ਨਵੀਂ ਦਿੱਲੀ, 5 ਸਤੰਬਰ (ਪੰਜਾਬੀ ਰਾਈਟਰ)- ਆਲ ਇੰਡੀਆ ਕਾਂਗਰਸ ਕਮੇਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਖਿੱਚੋਤਾਣ ਨਾਲ ਨਜਿੱਠਣ ਲਈ ਪਾਰਟੀ ਦੇ ਨੌਜਵਾਨ ਨੇਤਾ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਹੈ। ਸਚਿਨ ਪਾਇਲਟ ਹੁਣ ਪਾਰਟੀ ਦੇ ਨਵੇਂ ਜਨਰਲ ਸਕੱਤਰ ਵਜੋਂ ਅਗਾਮੀ ਪੰਜਾਬ ਚੋਣਾਂ ਦੀ ਤਿਆਰੀ ਲਈ ਮੈਦਾਨ ’ਚ ਉੱਤਰਨਗੇ। ਪੰਜਾਬ ਕਾਂਗਰਸ ਦੇ ਪੁਰਾਣੇ ਇੰਚਾਰਜ ਭੂਪੇਸ਼ ਬਘੇਲ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪਾਰਟੀ ਨੇ ਹੁਣ ਆਸਾਮ ਭੇਜਿਆ ਹੈ। ਭੂਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ 14 ਫਰਵਰੀ 2025 ਨੂੰ ਜ਼ਿੰਮੇਵਾਰੀ ਸੰਭਾਲੀ ਸੀ।ਪੰਜਾਬ ਵਿਚੋਂ ਭੂਪੇਸ਼ ਬਘੇਲ ਦੀ ਛੁੱਟੀ ਮਗਰੋਂ ਪੰਜਾਬ ਕਾਂਗਰਸ ’ਚ ਹੋਰ ਫੇਰਬਦਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ। ਬਘੇਲ ਦੀ ਛੁੱਟੀ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੜ੍ਹਾ ਕਾਫ਼ੀ ਰਾਹਤ ਮਹਿਸੂਸ ਕਰ ਰਿਹਾ ਹੈ। ਕਾਂਗਰਸ ਹਾਈਕਮਾਂਡ ਨੇ ਪਿਛਲੇ ਦਿਨਾਂ ’ਚ ਪੰਜਾਬ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਸਨ ਜਿਸ ਦੇ ਨਤੀਜੇ ਵਜੋਂ ਪੰਜਾਬ ਕਾਂਗਰਸ ਦੇ ਇੰਚਾਰਜ ’ਚ ਤਬਦੀਲੀ ਕੀਤੀ ਗਈ ਹੈ। ਆਉਂਦੇ ਦਿਨਾਂ ’ਚ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਤਜਵੀਜਤ ਹੈ ਅਤੇ ਇਸ ਦੌਰੇ ਤੋਂ ਪਹਿਲਾਂ ਪਾਰਟੀ ਸੰਗਠਨ ’ਚ ਤਬਦੀਲੀ ਦੇ ਖ਼ਾਸ ਮਾਅਨੇ ਹਨ।
ਪਿਛਲੇ ਸਮੇਂ ਤੋਂ ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਧੜੇ੍ਹ ਵੱਲੋਂ ਪੁਰਾਣੇ ਇੰਚਾਰਜ ਭੂਪੇਸ਼ ਬਘੇਲ ’ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੱਖ ਪੂਰਨ ਦੇ ਇਲਜ਼ਾਮ ਲਗਾਏ ਗਏ ਸਨ। ਹਾਈ ਕਮਾਂਡ ਨੇ ਵੜਿੰਗ ਵਿਰੋਧੀ ਧੜੇ੍ਹ ਨੂੰ ਨਰਮ ਕਰਨ ਲਈ ਵੜਿੰਗ ਨੇੜਲੇ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਪੰਜਾਬ ਵਿਚੋਂ ਤਬਦੀਲ ਕਰ ਦਿੱਤਾ ਹੈ। ਪੰਜਾਬ ਦੇ ਸੀਨੀਅਰ ਕਾਂਗਰਸੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇਸ ਵੇਲੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਹਨ ਜਦੋਂ ਕਿ ਹੁਣ ਰਾਜਸਥਾਨ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਪੰਜਾਬ ਭੇਜੇ ਗਏ ਹਨ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਸਨ ਜਿਨ੍ਹਾਂ ’ਚ ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ, ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਪ੍ਰਿਅੰਕਾ ਗਾਂਧੀ ਆਦਿ ਵੀ ਮੌਜੂਦ ਸਨ। ਇਸ ਮੀਟਿੰਗ ’ਚ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਨੂੰ ਖ਼ਤਮ ਕਰਨ ਦੀ ਵਿਉਂਤਬੰਦੀ ਘੜੀ ਗਈ ਸੀ।
