.jpg)
ਕੰਗਣਾ ਰਣੌਤ ਜਿੰਨੀ ਖੂਬਸੂਰਤ ਹੈ ਓਨੀ ਹੀ ਜ਼ੁਬਾਨ ਦੀ ਬਦਸੂਰਤ ਹੈ। ਉਹ ਇਕ ਵੱਡਾ ਨਾਮ ਹੁੰਦੇ ਹੋਏ ਵੀ ਛੋਟੀਆਂ ਗੱਲਾਂ ਕਰਨ ਤੋਂ ਬਾਜ਼ ਨਹੀਂ ਆਉਂਦੀ। ਦੂਜਿਆਂ ਦਾ ਦਿਲ ਦੁਖਾਉਣਾ ਉਸਦਾ ਕਿਸਬ ਹੀ ਬਣ ਗਿਆ ਲੱਗਦਾ ਹੈ। ਉਹ ਹਮੇਸ਼ਾ ਹੀ ਸੁਰਖੀਆਂ ’ਚ ਰਹਿਣਾ ਚਾਹੁੰਦੀ ਹੈ। ਵਿਵਾਦ ਉਹਦੇ ਨਾਲ ਜੁੜੇ ਰਹਿੰਦੇ ਹਨ ਜਾਂ ਕਹਿ ਲਓ ਕਿ ਉਹ ਵਿਵਾਦਾਂ ਨਾਲ ਜੁੜੀ ਰਹਿੰਦੀ ਹੈ। ਉਹ ਚਰਚਾ ’ਚ ਰਹਿਣ ਲਈ ਕੁਝ ਵੀ ਕਰ ਸਕਦੀ ਹੈ। ਸਭ ਤੋਂ ਪਹਿਲਾਂ ਉਹ ਉਦੋਂ ਚਰਚਾ ਵਿਚ ਆਈ ਜਦੋਂ 2019 ’ਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਪੱਧਰੀ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ। ਦੁਨੀਆਂ ਜਾਣਦੀ ਹੈ ਕਿ ਉਸ ਕਿਸਾਨ ਅੰਦੋਲਨ ਵਿਚ ਲੋਕ ਆਪ ਮੁਹਾਰੇ ਹੀ ਸ਼ਾਮਿਲ ਹੋਏ ਸਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸਨ। ਉਹਨਾਂ ਵੇਲਿਆਂ ’ਚ ਭਾਜਪਾ ਆਗੂਆਂ ਵਲੋਂ ਕਿਸਾਨਾਂ ਉੱਤੇ ਕਈ ਤਰਾਂ ਦੇ ਦੋਸ਼ ਲਗਾਏ ਜਾ ਰਹੇ ਸਨ, ਕਦੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਕਰਿੰਦੇ, ਕਦੇ ਖਾਲਿਸਤਾਨੀ, ਕਦੇ ਮਾਓਵਾਦੀ ਅਤੇ ਕਦੇ ਟੁਕੜੇ ਟੁਕੜੇ ਗੈਂਗ ਵਾਲੇ ਕਿਹਾ ਜਾਂਦਾ ਸੀ। ਇਹਨਾਂ ਦਾ ਜਵਾਬ ਕਿਸਾਨ ਦਿੰਦੇ ਆ ਰਹੇ ਸਨ ਕਿ ਇਸ ਦੌਰਾਨ ਹੀ ਇਕ ਫਿਲਮ ਐਕਟਰੈੱਸ ਕੰਗਣਾ ਰਣੌਤ ਨੇ ਆਖ ਦਿੱਤਾ ਕਿ ਕਿਸਾਨੀ ਧਰਨਿਆਂ ਵਿਚ ਔਰਤਾਂ 100-100 ਰੁਪਏ ਦਿਹਾੜੀ ਲੈ ਕੇ ਸ਼ਾਮਿਲ ਹੁੰਦੀਆਂ ਹਨ। ਇਸ ਬਿਆਨ ਦਾ ਹਰ ਵਰਗ ਵਲੋਂ ਹੀ ਬਹੁਤ ਬੁਰਾ ਮਨਾਇਆ ਗਿਆ ਤੇ ਕਿਸਾਨਾਂ ਨੇ ਕੰਗਣਾਂ ਦਾ ਥਾਂ ਥਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿਚ ਬਿੱਲੀ ਉਦੋਂ ਥੈਲਿਓਂ ਬਾਹਰ ਆਈ ਜਦੋਂ ਉਸਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਫਿਰ ਇਹ ਸਮਝ ਆਈ ਕਿ ਉਹ ਵੈਸੇ ਹੀ ਕਿਸਾਨਾਂ ਦਾ ਵਿਰੋਧ ਨਹੀਂ ਸੀ ਕਰ ਰਹੀ ਉਸਨੇ ਸਿਆਸਤ ਵਿਚ ਆਉਣਾ ਸੀ ਤੇ ਭਾਜਪਾ ਦਾ ਹੁਕਮ ਪੁਗਾ ਰਹੀ ਸੀ। ਭਾਜਪਾ ਨੇ ਵੀ ਉਸਨੂੰ ਆਉਂਦਿਆਂ ਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਤੇ ਉਸਨੂੰ ਉਮੀਦਵਾਰ ਬਣਾਇਆ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਕ ਮਹਿਲਾ ਸਕਿਉਰਿਟੀ ਗਾਰਡ ਨੇ ਮੋਹਾਲੀ ਹਵਾਈ ਅੱਡੇ ’ਤੇ ਕੰਗਣਾ ਦੇ ਥੱਪੜ ਜੜ ਦਿੱਤਾ ਸੀ ਤੇ ਬਾਅਦ ਵਿਚ ਪਤਾ ਚੱਲਿਆ ਸੀ ਕਿ ਉਸ ਮਹਿਲਾ ਪੁਲਿਸ ਅਧਿਕਾਰੀ ਦੀ ਮਾਂ ਵੀ ਉਹਨਾਂ ਵੇਲਿਆਂ ’ਚ ਕਿਸਾਨ ਅੰਦੋਲਨ ਵਿਚ ਸ਼ਾਮਿਲ ਰਹੀ ਸੀ ਅਤੇ ਉਸਨੇ ਨੇ ਕੰਗਣਾ ਦੀ ਇਹ ਗੱਲ ਦਿਲ ’ਤੇ ਲਾ ਲਈ ਸੀ।
ਕੰਗਣਾ ਰਣੌਤ ਦੀ ਜੇਕਰ ਗੱਲ ਕਰੀਏ ਤਾਂ ਉਹ ਖੁਦ ਕਈ ਵਾਰ ਇੰਟਰਵਿਊ ਵਿਚ ਮੰਨ ਚੱੁਕੀ ਹੈ ਕਿ ਉਹ ਪੜਨ ਵਿਚ ਬਹੁਤੀ ਤੇਜ਼ ਨਹੀਂ ਸੀ ਇਸ ਲਈ ਉਹ ਨਾਬਾਲਗ ਉਮਰੇ ਹੀ ਘਰੋਂ ਨਿਕਲ ਗਈ ਸੀ ਅਤੇ ਦਿੱਲੀ ਵਿਚ ਜਾ ਕੇ ਫੈਸ਼ਨ ਦੀ ਦੁਨੀਆਂ ਨਾਲ ਜੁੜ ਗਈ ਸੀ। ਉਹ ਮੰਨਦੀ ਹੈ ਕਿ ਉਸਨੇ ਕਾਮਯਾਬੀ ਹਾਸਲ ਕਰਨ ਲਈ ਕਈਆਂ ਨਾਲ ਬਿਸਤਰ ਵੀ ਸਾਂਝਾ ਕੀਤਾ। ਉਸਦੀ ਜ਼ਿੰਦਗੀ ਦੇ ਹੁਣ ਤੱਕ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਹ ਅੱਗੇ ਵਧਣ ਲਈ ਜਾਇਜ਼ ਨਜਾਇਜ਼ ਕੁਝ ਵੀ ਕਰ ਸਕਦੀ ਹੈ ਅਤੇ ਹੁਣ ਉਸਨੇ ਹੋਰ ਵੀ ਚਰਚਾ ਖੱਟਣ ਲਈ ਇਕ ਚਿਰਾਂ ਤੋਂ ਵਿਵਾਦਾਂ ਦਾ ਕਾਰਨ ਬਣੀ ਉਸਦੀ ਫਿਲਮ ‘ਐਮਰਜੈਂਸੀ’ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਕਾਰਨ ਖਾਸਕਰ ਪੰਜਾਬ ਵਿਚ ਇਕ ਵਾਰ ਫਿਰ ਵਿਵਾਦ ਖੜਾ ਹੋ ਗਿਆ ਹੈ।
