍ਹ ਪੰਜਤੂਰ, ਜ਼ਿਲ੍ਹਾ ਮੋਗਾ ਵਜੋਂ ਹੋਈ। ਪਿਸਤੌਲ ਰੱਖਣ ਸਬੰਧੀ ਦੋਵੇਂ ਨੌਜਵਾਨ ਅਸਲਾ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਪਿਸਤੌਲ ਦੀ ਚੈਕਿੰਗ ਕਰਨ ’ਤੇ ਉਸ ’ਤੇ ਮਾਰਕਾ ਗਲੌਕ 19 ਜੇਨ 4 ਆਸਟਰੀਆ 9/19 ਲਿਖਿਆ ਹੋਇਆ ਸੀ, ਜਿਸ ਦਾ ਮੈਗਜ਼ੀਨ ਕੱਢ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਤਿੰਨ ਜ਼ਿੰਦਾ ਰੌਂਦ ਅਤੇ 2 ਚੱਲੇ ਹੋਏ ਖੋਲ ਬਰਾਮਦ ਹੋਏ। ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਵਿਚ ਅੰਡਰ ਸੈਕਸ਼ਨ 105 ਅਤੇ ਅਸਲਾ ਐਕਟ ਤਹਿਤ 367 ਨੰਬਰ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਪਿਸਤੌਲ, ਰੌਂਦ ਅਤੇ ਗੱਡੀ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।