ਕੰਗਣਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਨੇ ਬਣਾਏ ਐਮਰਜੈਂਸੀ ਵਰਗੇ ਹਾਲਾਤ

ਕੰਗਣਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਨੇ ਬਣਾਏ ਐਮਰਜੈਂਸੀ ਵਰਗੇ ਹਾਲਾਤ

ਕੰਗਣਾ ਰਣੌਤ ਇਕ ਅਜਿਹੀ ਮਹਿਲਾ ਹੈ ਜੋ ਹਮੇਸ਼ਾ ਹੀ ਚਰਚਾ ਵਿਚ ਰਹਿਣਾ ਚਾਹੁੰਦੀ ਹੈ। ਕਿਸਾਨ ਅੰਦੋਲਨ ਵੇਲੇ ਉਹ ਸਿਰਫ ਇਕ ਅਦਾਕਾਰਾ ਸੀ ਪਰ ਉਸਨੇ ਕਿਸਾਨਾਂ ਖਿਲਾਫ ਦਿਲ ਚੀਰਵੇਂ ਬਿਆਨ ਦੇ ਕੇ ਇਹ ਇਸ਼ਾਰਾ ਦੇ ਦਿੱਤਾ ਸੀ ਕਿ ਉਹ ਭਾਜਪਾ ਦਾ ਪੱਖ ਪੂਰਦੀ ਹੈ ਅਤੇ ਕਦੇ ਨਾ ਕਦੇ ਸਿਆਸਤ ਵਿਚ ਆ ਜਾਵੇਗੀ। ਹੋਇਆ ਵੀ ਇੰਝ ਹੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਜਦੋਂ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਟਿਕਟ ਦਿੱਤੀ ਤਾਂ ਬਿੱਲੀ ਥੈਲਿਓਂ ਬਾਹਰ ਆ ਗਈ ਅਤੇ ਉਸਦਾ ਮਕਸਦ ਪੂਰਾ ਹੋ ਗਿਆ। ਪਰ ਕਿਸਾਨਾਂ ਖਿਲਾਫ਼ ਬਿਆਨਬਾਜ਼ੀ ਕਾਰਨ ਕਿਸਾਨ ਵਰਗ ਉਸਦੇ ਖਿਲਾਫ਼ ਹੋ ਗਿਆ ਅਤੇ ਇਸਦੇ ਫਲਸਰੂਪ ਹੀ ਇਕ ਮਹਿਲਾ ਸੁਰੱਖਿਆ ਅਧਿਕਾਰੀ ਕੁਲਵਿੰਦਰ ਕੌਰ ਨੇ ਮੋਹਾਲੀ ਏਅਰਪੋਰਟ ਉੱਤੇ ਕੰਗਣਾ ਰਣੌਤ ਦੇ ਥੱਪੜ ਜੜ ਦਿੱਤਾ ਸੀ। ਇਸ ਘਟਨਾ ਤੋਂ ਇਹ ਸਾਫ ਹੋ ਗਿਆ ਸੀ ਕਿ ਕੰਗਣਾ ਰਣੌਤ ਦੇ ਖਿਲਾਫ਼ ਕਿਸਾਨਾਂ ਖਾਸਕਰ ਪੰਜਾਬੀ ਕਿਸਾਨਾਂ ਵਿਚ ਬਹੁਤ ਜ਼ਿਆਦਾ ਗੁੱਸਾ ਹੈ। ਪਰ ਉਹ ਇਹ ਸਮਝਣ ਤੋਂ ਅਣਜਾਣ ਬਣੀ ਰਹੀ ਜਾਂ ਕਹਿ ਲਓ ਕਿ ਢੀਠ ਹੋ ਗਈ ਅਤੇ ਉਹਨੇ ਇਕ ਵਾਰ ਫਿਰ ਕਿਸਾਨਾਂ ਦੇ ਜ਼ਖਮ ਛਿੱਲਣ ਦੀ ਕੋਸ਼ਿਸ਼ ਕੀਤੀ। ਬੀਤੇ ਦਿਨੀਂ ਉਸਨੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਬੂ ਨਾ ਕਰਦੇ ਤਾਂ ਕਿਸਾਨਾਂ ਨੇ ਭਾਰਤ ਦਾ ਹਾਲ ਬੰਗਲਾਦੇਸ਼ ਵਾਲਾ ਕਰ ਦੇਣਾ ਸੀ। ਕੰਗਣਾ ਦੇ ਇਸ ਬਿਆਨ ’ਤੇ ਕਿਸਾਨ ਫਿਰ ਭੜਕ ਉੱਠੇ ਅਤੇ ਉਸਦੀ ਭੁਗਤ ਸੁਆਰਨ ਲੱਗ ਪਏ। ਕੰਗਣਾ ਨੂੰ ਹਰ ਪਾਸਿਓਂ ਅਲੋਚਨਾ ਝੱਲਣੀ ਪੈ ਰਹੀ ਹੈ। ਹੁਣ ਤਾਂ ਬੀ.