ਨਵੇਂ ਇੰਚਾਰਜ ਸਚਿਨ ਪਾਇਲਟ ਲਈ ਅਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਵਿਚਲੀ ਧੜੇ੍ਹਬੰਦੀ ਨੂੰ ਖ਼ਤਮ ਕਰਨ ਅਤੇ ਪਾਰਟੀ ਨੂੰ ਏਕਤਾ ਦੀ ਲੜੀ ’ਚ ਬੰਨ੍ਹਣਾ ਇੱਕ ਵੱਡੀ ਚੁਣੌਤੀ ਹੋਵੇਗੀ। ਰਾਹੁਲ ਗਾਂਧੀ ਦੀ ਟੀਮ ਵੱਲੋਂ ਨਿਰਪੱਖ ਚਿਹਰੇ ਵਜੋਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਗਾਮੀ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਅਤੇ ਨੌਜਵਾਨ ਸ਼ਕਤੀ ਨੂੰ ਖਿੱਚਣ ਲਈ ਇਹ ਨਵਾਂ ਤਜ਼ਰਬਾ ਕੀਤਾ ਗਿਆ ਹੈ। ਪਿਛਲੇ ਇੰਚਾਰਜ ਭੂਪੇਸ਼ ਬਘੇਲ ਆਖ਼ਰੀ ਸਮੇਂ ’ਤੇ ਨਿਰਪੱਖ ਇੰਚਾਰਜ ਵਾਲੀ ਛਵੀ ਗੁਆ ਚੁੱਕੇ ਸਨ ਅਤੇ ਇਹ ਇਲਜ਼ਾਮ ਚੰਨੀ ਧੜੇ੍ਹ ਵੱਲੋਂ ਲਾਏ ਜਾ ਰਹੇ ਸਨ। ਆਉਂਦੇ ਦਿਨਾਂ ’ਚ ਪੰਜਾਬ ਕਾਂਗਰਸ ਦੀ ਬੱਸ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ। ਨਵੀਂ ਨਿਯੁਕਤੀ ਹੁਣ ਕਾਂਗਰਸੀ ਵਰਕਰਾਂ ’ਚ ਉਤਸ਼ਾਹ ਭਰੇਗੀ। ਸਿਆਸੀ ਹਲਕੇ ਆਖ ਰਹੇ ਹਨ ਕਿ ਭੂਪੇਸ਼ ਬਘੇਲ ਦਾ ਪਰਿਵਾਰ ਇਸ ਵੇਲੇ ਕੇਂਦਰੀ ਸੰਘੀ ਏਜੰਸੀਆਂ ਦੇ ਗੇੜ ’ਚ ਉਲਝਿਆ ਹੋਇਆ ਸੀ ਅਤੇ ਹਾਈ ਕਮਾਂਡ ਦੀ ਸਮਝ ਸੀ ਕਿ ਕੇਂਦਰ ਸਰਕਾਰ ਪੰਜਾਬ ਚੋਣਾਂ ਦੇ ਮੱਦੇਨਜ਼ਰ ਬਘੇਲ ’ਤੇ ਹੋਰ ਸ਼ਿਕੰਜਾ ਕਸ ਸਕਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਪਵੇਗਾ। ਕਾਂਗਰਸ ਨੇ ਸੰਗਠਨ ’ਚ ਬਦਲਾਅ ਕਰਦਿਆਂ ਭੂਪੇਸ਼ ਬਘੇਲ ਨੂੰ ਹੁਣ ਅਸਾਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦੋਂ ਕਿ ਰਣਦੀਪ ਸਿੰਘ ਸੁਰਜੇਵਾਲਾ ਨੂੰ ਗੁਜਰਾਤ ਲਈ ਜਨਰਲ ਸਕੱਤਰ-ਇਨ-ਚਾਰਜ ਨਿਯੁਕਤ ਕੀਤਾ ਹੈ ਅਤੇ ਨਾਲ ਉਹ ਕਰਨਾਟਕ ਦਾ ਕੰਮ ਵੀ ਸੰਭਾਲਦੇ ਰਹਿਣਗੇ। ਇਸੇ ਤਰ੍ਹਾਂ ਸੁਖਦੇਵ ਭਗਤ ਨੂੰ ਛੱਤੀਸਗੜ੍ਹ, ਡਾ. ਸਿਰੀਵੇਲਾ ਪ੍ਰਸਾਦ ਨੂੰ ਮਹਾਰਾਸ਼ਟਰ ਅਤੇ ਪੀ.ਵੀ. ਮੋਹਨ ਨੂੰ ਆਂਧਰਾ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
.jpg)
.jpg)
.jpg)

.jpg)














































.jpg)











.jpg)







.jpg)





























.jpg)


