
ਸਿਆਣੇ ਕਹਿੰਦੇ ਨੇ ਕਿ ਮਾਰਨ ਵਾਲੇ ਦਾ ਹੱਥ ਤਾਂ ਫੜਿਆ ਜਾ ਸਕਦੈ, ਪਰ ਬੋਲਣ ਵਾਲੇ ਦੀ ਜ਼ੁਬਾਨ ਨਹੀਂ ਫੜੀ ਜਾ ਸਕਦੀ। ਜੀਭ ਵਿਚ ਕੋਈ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਸਰੀਰ ਦੀਆਂ ਸਾਰੀਆਂ ਹੱਡੀਆਂ ਤੁੜਵਾ ਜ਼ਰੂਰ ਸਕਦੀ ਹੈ। ਸਰੀਰ ਦੇ ਕਿਸੇ ਵੀ ਅੰਗ ਤੇ ਹੋਏ ਜ਼ਖਮ ਨਾਲੋਂ ਜੀਭ ’ਤੇ ਹੋਇਆ ਜ਼ਖ਼ਮ ਸਭ ਤੋਂ ਪਹਿਲਾਂ ਠੀਕ ਹੁੰਦੈ, ਪਰ ਜੀਭ ਦਾ ਦਿੱਤਾ ਹੋਇਆ ਜ਼ਖਮ ਕਦੇ ਵੀ ਠੀਕ ਨਹੀਂ ਹੁੰਦਾ। ਉਪਰੋਕਤ ਉਦਾਹਰਣਾ ਦੇਣ ਦਾ ਮਕਸਦ ਜ਼ੁਬਾਨ ਵਿਚੋਂ ਨਿਕਲੇ ਸ਼ਬਦਾਂ ਦੇ ਨਤੀਜੇ ਅਤੇ ਮਹੱਤਤਾ ਸਬੰਧੀ ਬਜ਼ੁਰਗਾਂ ਵਲੋਂ ਕੱਢੇ ਗਏ ਤੱਤਾਂ ਉੱਤੇ ਵਿਚਾਰ ਕਰਨਾ ਹੈ। ਆਮ ਸਮਾਜ ਵਿਚ ਵੀ ਜਿਸ ਵਿਅਕਤੀ ਨੂੰ ਬੋਲਣ ਦਾ ਚੱਜ ਨਾ ਹੋਵੇ, ਉਸਨੂੰ ਸਤਿਕਾਰ ਨਹੀਂ ਮਿਲਦਾ। ਜਿਸਦੀ ਦੀ ਬੋਲਚਾਲ ਚੰਗੀ ਹੋਵੇ ਉਸਨੂੰ ਹੀ ਹਰ ਪਾਸੇ ਸਲਾਮਾਂ ਹੁੰਦੀਆਂ ਹਨ। ਕੰਗਣਾ ਰਣੌਤ ਇਕ ਅਜਿਹੀ ਔਰਤ ਹੈ ਜਿਸ ਤੋਂ ਆਪਣੀ ਜ਼ੁਬਾਨ ਕਾਬੂ ਵਿਚ ਨਹੀਂ ਰਹਿੰਦੀ। ਉਹ ਪੜਦਿਆਂ ਹੀ ਘਰਦਿਆਂ ਦੇ ਕਾਬੂ ਤੋਂ ਬਾਹਰ ਹੋ ਕੇ ਬਾਲੀਵੁੱਡ ਵਿਚ ਕਿਸਮਤ ਅਜਮਾਉਣ ਚਲੀ ਗਈ ਸੀ। ਉੱਥੇ ਉਸਨੂੰ ਕੋਈ ਵੱਡੀ ਕਾਮਯਾਬੀ ਨਾ ਮਿਲੀ ਤਾਂ ਉਸਦੀ ਨੇੜਤਾ ਪ੍ਰਧਾਨ ਮੰਤਰੀ ਨਾਲ ਨਰਿੰਦਰ ਮੋਦੀ ਨਾਲ ਹੋ ਗਈ ਜਿਸ ਕਾਰਨ ਉਹ ਹਮੇਸ਼ਾ ਹੀ ਮੋਦੀ ਦੇ ਗੁੱਗੇ ਗਾਉਣ ਲੱਗੀ। ਜਦੋਂ ਮੋਦੀ ਸਰਕਾਰ ਵਲੋਂ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਤਿੰਨ ਖੇਤੀਬਾੜੀ ਕਾਨੂੰਨ ਬਣਾਏ ਤਾਂ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵਲੋਂ ਅੰਦੋਲਨ ਅਰੰਭ ਕਰ ਦਿੱਤਾ ਗਿਆ ਸੀ। ਕਿਸਾਨੀ ਅੰਦੋਲਨ ਨੂੰ ਹਰ ਪਾਸਿਓਂ ਬੜਾ ਹੀ ਭਰਵਾਂ ਹੁੰਗਾਰਾ ਮਿਲਿਆ ਪਰ ਭਾਜਪਾ ਪੱਖੀਆਂ ਵਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ ਗਿਆ। ਬਲਦੀ ਉੱਤੇ ਤੇਲ ਪਾਉਣ ਲਈ ਕੰਗਣਾ ਰਣੌਤ ਵੀ ਪਿੱਛੇ ਨਾ ਰਹੀ ਅਤੇ ਕਿਸਾਨਾਂ ਖਿਲਾਫ ਬਿਆਨ ਦਿੰਦੀ ਰਹੀ, ਉਸ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅੰਦੋਲਨ ਵਿਚ ਆਈਆਂ ਬੀਬੀਆਂ 100-100 ਰੁਪਏ ਦਿਹਾੜੀ ਲੈ ਕੇ ਆਉਂਦੀਆਂ ਹਨ। ਇਸੇ ਗੱਲ ਨੂੰ ਇਕ ਪੁਲਿਸ ਵਾਲੀ ਬੀਬੀ ਕੁਲਵਿੰਦਰ ਕੌਰ ਨੇ ਦਿਲ ’ਤੇ ਲਾ ਲਿਆ ਸੀ ਅਤੇ ਉਸ ਨੇ ਮੋਹਾਲੀ ਏਅਰਪੋਰਟ ਉੱਤੇ ਕੰਗਣਾ ਰਣੌਤ ਦੇ ਥੱਪੜ ਮਾਰ ਕੇ ਉਸਦੀ ਸੁਰਤ ਟਿਕਾਣੇ ਲਿਆਂਦੀ ਸੀ। ਪਰ ਜਿਵੇਂ ਕਹਿੰਦੇ ਨੇ ਕਿ ਬੋਲਣ ਵਾਲੇ ਦੀ ਜੀਭ ਨਹੀਂ ਫੜੀ ਜਾ ਸਕਦੀ ਇਸੇ ਤਰਾਂ ਕੰਗਣਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਉਸਨੇ ਹੁਣ ਇਕ ਨਵਾਂ ਬਿਆਨ ਦਿੱਤਾ ਹੈ ਕਿ ਜੇਕਰ ਕਿਸਾਨੀ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਢੰਗ ਨਾਲ ਕਾਬੂ ਨਾ ਕਰਦੇ ਤਾਂ ਉਹਨਾਂ ਭਾਰਤ ਦਾ ਬੰਗਲਾਦੇਸ਼ ਵਾਲਾ ਹਾਲ ਬਣਾ ਦੇਣਾ ਸੀ। ਕੰਗਣਾ ਦੇ ਇਸ ਬਿਆਨ ਤੋਂ ਕਿਸਾਨ ਕਾਫੀ ਭੜਕ ਗਏ। ਕੰਗਣਾ ਦਾ ਇਹ ਬਿਆਨ ਉਦੋਂ ਆਇਆ ਜਦੋਂ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਸਿਰ ’ਤੇ ਖੜੀਆਂ ਹਨ। ਭਾਜਪਾ ਆਗੂਆਂ ਨੇ ਕੰਗਣਾ ਰਣੌਤ ਦੇ ਇਸ ਬਿਆਨ ਤੋਂ ਆਪਣੇ ਆਪ ਨੂੰ ਵੱਖ ਕੀਤਾ ਹੈ ਅਤੇ ਇਹ ਖ਼ਬਰ ਫ਼ੈਲਾਈ ਗਈ ਹੈ ਕਿ ਕੰਗਣਾਂ ਨੂੰ ਅੱਗੇ ਤੋਂ ਅਜਿਹਾ ਬਿਆਨ ਨਾ ਦੇਣ ਦੀ ਨਸੀਹਤ ਵੀ ਦਿੱਤੀ ਗਈ ਹੈ। ਪਰ ਸਭ ਜਾਣਦੇ ਹਨ ਕਿ ਭਾਜਪਾ ਦੇ ਇਸ਼ਾਰੇ ਉੱਤੇ ਹੀ ਉਹ ਕਿਸਾਨਾਂ ਦੇ ਖਿਲਾਫ਼ ਬਿਆਨ ਦਿੰਦੀ ਹੈ। ਇਸ ਮਾਮਲੇ ਉੱਤੇ ਆਮ ਆਦਮੀ ਪਾਰਟੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਕੰਗਨਾ ਰਣੌਤ ਨੂੰ ਫ਼ਟਕਾਰ ਲਾਉਣ ਨੂੰ ਮਹਿਜ ਇੱਕ ਦਿਖਾਵਾ ਅਤੇ ਰਣਨੀਤਕ ਕਦਮ ਦੱਸਿਆ ਹੈ। ਇਸੇ ਸੋਮਵਾਰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ, ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਦਾਅਵਾ ਕੀਤਾ ਕਿ ਫ਼ਟਕਾਰ ਸਿਰਫ਼ ਦਿਖਾਵਾ ਹੈ, ਕਿਉਂਕਿ ਰਣੌਤ ਦੀ ਟਿੱਪਣੀ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦਰਸਾਉਂਦੀ ਹੈ। ਗਰਗ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਕਿਸੇ ਭਾਜਪਾ ਆਗੂ ਵੱਲੋਂ ਲੋਕਾਂ ਜਾਂ ਕਿਸਾਨਾਂ ਲਈ ਇਸ ਤਰਾਂ ਦੇ ਬਿਆਨ ਜਾਂ ਕਾਰਵਾਈ ਕੀਤੀ ਗਈ ਹੋਵੇ, ਫ਼ਿਰ ਵੀ ਭਾਜਪਾ ਨੇ ਇਤਿਹਾਸਕ ਤੌਰ ’ਤੇ ਅਜਿਹੇ ਵਿਅਕਤੀਆਂ ਨੂੰ ਇਨਾਮ ਦਿੱਤਾ ਹੈ। ਉਨਾਂ ਨੇ ਰਣੌਤ ਅਤੇ ਅਜੈ ਮਿਸ਼ਰਾ ਟੈਨੀ ਦੇ ਸਮਰਥਨ ਦੀ ਉਦਾਹਰਣ ਦਿੱਤੀ। ਗਰਗ ਨੇ ਕਿਹਾ ਕਿ ਰਣੌਤ ਦੇ ਵਿਵਾਦਿਤ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਭਾਜਪਾ ਦੀ ਕੋਸ਼ਿਸ਼ ਸੰਭਾਵਤ ਤੌਰ ’ਤੇ ਕਈ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪ੍ਰੇਰਿਤ ਹੈ। ਉਨਾਂ ਕਿਹਾ ਕਿ ਭਾਜਪਾ ਨੇਤਾ ਅਕਸਰ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦਿੰਦੇ ਹਨ, ਪਰ ਪਾਰਟੀ ਨੇ ਉਨਾਂ ਖ਼ਿਲਾਫ਼ ਕਦੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ।ਜੇਕਰ ਕੰਗਣਾ ਰਣੌਤ ਅਜਿਹੇ ਬਿਅਨਾ ਦਿੰਦੀ ਰਹੀ ਤਾਂ ਇਕ ਨਾ ਇਕ ਦਿਨ ਭਾਜਪਾ ਨੂੰ ਇਸਦਾ ਨੁਕਸਾਨ ਤਾਂ ਉਠਾਉਣਾ ਹੀ ਪਵੇਗਾ। ਭਾਜਪਾ ‘ਸਾਡੀ ਬੁੜੀ ਕਮਲੀ ਐ, ਲੋਕਾਂ ਦੇ ਭਾਂਡੇ ਚੱੁਕ ਲਿਆਉਂਦੀ ਐ’ ਵਾਲੀ ਨੀਤੀ ’ਤੇ ਚੱਲ ਕੇ ਕੰਗਣਾ ਨੂੰ ਅੰਦਰੋਗਤੀ ਹਵਾ ਦੇ ਰਹੀ ਹੈ ਪਰ ਇਸ ਦਾ ਨਤੀਜਾ ਭਾਜਪਾ ਦੇ ਹੱਕ ਵਿਚ ਨਹੀਂ ਹੋਵੇਗਾ। ਆਮੀਨ!