ਜੇ.ਪੀ. ਵਾਲਿਆਂ ਨੇ ਵੀ ਉਸਦੇ ਬਿਆਨ ਤੋਂ ਪੱਲਾ ਝਾੜ ਲਿਆ ਅਤੇ ਕਿਸਾਨੀ ਅੰਦੋਲਨ ਦੌਰਾਨ ਸਭ ਤੋਂ ਵੱਧ ਗਾਲਾਂ ਖਾਣ ਵਾਲੇ ਹਰਜੀਤ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਹਿ ਦਿੱਤਾ ਹੈ ਕਿ ਕੰਗਣਾ ਦੇ ਬਿਆਨ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ ਹੈ।
ਇਹ ਮਾਮਲਾ ਅਜੇ ਠੰਢਾ ਨਹੀਂ ਸੀ ਪਿਆ ਕਿ ਕੰਗਣਾ ਨੇ ਆਪਣੀ ਫਿਲਮ ‘ਐਮਰਜੈਂਸੀ’ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ। ਪਹਿਲਾਂ ਸਿੱਖਾਂ ਵਿਚ ਕੰਗਣਾ ਦੇ ਖਿਲਾਫ ਵੈਸੇ ਹੀ ਗੱੁਸਾ ਸੀ ਦੂਜਾ ਪਤਾ ਲੱਗਾ ਕਿ ਇਸ ਫਿਲਮ ਵਿਚ ਸਿੱਖਾਂ ਦਾ ਅਕਸ ਸਹੀ ਨਹੀਂ ਦਿਖਾਇਆ ਗਿਆ ਤਾਂ ਪੰਜਾਬ ਅਤੇ ਹਰਿਆਣਾ ਵਿਚ ਇਸ ਫ਼ਿਲਮ ਦੇ ਖਿਲ਼ਾਫ ਬੜੀ ਵੱਡੀ ਮੁਹਿੰਮ ਚੱਲ ਪਈ। ਲੋਕਾਂ ਦਾ ਗੱੁਸਾ ਦੇਖਦੇ ਹੋਏ ਸੈਂਸਰ ਬੋਰਡ ਨੇ ਵੀ ਇਸ ਫਿਲਮ ਦਾ ਸਰਟੀਫ਼ਿਕੇਟ ਅਜੇ ਰੋਕ ਲਿਆ ਹੈ।
ਜਾਣਕਾਰ ਦੱਸਦੇ ਹਨ ਕਿ ਇਸ ਫ਼ਿਲਮ ਵਿਚ ਕੰਗਣਾ ਰਣੌਤ ਨੇ ਖੁਦ ਇੰਦਰਾ ਗਾਂਧੀ ਦਾ ਰੋਲ ਨਿਭਾਇਆ ਹੈ। ਇਸ ਵਿਚ ਉਸਨੇ ਸਿੱਖਾਂ ਦਾ ਅਕਸ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਧੇ ਸਿੱਧੇ ਹੀ ਇਹ ਗੱਲ ਸਮਝ ਲੱਗਦੀ ਹੈ ਕਿ ਉਸਨੇ ਸਿੱਖਾਂ ਨਾਲ ਆਪਣੀ ਚੱਲ ਰਹੀ ਦੁਸ਼ਮਣੀ ਨੂੰ ਫ਼ਿਲਮ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਲੱਗਦਾ ਹੈ ਕਿ ਉਸਨੂੰ ਇਹ ਚਾਲ ਪੁੱਠੀ ਪੈ ਜਾਵੇਗੀ। ਐੱਸ.ਜੀ.ਪੀ.ਸੀ. ਵਲੋਂ ਵੀ ਇਸ ਫਿਲਮ ਦਾ ਵਿਰੋਧ ਕਰ ਦਿੱਤਾ ਗਿਆ ਹੈ ਅਤੇ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਐੱਸ.ਜੀ.ਪੀ.ਸੀ. ਦੀ ਮਨਜ਼ੂਰੀ ਤੋਂ ਬਿਨਾਂ ਇਹ ਫ਼ਿਲਮ ਰਿਲੀਜ਼ ਨਾ ਕੀਤੀ ਜਾਵੇ।
ਕੰਗਣਾ ਰਣੌਤ ਵਾਰ ਵਾਰ ਸਿੱਖਾਂ ਅਤੇ ਖਾਸਕਰ ਪੰਜਾਬੀਆਂ ਨਾਲ ਪੰਗਾ ਕਿਉਂ ਲੈ ਰਹੀ ਹੈ, ਇਸ ਗੱਲ ਦੀ ਸਮਝ ਸਭ ਨੂੰ ਆ ਚੱੁਕੀ ਹੈ। ਭਾਜਪਾ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਵਿਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਉਸ ਲਈ ਉਸਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਕਿ ਹਿੰਦੂ ਵੋਟਾਂ ਦਾ ਧਰੁਵੀਕਰਨ ਕਰ ਸਕੇ। ਇਸ ਲਈ ਉਹਨਾਂ ਕੰਗਣਾ ਰਣੌਤ ਨੂੰ ਹਵਾ ਦਿੱਤਾ ਹੋਈ ਹੈ ਤਾਂ ਜੋ ਉਹ ਪੰਜਾਬ ਦੀਆਂ ਹਿੰਦੂ ਵੋਟਾਂ ਨੂੰ ਭਾਜਪਾ ਦੇ ਝੰਡੇ ਥੱਲੇ ਇਕੱਠਾ ਕਰ ਸਕੇ। ਭਾਜਪਾ ਇਹ ਜਾਣਦੀ ਹੈ ਕਿ ਪੰਜਾਬ ਦੀ ਪੇਂਡੂ ਅਤੇ ਸਿੱਖ ਵੋਟ ਤਾਂ ਉਸਨੂੰ ਨਹੀਂ ਮਿਲ ਸਕਦੀ ਇਸ ਲਈ ਉਹ ਆਪਣੀ ਸਿਆਸਤ ਦਾ ਕੇਂਦਰ ਬਿੰਦੂ ਸ਼ਹਿਰਾਂ ਨੂੰ ਹੀ ਬਣਾ ਲਵੇ ਤਾਂ ਚੰਗਾ ਰਹੇਗਾ ਅਤੇ ਸ਼ਹਿਰਾਂ ਵਿਚ ਜ਼ਿਆਦਾਤਰ ਆਬਾਦੀ ਹਿੰਦੂ ਭਾਈਚਾਰੇ ਦੀ ਹੀ ਹੁੰਦੀ ਹੈ। ਇਸ ਤਰਾਂ ਕਰਨ ਨਾਲ ਭਾਜਪਾ ਦੇ ਪੰਜਾਬ ਵਿਚ ਪੈਰ ਲੱਗ ਜਾਣਗੇ। ਪਰ ਲੱਗਦਾ ਨਹੀਂ ਕਿ ਭਾਜਪਾ ਕੰਗਣਾ ਦੇ ਰਸਤੇ ਕਾਮਯਾਬ ਹੋ ਸਕੇਗੀ ਕਿਉਂਕਿ ਇਸ ਭਾਈਚਾਰਕ ਸਾਂਝ ਵਿਚ ਤ੍ਰੇੜ ਪਾਉਣ ਵਾਲੀ ਕੰਗਣਾ ਨੂੰ ਬਹੁਤੇ ਹਿੰਦੂ ਵੀ ਪਸੰਦ ਨਹੀਂ ਕਰ ਰਹੇ, ਸ਼ਾਇਦ ਇਸੇ ਲਈ ਹੀ ਹੁਣ ਭਾਜਪਾ ਵੀ ਕੰਗਣਾ ਤੋਂ ਪੈਰ ਪਿੱਛੇ ਖਿੱਚ ਰਹੀ ਹੈ। ਅਰਦਾਸ ਕਰਦੇ ਹਾਂ ਕਿ ਭੁੱਲੀ ਭਟਕੀ ਕੰਗਣਾ ਦੇ ਮਨ ਸਮੱਤਿਆ ਪੈ ਜਾਵੇ ਅਤੇ ਉਹ ਪੰਜਾਬੀਆਂ ਤੇ ਖਾਸਕਰ ਸਿੱਖਾਂ ਪ੍ਰਤੀ ਆਪਣੇ ਮਨ ਵਿੱਚੋਂ ਜ਼ਹਿਰ ਖਤਮ ਕਰ ਕੇ ਭਾਈਚਾਰੇ ਸਾਂਝ ਦਾ ਝੰਡਾ ਚੱੁਕ ਲਵੇ, ਇਹ ਕਿਸੇ ਇਕ ਸੂਬੇ ਹੀ ਨਹੀਂ ਸਗੋਂ ਦੇਸ਼ ਦੇ ਹਿਤ ਵਿਚ ਵੀ ਹੋਵੇਗਾ। ਆਮੀਨ!