11 ਸਤੰਬਰ 2001 ਨੂੰ ਅਮਰੀਕਾ ਉੱਤੇ ਹੋਇਆ ਸਿਰਫ਼ ਇੱਕ ਅੱਤਵਾਦੀ ਹਮਲਾ ਨਹੀਂ ਸੀ; ਇਹ ਉਹ ਦਿਨ ਸੀ ਜਿਸ ਨੇ ਦੁਨੀਆ ਦੀ ਰਾਜਨੀਤੀ, ਹਵਾਈ ਸੁਰੱਖਿਆ, ਜੰਗ ਦੀ ਪਰਿਭਾਸ਼ਾ ਅਤੇ ਮਨੁੱਖੀ ਸੋਚ ਨੂੰ ਸਦਾ ਲਈ ਬਦਲ ਦਿੱਤਾ। ਉਸ ਸਵੇਰ ਨਿਊਯਾਰਕ ਦਾ ਅਸਮਾਨ ਸਾਫ਼ ਸੀ, ਲੋਕ ਆਮ ਦਿਨ ਵਾਂਗ ਦਫ਼ਤਰਾਂ ਵੱਲ ਜਾ ਰਹੇ ਸਨ, ਪਰ ਕੁਝ ਹੀ ਮਿੰਟਾਂ ਵਿੱਚ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਸਕਾਈਲਾਈਂ ਧੂੰਏਂ, ਅੱਗ ਅਤੇ ਮਨੁੱਖੀ ਚੀਕਾਂ ਵਿੱਚ ਲੁਕ ਗਈ।
ਅਲ-ਕਾਇਦਾ ਨਾਲ ਸਬੰਧਤ 19 ਅੱਤਵਾਦੀਆਂ ਨੇ ਅਮਰੀਕਾ ਤੋਂ ਕੈਲੀਫ਼ੋਰਨੀਆ ਵੱਲ ਜਾ ਰਹੇ ਚਾਰ ਯਾਤਰੀ ਜਹਾਜ਼ ਅਗਵਾ ਕੀਤੇ। ਸਵੇਰੇ 8:46 ਵਜੇ ਅਮੈਰਿਕਨ ਫਲਾਈਟ 11 ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 93ਵੀਂ ਤੋਂ 99ਵੀਂ ਮੰਜ਼ਿਲਾਂ ਵਿਚਕਾਰ ਟਕਰਾਇਆ। ਪਹਿਲਾਂ ਇਸ ਨੂੰ ਭਿਆਨਕ ਹਾਦਸਾ ਸਮਝਿਆ ਗਿਆ, ਪਰ 9:03 ਵਜੇ ਯੂਨਾਈਟਡ ਏਅਰਲਾਈਂ ਫਲਾਈਟ 175 ਜਦੋਂ ਸਾਊਥ ਟਾਵਰ ਦੀਆਂ 77ਵੀਂ ਤੋਂ 85ਵੀਂ ਮੰਜ਼ਿਲਾਂ ਵਿੱਚ ਜਾ ਵੱਜਿਆ ਤਾਂ ਦੁਨੀਆਂ ਨੇ ਲਾਈਵ ਟੈਲੀਵਿਜ਼ਨ ਉੱਤੇ ਸਮਝ ਲਿਆ ਕਿ ਅਮਰੀਕਾ ਉੱਤੇ ਯੋਜਨਾਬੱਧ ਹਮਲਾ ਹੋ ਚੁੱਕਾ ਹੈ।
9:37 ਵਜੇ ਅਮੈਰਿਕਨ ਏਅਰਲਾਈਨ ਫਲਾਈਟ 77 ਵਾਸ਼ਿੰਗਟਨ ਨੇੜੇ ਪੈਨਟਾਗਨ ਨਾਲ ਟਕਰਾਇਆ। 9:59 ਵਜੇ ਸਾਊਥ ਟਾਵਰ ਢਹਿ ਗਿਆ। ਚੌਥੇ ਜਹਾਜ਼ ਯੂਨਾਈਟਡ ਏਅਰਲਾਈਨ ਫਲਾਈਟ 93 ਦੇ ਯਾਤਰੀਆਂ ਨੇ ਅਗਵਾਕਾਰਾਂ ਦਾ ਮੁਕਾਬਲਾ ਕੀਤਾ; ਇਹ ਜਹਾਜ਼ 10:03 ਵਜੇ ਪੈਨਸਿਲਵੇਨੀਆਂ ਦੇ ਸ਼ੈਂਕਸਵਿਲ ਨੇੜੇ ਖੇਤਾਂ ਵਿੱਚ ਡਿੱਗਿਆ। ਮੰਨਿਆ ਜਾਂਦਾ ਹੈ ਕਿ ਯਾਤਰੀਆਂ ਦੇ ਸਾਹਸ ਨੇ ਜਹਾਜ਼ ਨੂੰ ਵਾਸ਼ਿੰਗਟਨ ਵਿੱਚ ਉਸ ਦੇ ਸੰਭਾਵਿਤ ਨਿਸ਼ਾਨੇ ਤੱਕ ਪਹੁੰਚਣ ਤੋਂ ਰੋਕ ਦਿੱਤਾ। 10:28 ਵਜੇ ਨੌਰਥ ਟਾਵਰ ਵੀ ਢਹਿ ਗਿਆ। ਸਿਰਫ਼ 102 ਮਿੰਟਾਂ ਵਿੱਚ ਨਿਊਯਾਰਕ ਦੀ ਪਛਾਣ ਬਣੇ ਦੋਵੇਂ ਟਾਵਰ ਮਲਬੇ ਵਿੱਚ ਤਬਦੀਲ ਹੋ ਚੁੱਕੇ ਸਨ।
ਇਨ੍ਹਾਂ ਹਮਲਿਆਂ ਵਿੱਚ ਕੁੱਲ 2,977 ਬੇਕਸੂਰ ਲੋਕਾਂ ਦੀ ਜਾਨ ਗਈ— ਇਸ ਗਿਣਤੀ ਵਿੱਚ 19 ਅੱਤਵਾਦੀ ਸ਼ਾਮਲ ਨਹੀਂ ਹਨ। ਮਰਨ ਵਾਲੇ ਲੋਕ 90 ਤੋਂ ਵੱਧ ਦੇਸ਼ਾਂ ਨਾਲ ਸਬੰਧਤ ਸਨ। ਹਜ਼ਾਰਾਂ ਲੋਕ ਜ਼ਖ਼ਮੀ ਹੋਏ ਅਤੇ ਅਣਗਿਣਤ ਪਰਿਵਾਰਾਂ ਦੀ ਜ਼ਿੰਦਗੀ ਸਦਾ ਲਈ ਬਦਲ ਗਈ। ਜਾਨਾਂ ਬਚਾਉਂਦਿਆਂ ਐੱਫ.ਡੀ.ਐੱਨ.ਵਾਈ. ਦੇ 343 ਫਾਇਰਫਾਈਟਰਸ, ਐੱਨ.ਵਾਈ.ਪੀ.ਡੀ. ਦੇ 23 ਅਧਿਕਾਰੀ ਅਤੇ ਪੋਰਟ ਅਥਾਰਿਟੀ ਪੁਲਿਸ ਡਿਪਾਰਟਮੈਂਟ ਦੇ 37 ਅਧਿਕਾਰੀ ਸ਼ਹੀਦ ਹੋਏ। ਜਦੋਂ ਹਜ਼ਾਰਾਂ ਲੋਕ ਟਾਵਰਾਂ ਤੋਂ ਬਾਹਰ ਨਿਕਲ ਰਹੇ ਸਨ, ਇਹ ਬਹਾਦਰ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਖ਼ਤਰੇ ਵੱਲ ਵਧ ਰਹੇ ਸਨ।
ਪਰ 9/11 ਦੀ ਤ੍ਰਾਸਦੀ ਉਸ ਦਿਨ ਮਲਬੇ ਹੇਠ ਦੱਬ ਕੇ ਖ਼ਤਮ ਨਹੀਂ ਹੋਈ। ਗਰਾਊਂਡ ਜ਼ੀਰੋ ਤੋਂ ਉੱਠੇ ਜ਼ਹਿਰੀਲੇ ਧੂੰਏਂ, ਧੂੜ ਅਤੇ ਰਸਾਇਣਾਂ ਦਾ ਸਾਹਮਣਾ ਕਰਨ ਵਾਲੇ ਫਾਇਰਫਾਈਟਰਸ, ਪੁਲਿਸ ਅਧਿਕਾਰੀ, ਉਸਾਰੀ ਕਾਮੇ, ਸਫ਼ਾਈ ਕਰਮਚਾਰੀ, ਸਥਾਨਕ ਵਸਨੀਕ ਅਤੇ ਵਿਦਿਆਰਥੀ ਸਾਲਾਂ ਬਾਅਦ ਵੀ ਕੈਂਸਰ, ਸਾਹ ਦੀਆਂ ਬਿਮਾਰੀਆਂ ਅਤੇ ਮਾਨਸਿਕ ਸਦਮੇ ਨਾਲ ਜੂਝ ਰਹੇ ਹਨ। 343 ਅਨੁਸਾਰ ਵਰਲਡ ਟਰੇਡ ਸੈਂਟਰ ਹੈੱਲਥ ਪ੍ਰੋਗਰਾਮ ਹੁਣ 145,000 ਤੋਂ ਵੱਧ ਰਿਸਪਾਂਡਰ ਅਤੇ ਸਰਵਾਈਵਰਸ ਨੂੰ ਸੇਵਾਵਾਂ ਦਿੰਦਾ ਹੈ, ਜਦਕਿ 96,000 ਤੋਂ ਵੱਧ ਲੋਕ 9/11 ਨਾਲ ਜੁੜੀਆਂ ਸਰੀਰਕ ਜਾਂ ਮਾਨਸਿਕ ਬਿਮਾਰੀਆਂ ਨਾਲ ਡਾਇਗਾਨੌਜ਼ ਹੋ ਚੁੱਕੇ ਹਨ। ਇਸ ਲਈ 9/11 ਵਿੱਚ ਗੁਆਈਆਂ ਜਾਨਾਂ ਦੀ ਅਸਲ ਗਿਣਤੀ ਅੱਜ ਵੀ ਵਧ ਰਹੀ ਹੈ।
ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਜੰਗ ਸ਼ੁਰੂ ਕੀਤੀ ਅਤੇ ਅੱਤਵਾਦ ਵਿਰੁੱਧ ਵਿਸ਼ਵ ਪੱਧਰੀ ਮੁਹਿੰਮ ਚੱਲੀ। ਹਵਾਈ ਅੱਡਿਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਬਦਲ ਗਈ। 19 ਨਵੰਬਰ 2001 ਨੂੰ ਏਵੀਏਸ਼ਨ ਤੇ ਟਰਾਂਸਪੋਰਟ ਸਕਿਉਰਿਟੀ
ਕਾਨੂੰਨ ਬਣਿਆ ਅਤੇ ਟਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ (ਟੀ.ਐੱਸ.ਏ.) ਦੀ ਸਥਾਪਨਾ ਹੋਈ। ਬਾਅਦ ਵਿੱਚ 22 ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੇ ਹਿੱਸਿਆਂ ਨੂੰ ਮਿਲਾ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਬਣਾਇਆ ਗਿਆ। ਯਾਤਰੀਆਂ ਦੀ ਸਕ੍ਰੀਨਿੰਗ, ਕਾਕਪਿਟ ਸੁਰੱਖਿਆ, ਖੁਫ਼ੀਆ ਜਾਣਕਾਰੀ ਦੀ ਸਾਂਝ ਅਤੇ ਸਰਹੱਦੀ ਨਿਗਰਾਨੀ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ।
9/11 ਤੋਂ ਬਾਅਦ ਡਰ ਅਤੇ ਅਗਿਆਨਤਾ ਨੇ ਨਫ਼ਰਤ ਨੂੰ ਵੀ ਜਨਮ ਦਿੱਤਾ। ਮੁਸਲਿਮ, ਅਰਬ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਨਾਲ ਪੱਗਧਾਰੀ ਸਿੱਖ ਵੀ ਗਲਤ ਪਛਾਣ ਅਤੇ ਨਸਲੀ ਹਿੰਸਾ ਦਾ ਨਿਸ਼ਾਨਾ ਬਣੇ। ਹਮਲਿਆਂ ਤੋਂ ਸਿਰਫ਼ ਚਾਰ ਦਿਨ ਬਾਅਦ, 15 ਸਤੰਬਰ 2001 ਨੂੰ ਐਰੀਜ਼ੋਨਾ ਵਿੱਚ ਸਿੱਖ ਕਾਰੋਬਾਰੀ ਬਲਬੀਰ ਸਿੰਘ ਸੋਢੀ ਦੀ ਨਫ਼ਰਤੀ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ। ਉਹ ਉਸ ਵੇਲੇ ਆਪਣੇ ਗੈਸ ਸਟੇਸ਼ਨ ਦੇ ਬਾਹਰ ਫੁੱਲ ਲਗਾ ਰਹੇ ਸਨ ਅਤੇ ਇਸ ਤੋਂ ਪਹਿਲਾਂ 9/11 ਦੇ ਪੀੜਤਾਂ ਲਈ ਦਾਨ ਵੀ ਕਰ ਚੁੱਕੇ ਸਨ। ਉਨ੍ਹਾਂ ਦੀ ਮੌਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੱਤਵਾਦ ਦਾ ਜਵਾਬ ਕਿਸੇ ਧਰਮ ਜਾਂ ਪਛਾਣ ਵਿਰੁੱਧ ਨਫ਼ਰਤ ਨਹੀਂ, ਸਗੋਂ ਸਿੱਖਿਆ, ਏਕਤਾ ਅਤੇ ਇਨਸਾਫ਼ ਹੈ।
