ਕਨੇਡਾ ਦੇ ਓਂਟਾਰੀਓ ਸੂਬੇ ਦੇ ਲੰਡਨ ਸ਼ਹਿਰ ’ਚ ਪੰਜਾਬੀ ਨੇ ਕਰਤਾ ਆਪਣੀ ਹੀ ਪਤਨੀ ਦਾ ਕਤਲ!

ਕਨੇਡਾ ਦੇ ਓਂਟਾਰੀਓ ਸੂਬੇ ਦੇ ਲੰਡਨ ਸ਼ਹਿਰ ’ਚ ਪੰਜਾਬੀ ਨੇ ਕਰਤਾ ਆਪਣੀ ਹੀ ਪਤਨੀ ਦਾ ਕਤਲ!

ਓਂਟਾਰੀਓ, 18 ਸਤੰਬਰ (ਪੰਜਾਬੀ ਰਾਈਟਰ)- ਕਨੇਡਾ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਓਨਟਾਰੀਓ ਦੇ ਲੰਡਨ,  ਵਿੱਚ ਇੱਕ ਪੰਜਾਬੀ ਨੇ ਆਪਣੇ ਘਰ ਦੇ ਅੰਦਰ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਘਟਨਾ ਕਾਰਨ ਇਲਾਕੇ ਵਿੱਚ ਸਨਸਨੀ ਫ਼ੈਲ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਤੀ ਨੂੰ ਘਟਨਾ ਵਾਲੀ ਥਾਂ ਤੋਂ ਹੀ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 15 ਸਤੰਬਰ ਦੀ ਸ਼ਾਮ ਨੂੰ ਲਗਭਗ 6:25 ਵਜੇ ਸਮਰਸਾਈਡ ਭਾਈਚਾਰੇ ਵਿੱਚ ਚਾਲਟਨ ਰੋਡ ’ਤੇ ਸਥਿਤ ਇੱਕ ਘਰ ਵਿੱਚ ਵਾਪਰੀ ਇੱਕ ਅਣਸੁਖਾਵੀਂ ਘਟਨਾ ਬਾਰੇ ਰਿਪੋਰਟ ਮਿਲੀ ਸੀ। ਸੂਚਨਾ ਮਿਲਣ ’ਤੇ ਜਦੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਤਾਂ ਇੱਕ ਔਰਤ ਘਰ ਦੇ ਅੰਦਰ ਗੰਭੀਰ ਹਾਲਤ ਵਿੱਚ ਜ਼ਖ਼ਮੀ ਪਈ ਮਿਲੀ। ਇਲਾਜ ਲਈ ਲਿਜਾਏ ਜਾਣ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਤੋਂ ਬਾਅਦ, ਪੁਲਿਸ ਨੇ ਮ੍ਰਿਤਕ ਔਰਤ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ‘ਸੈਕਿੰਡ-ਡਿਗਰੀ ਮਰਡਰ’ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੁਆਂਢੀਆਂ ਅਨੁਸਾਰ, ਮਨਦੀਪ ਸਿੰਘ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ ਨਾਲ ਰਹਿੰਦਾ ਸੀ। ਕਤਲ ਦੇ ਅਸਲ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਘਟਨਾ ਦੇ ਸਮੇਂ ਘਰ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਵਾਰਦਾਤ ਤੋਂ ਤੁਰੰਤ ਬਾਅਦ, ਦੋਵੇਂ ਬੱਚੇ ਅਤੇ ਮ੍ਰਿਤਕਾ ਦੀ ਮਾਂ ਡਰ ਅਤੇ ਸਦਮੇ ਦੀ ਹਾਲਤ ਵਿੱਚ ਘਰੋਂ ਭੱਜ ਗਏ। ਉਨ੍ਹਾਂ ਨੂੰ ਦੇਖ ਕੇ ਗੁਆਂਢੀਆਂ ਨੂੰ ਅੰਦਾਜ਼ਾ ਹੋ ਗਿਆ ਕਿ ਕੁਝ ਅਣਹੋਣੀ ਵਾਪਰੀ ਹੈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਫ਼ਿਲਹਾਲ ਕਤਲ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਸਾਲ ਕਨੇਡਾ ਦੇ ਸ਼ਹਿਰ ਲੰਡਨ ਵਿੱਚ ਇਹ ਚੌਥੀ ਹੱਤਿਆ ਦੀ ਘਟਨਾ ਹੈ। ਹਾਲਾਂਕਿ, ਇਸ ਖੇਤਰ ਵਿੱਚ ਇਸ ਸਾਲ ਕਿਸੇ ਔਰਤ ਦੇ ਕਤਲ ਦੀ ਇਹ ਪਹਿਲੀ ਘਟਨਾ ਹੈ, ਜਿਸ ਕਾਰਨ ਸਥਾਨਕ ਪੰਜਾਬੀ ਭਾਈਚਾਰੇ ਅਤੇ ਸ਼ਹਿਰ ਦੇ ਵਸਨੀਕਾਂ ਵਿੱਚ ਕਾਫ਼ੀ ਦਹਿਸ਼ਤ ਫੈਲ ਗਈ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।