ਵੱਖ-ਵੱਖ ਥਾਈਂ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਵੱਖ-ਵੱਖ ਥਾਈਂ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਘਨੌਲੀ-ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਬਾਬਾ ਵਿਸ਼ਵਕਰਮਾ ਸਭਿਆਚਾਰਕ ਕਲੱਬ ਆਲੋਵਾਲ ਵੱਲੋਂ 34ਵਾਂ ਸਭਿਆਚਾਰਕ ਮੇਲਾ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਮੇਲੇ ਦੌਰਾਨ ਗੁਰਅਵਤਾਰ ਆਲੋਵਾਲ, ਏਕਮ ਚਨੌਲੀ, ਹਰਮਿੰਦਰ ਨੂਰਪੁਰੀ ਅਤੇ ਦਵਿੰਦਰ ਦਿਓਲ, ਜਸਮੀਤ ਸਿੰਘ, ਬਾਈ ਅਮਰਜੀਤ, ਮਨਿੰਦਰ ਮਾਨ, ਸੁਖਦੇਵ ਸ਼ੇਰਾ ਅਤੇ ਪਰਮਜੀਤ ਕੌਰ ਆਦਿ ਗਾਇਕ ਕਲਾਕਾਰਾਂ ਨੇ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ, ਸਰਬਜੀਤ ਸਿੰਘ ਕੁਲਗਰਾ, ਜਸਵਿੰਦਰ ਸਿੰਘ ਗੋਲਡੀ, ਚਰਨਜੀਤ ਸਿੰਘ ਰਿੰਕੂ, ਪੰਕਜ ਅਵਾਨਕੋਟ ਆਦਿ ਨੇ ਹਾਜ਼ਰੀ ਲਗਵਾਈ। ਸਮਾਗਮ ਨੂੰ ਸਫਲ ਬਣਾਉਣ ਵਿੱਚ ਚੇਅਰਮੈਨ ਬਲਵਿੰਦਰ ਸਿੰਘ ਭੋਗਲ, ਖ਼ਜ਼ਾਨਚੀ ਗੁਰਚਰਨ ਸਿੰਘ, ਸਰਪੰਚ ਸੁਰਜੀਤ ਕੌਰ, ਨੰਦ ਸਿੰਘ ਅਵਾਨਕੋਟ, ਗੌਰਵ ਸ਼ਰਮਾ ਤੇ ਸੌਰਵ ਸ਼ਰਮਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਦੌਰਾਨ ਅੱਜ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਨ ਮੌਕੇ ਸ਼ੁਭ ਕਰਮਨ ਸੇਵਾ ਸੁਸਾਇਟੀ ਘਨੌਲੀ ਵੱਲੋ ਖੂਨਦਾਨ ਕੈਂਪ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਦੀ ਦੇਖਰੇਖ ਹੇਠ ਲਾਏ ਇਸ ਕੈਂਪ ਦੌਰਾਨ ਪੀਜੀਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ ਲਗਪਗ 30 ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਗਿਆਨੀ ਸੁਰਿੰਦਰ ਸਿੰਘ ਨੂਹੋਂ, ਗੁਰਦੀਪ ਸਿੰਘ ਹੁਸੈਨਪੁਰ, ਸੁਰਜੀਤ ਸਿੰਘ ਸਿਲਮਾਸਕੋ, ਜਸਪ੍ਰੀਤ ਸਿੰਘ ਅਕਬਰਪੁਰ, ਕੰਵਲਜੀਤ ਸਿੰਘ ਬਾਬਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਵਿਸ਼ਵਕਰਮਾ ਭਵਨ ਕਮੇਟੀ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ। ਕਮੇਟੀ ਵੱਲੋਂ ਇਸ ਮੌਕੇ ਲਗਾਏ ਖੂਨਦਾਨ ਕੈਂਪ ਵਿੱਚ ਰੂਪਨਗਰ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ 36 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸ੍ਰੀ ਚੰਨੀ ਨੇ ਕਮੇਟੀ ਮੈਂਬਰਾਂ ਨੂੰ ਭਵਨ ਲਈ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਕੋਟੋ ਵਿਚੋਂ ਪੰਜ ਲੱਖ ਰੁਪਏ ਦਿਵਾਉਣਾ ਦਾ ਵਾਅਦਾ ਕੀਤਾ ਜਦੋਂ ਕਿ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਭਵਨ ਲਈ ਇੰਟਰਲਾਕ ਟਾਈਲਾਂ ਲਗਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਭੁਪਿੰਦਰ ਸਿੰਘ ਭੂਰਾ, ਸੁਖਬੀਰ ਸਿੰਘ, ਦਰਸ਼ਨ ਵਰਮਾ, ਮਲਾਗਰ ਸਿੰਘ ਖਮਾਣੋਂ, ਡਾ. ਰਾਜਪਾਲ ਚੌਧਰੀ, ਬਲਵਿੰਦਰ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ। ਮੋਰਿੰਡਾ (ਪੱਤਰ ਪ੍ਰੇਰਕ): ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵੱਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਿਸ਼ਵਕਰਮਾ ਦੀ ਮੂਰਤੀ ਦੇ ਇਸ਼ਨਾਨ ਕਰਵਾਏ ਗਏ ਅਤੇ ਵਸਤਰ ਬਦਲੇ ਗਏ। ਉਪਰੰਤ ਹਵਨ ਯੱਗ ਸ਼ੁਰੂ ਕੀਤਾ ਗਿਆ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸ੍ਰੀ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਉਣ ਉਪਰੰਤ ਆਰਤੀ ਕੀਤੀ ਗਈ। ਇਸ ਮੌਕੇ ਸ੍ਰੀ ਵਿਸ਼ਵਕਰਮਾ ਸਭਾ ਕੁਰਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ, ਡਾ. ਨਿਰਮਲ ਧੀਮਾਨ, ਪਵਨ ਧੀਮਾਨ, ਸੁਪਿੰਦਰ ਸਿੰਘ ਪਨੇਸਰ, ਕੁਲਬੀਰ ਸਿੰਘ ਸੋਨੂੰ ਰਤਨਗੜ੍ਹ, ਅਵਤਾਰ ਸਿੰਘ ਪ੍ਰਧਾਨ ਯੂਥ ਵੈੱਲਫੇਅਰ ਕਲੱਬ ਅਤੇ ਹੋਰ ਪਤਵੰਤੇ ਹਾਜ਼ਰ ਸਨ। ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਰਾਮਗੜ੍ਹੀਆ ਸਭਾ ਤੇ ਸਮੂਹ ਵਿਸ਼ਵਕਰਮਾ ਭਾਈਚਾਰਾ ਖਮਾਣੋਂ ਵੱਲੋਂ ਭਗਵਾਨ ਵਿਸ਼ਵਕਰਮਾ ਦਾ ਸਾਲਾਨਾ ਉਤਸਵ ਵਿਸ਼ਕਰਮਾ ਭਵਨ, ਵਾਰਡ ਨੰਬਰ-11 ਵਿੱਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਮੰਗਲ ਸਿੰਘ ਖਮਾਣੋਂ ਦੇ ਕੀਰਤਨੀ ਜੱਥੇ ਵੱਲੋਂ ਸ੍ਰੀ ਵਿਸ਼ਵਕਰਮਾ ਦੀ ਜੀਵਨੀ ਬਾਰੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਸੰਗਤ ਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਧਾਰਮਿਕ ਖੇਤਰ ਅਤੇ ਸਮਾਗਮ ਵਿੱਚ ਯੋਗਦਾਨ ਪਾਉਣ ਵਾਲੇ ਸੱਜਣਾਂ, ਕੌਂਸਲਰਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਰਾਮਗੜ੍ਹੀਆ ਸਭਾ ਦੇ ਪ੍ਰਧਾਨ ਭਾਗ ਸਿੰਘ ਮਾਰਵਾ ਵੱਲੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਲਾਲੜੂ (ਪੱਤਰ ਪ੍ਰੇਰਕ): ਸ਼ਿਲਪਕਲਾ ਦੇ ਬਾਨੀ ਭਗਵਾਨ ਵਿਸ਼ਵਕਰਮਾ ਦਾ ਦਿਹਾੜਾ ਲਾਲੜੂ ਦੇ ਸ੍ਰੀ ਵਿਸ਼ਵਕਰਮਾ ਮੰਦਰ ਵਿੱਚ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਵਿੱਚ ਵਿਸ਼ਵਕਰਮਾ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ। ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਧਰਮਪਾਲ ਦੀ ਦੇਖਰੇਖ ਹੇਠ ਕਰਵਾਏ ਸਮਾਗਮ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਕਿਰਤੀ ਲੋਕਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਸਮੂਹ ਕਿਰਤੀਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਤੀਸ਼ ਰਾਣਾ ਸਣੇ ਵੱਡੀ ਗਿਣਤੀ ਵਿੱਚ ਸੰਗਤ ਤੇ ਪਾਰਟੀ ਵਾਲੰਟੀਅਰ ਹਾਜ਼ਰ ਸਨ। ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਲੇਬਰ ਚੌਕ ’ਚ ਅੱਜ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਤਰ੍ਹਾਂ ਸੈਕਟਰ-12 ਦੇ ਵਿਸ਼ਵਕਰਮਾ ਮੰਦਰ ਵਿੱਚ ਵੀ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇਨ੍ਹਾਂ ਦੋਹਾਂ ਥਾਵਾਂ ’ਤੇ ਧਾਰਮਿਕ ਪ੍ਰੋਗਰਾਮ ਦੇਰ ਸ਼ਾਮ ਤੱਕ ਚੱਲੇ। ਸੈਕਟਰ-16 ਦੇ ਲੇਬਰ ਚੌਕ ਵਿੱਚ ਵੀ ਇਹ ਤਿਉਹਾਰ ਨਾਲ ਮਨਾਇਆ ਗਿਆ। ਇਨ੍ਹਾਂ ਸਮਾਰੋਹਾਂ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਦੇ ਕਦਮਾਂ ਉੱਤੇ ਚੱਲਣ ਲਈ ਪ੍ਰੇਰਿਆ। ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸਪੀਕਰ ਗਿਆਨ ਚੰਦ ਗੁਪਤਾ ਨੂੰ ਦਿੱਤਾ। ਬਰਵਾਲਾ ਬਲਾਕ ਵਿੱਚ ਪੈਂਦੇ ਪਿੰਡ ਬਤੌੜ ਵਿੱਚ ਵੀ ਵਿਸ਼ਵਕਰਮਾ ਜੈਯੰਤੀ ਮਨਾਈ ਗਈ। ਪੰਚਕੂਲਾ ਵਿੱਚ ਅੱਜ ਮਕੈਨਿਕਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਮਕੈਨਿਕਾਂ ਨੇ ਆਪਣੇ ਔਜ਼ਾਰਾਂ ਦੀ ਪੂਜਾ ਕੀਤੀ।