ਅੱਜ ਜਿੱਥੇ ਟਵਿਨ ਟਾਵਰਸ ਖੜ੍ਹੇ ਸਨ, ਉੱਥੇ ਦੋ ਵਿਸ਼ਾਲ ਮੈਮੋਰੀਅਲ ਪੂਲਸ ਹਨ। ਕਾਂਸੇ ਦੀਆਂ ਪੱਟੀਆਂ ਉੱਤੇ 9/11 ਅਤੇ 1993 ਦੇ ਵਰਲਡ ਟਰੇਡ ਸੈਂਟਰ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਨਾਮ ਉੱਕਰੇ ਹੋਏ ਹਨ। ਮਲਬੇ ਵਿੱਚੋਂ ਜ਼ਖ਼ਮੀ ਹਾਲਤ ਵਿੱਚ ਮਿਲਿਆ ਕੈਲੇਰੀ ਪੀਅਰ ਟ੍ਰੀ ਅੱਜ ‘ਸਰਵਾਈਵਰ ਟ੍ਰੀ’ ਵਜੋਂ ਜੀਵਨ, ਉਮੀਦ ਅਤੇ ਮੁੜ ਖੜ੍ਹੇ ਹੋਣ ਦਾ ਪ੍ਰਤੀਕ ਹੈ। ਹਰ 11 ਸਤੰਬਰ ਦੀ ਸ਼ਾਮ ਮੈਨਹਾਟਨ ਦੇ ਅਸਮਾਨ ਵਿੱਚ ਜਗਦੀਆਂ ਦੋ ਨੀਲੀਆਂ ਕਿਰਨਾਂ ਨੂੰ ‘ਟ੍ਰਿਬਿਊਟ ਇਨ ਲਾਈਟ’ ਕਿਹਾ ਜਾਂਦਾ ਹੈ। ਇਹ ਕਿਰਨਾਂ ਗੁਆਚੇ ਟਵਿਨ ਟਾਵਰਸ, ਵਿਛੜੀਆਂ ਰੂਹਾਂ ਅਤੇ ਨਿਊਯਾਰਕ ਦੀ ਨਾ ਟੁੱਟਣ ਵਾਲੀ ਹਿੰਮਤ ਦੀ ਨਿਸ਼ਾਨੀ ਹਨ।
ਪੱਚੀ ਸਾਲ ਬਾਅਦ ਵੀ 9/11 ਸਾਨੂੰ ਕੇਵਲ ਰੋਣ ਲਈ ਨਹੀਂ, ਸਿੱਖਣ ਲਈ ਵੀ ਪੁਕਾਰਦਾ ਹੈ। ਇਮਾਰਤਾਂ ਦੁਬਾਰਾ ਬਣ ਸਕਦੀਆਂ ਹਨ, ਪਰ ਗੁਆਚੀਆਂ ਜਾਨਾਂ ਵਾਪਸ ਨਹੀਂ ਆਉਂਦੀਆਂ। ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਨਫ਼ਰਤ ਨੂੰ ਆਪਣੇ ਦਿਲਾਂ ਵਿੱਚ ਥਾਂ ਨਾ ਦੇਈਏ, ਧਰਮ ਨੂੰ ਅੱਤਵਾਦ ਨਾਲ ਨਾ ਜੋੜੀਏ ਅਤੇ ਮੁਸੀਬਤ ਵਿੱਚ ਮਨੁੱਖ ਨੂੰ ਉਸ ਦੀ ਪਛਾਣ ਪੁੱਛੇ ਬਿਨਾਂ ਸਹਾਰਾ ਦੇਈਏ।
9/11 ਦੀਆਂ ਦੋ ਨੀਲੀਆਂ ਕਿਰਨਾਂ ਅੱਜ ਵੀ ਦੁਨੀਆ ਨੂੰ ਕਹਿੰਦੀਆਂ ਹਨ—ਹਨੇ੍ਹਰਾ ਚਾਹੇ ਕਿੰਨਾ ਵੀ ਡੂੰਘਾ ਹੋਵੇ, ਮਨੁੱਖਤਾ ਦਾ ਚਾਨਣ ਉਸ ਤੋਂ ਹਮੇਸ਼ਾ ਉੱਚਾ ਉੱਠ ਸਕਦਾ ਹੈ।
— ਧੀਰਜ ਛੋਕਰਾਂ, ਨਿਊਯਾਰਕ
.jpg)
.jpg)
.jpg)
.jpg)















































.jpg)











.jpg)







.jpg)





























.jpg)