ਕੰਗਣਾ ਰਣੌਤ ਦੀ ਇਸ ਇਸ ਫਿਲਮ ਦੀ ਕਹਾਣੀ ਦੇ ਅਧਾਰ ਦੀ ਇੱਥੇ ਗੱਲ ਕਰਦੇ ਹਾਂ। ਭਾਰਤ ਨੂੰ 1947 ’ਚ ਅਜ਼ਾਦੀ ਮਿਲੀ ਤੇ ਜਿਸ ਨਾਲ ਦੇਸ਼ ਵੰਡਿਆ ਗਿਆ। ਇਕ ਟੁਕੜੇ ’ਚ ਭਾਰਤ ਰਹਿ ਗਿਆ ਅਤੇ ਪੂਰਬੀ ਤੇ ਪੱਛਮੀਂ ਦੋ ਹਿੱਸਿਆਂ ’ਚ ਪਾਕਿਸਤਾਨ ਬਣਾ ਦਿੱਤਾ ਗਿਆ। ਪੂਰਬੀ ਪਾਕਿਸਤਾਨ ਦੀ ਪੱਛਮੀਂ ਪਾਕਿਸਤਾਨ ਨਾਲ ਕੋਈ ਸੱਭਿਆਚਾਰਕ ਸਾਂਝ ਨਹੀਂ ਸੀ। ਪੱਛਮੀਂ ਪਾਕਿਸਤਾਨ ਦੇ ਸੱਭਿਆਚਾਰ ਦਾ ਪੂਰਬੀ ਪਾਕਿਸਤਾਨ ਉੱਤੇ ਦਬਦਬਾ ਸੀ ਤੇ ਉੱਥੇ ਤਾਨਾਸ਼ਾਹੀ ਚਲਾਈ ਜਾ ਰਹੀ ਸੀ। ਉੱਥੇ ਜੇਕਰ ਵਿਰੋਧੀ ਉਮੀਦਵਾਰ ਜਿੱਤ ਜਾਂਦਾ ਤਾਂ ਉਸਨੂੰ ਹਰਾ ਕੇ ਆਪਣਾ ਹਾਰਿਆ ਹੋਇਆ ਉਮੀਦਵਾਰ ਜਿਤਾ ਲਿਆ ਜਾਂਦਾ। ਇਸ ਲਈ ਪੂਰਬੀ ਪਾਕਿਸਤਾਨ ਦੇ ਆਵਾਮ ਨੂੰ ਸਰਕਾਰ ਨਾਲ ਨਫਰਤ ਹੋ ਗਈ ਤੇ ਉਹ ਅਜ਼ਾਦ ਹੋਣ ਦੀ ਗੱਲ ਕਰਨ ਲੱਗ ਪਏ ਜਿਸ ਨੂੰ ਇੰਦਰਾ ਗਾਂਧੀ ਨੇ ਸੁਣਿਆ ਅਤੇ ਪਾਕਿਸਤਾਨ ਖਿਲਾਫ ਰਣਨੀਤੀ ਘੜਨ ਦੀ ਸੋਚ ਨਾਲ ‘ਮੁਕਤੀਵਾਨੀ’ ਟੀਚੇ ਦੇ ਨਾਮ ਅਧੀਨ ਆਪਣੀ ਫੌਜੀ ਸ਼ਕਤੀ ਨਾਲ ਇਕ ਤਰਾਂ ਨਾਲ ਪਾਕਿਸਤਾਨ ਦੇ ਵੀ ਦੋ ਟੋਟੇ ਕਰ ਦਿੱਤੇ ਤੇ ਇਸੇ ਦੌਰਾਨ ਹੀ ਬਾਅਦ ਵਿਚ ਸਿੱਖਾਂ ਦੇ ਆਗੂ ਵਜੋਂ ਉੱਭਰੇ ਫੌਜੀ ਅਫ਼ਸਰ ਜਨਰਲ ਸੁਬੇਗ ਸਿੰਘ ਦਾ ਨਾਮ ਵੀ ਚਮਕਿਆ ਸੀ। ਦਸਾਂ ਕੁ ਸਾਲਾਂ ਦੇ ਵਕਫ਼ੇ ’ਚ 1962 (ਚੀਨ ਨਾਲ), 1965 ਅਤੇ 1971 ’ਚ (ਪਾਕਿਸਤਾਨ ਨਾਲ) ਜੰਗਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਦੇਸ਼ ਦੀ ਆਰਥਿਕਤਾ ਟੁੱਟ ਗਈ ,ਲੋਕਾਂ ਵਿਚ ਏਨਾ ਵਿਦਰੋਹ ਫ਼ੈਲ ਗਿਆ ਕਿ ਕਾਮਰੇਡ ਉਹਨਾਂ ਵੇਲਿਆਂ ’ਚ ਗੀਤ ਗਾਉਂਦੇ ਹੁੰਦੇ ਸਨ ‘ਚਾਰ ਆਨੇ ਵਾਲੀ ਖੰਡ ਹੋ ਗਈ 16 ਆਨੇ ਭਾਅ’ ਭਾਵ ਆਮ ਜਨਤਾ ਵਿਚ ਅਸੰਤੁਸ਼ਟੀ ਫੈਲ ਗਈ। ਰਾਜਨੀਤਕ ਪਾਰਟੀਆਂ ਨੇ ਮਹਿੰਗਾਈ ਦਾ ਡਟਵਾਂ ਵਿਰੋਧ ਕੀਤਾ। ਦੇਸ਼ ਵਿਚ ਵਿਰੋਧ ਉੱਠ ਖੜਾ ਹੋਇਆ, ਬਿਹਾਰ ਵਿਚ ਜੈ ਪ੍ਰਕਾਸ਼ ਨਰਾਇਣ ਅੰਦੋਲਨ ਨੇ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ। ਜਾਰਡ ਫਰਨਾਂਡੇਜ਼ ਦੀ ਅਗਵਾਈ ਹੇਠ ਰੇਲ ਮਜ਼ਦੂਰਾਂ ਨੇ ਵੀ ਹੜਤਾਲ ਕਰ ਦਿੱਤੀ। ਪੰਜਾਬ ਦੇ ਲੋਕ ਵੀ ਇਸ ਐਮਰਜੰਸੀ ਦੇ ਖਿਲਾਫ ਉੱਠ ਖੜੇ ਹੋਏ। ਇੰਦਰਾ ਸਰਕਾਰ ਹਰ ਪਾਸਿਓਂ ਘਿਰ ਗਈ ਤੇ ਉਸਨੇ 25 ਜੂਨ 1975 ਨੂੰ ਪੁਲਿਟੀਕਲ ਐਮਰਜੈਂਸੀ ਲਗਾ ਦਿੱਤੀ। ਅੱਧੀ ਰਾਤ ਨੂੰ ਦਿੱਲੀ ਦੇ ਕਈ ਵੱਡੇ ਅਖ਼ਬਾਰਾਂ ਦੀ ਬਿਜਲੀ ਕੱਟ ਦਿੱਤੀ ਗਈ ਤਾਂ ਕਿ ਅਖਬਾਰ ਨਾ ਛਪ ਸਕੇ। ਸਵੇਰ ਤੱਕ ਦੇਸ਼ ਭਰ ਵਿੱਚ ਹਜ਼ਾਰਾਂ ਨੇਤਾਵਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ, ਜਿਨਾਂ ਵਿੱਚ ਜੇ.ਪੀ. ਨਰਾਇਣ, ਅਟਲ ਬਿਹਾਰੀ ਵਾਜਪਾਈ, ਲਾਲ ਕਿ੍ਰਸ਼ਨ ਅਡਵਾਨੀ, ਜਾਰਜ ਫਰਨਾਂਡੀਜ, ਲਾਲੂ ਯਾਦਵ, ਅਰੁਣ ਜੇਤਲੀ, ਮੋਰਾਰਜੀ ਦੇਸਾਈ, ਚੌਧਰੀ ਚਰਨ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਵਰਗੇ ਵੱਡੇ ਨੇਤਾ ਸ਼ਾਮਲ ਸਨ। ਇਨਾਂ ਨੇਤਾਵਾਂ ਨੂੰ ਮੇਨਟੇਨੈਂਸ ਆਫ ਇੰਟਰਨਲ ਸਕਿਓਰਿਟੀ ਐਕਟ (91) ਦੇ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸੇ ਦੌਰਾਨ ਲਾਲੂ ਯਾਦਵ ਦੇ ਘਰ ਬੇਟੀ ਨੇ ਜਨਮ ਲਿਆ। ਲਾਲੂ ਯਾਦਵ ਨੇ ਇਸ ਕਾਨੂੰਨ ਦੇ ਬਾਅਦ ਆਪਣੀ ਬੇਟੀ ਦਾ ਨਾਂ ਮੀਸਾ (91) ਭਾਰਤੀ ਰੱਖਿਆ। ਇਸੇ ਦੌਰਾਨ ਹੀ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਸਿੱਖੀ ਦਾ ਭੇਸ ਅਪਣਾ ਕੇ ਲੁਕੇ ਰਹੇ। ਲੋਕ ਵਿਰੋਧ ਐਮਰਜੈਂਸੀ ਦੌਰਾਨ ਵੀ ਜਾਰੀ ਰਿਹਾ ਅਤੇ ਆਖਰਕਾਰ 21 ਮਹੀਨਿਆਂ ਬਾਅਦ ਇੰਦਰਾ ਸਰਕਾਰ ਨੂੰ ਐਮਰਜੈਂਸੀ ਖਤਮ ਕਰਨੀ ਪਈ। 1977 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਬੁਰੀ ਤਰਾਂ ਹਾਰ ਗਈ। ਇੰਦਰਾ ਗਾਂਧੀ, ਸੰਜੇ ਗਾਂਧੀ ਸਮੇਤ ਕਾਂਗਰਸ ਦੇ ਵੱਡੇ ਆਗੂ ਹਾਰ ਗਏ। ਯੂ.ਪੀ., ਬਿਹਾਰ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਿਆ। ਕਾਂਗਰਸ ਨੂੰ ਪੂਰੇ ਦੇਸ਼ ਵਿੱਚੋਂ ਸਿਰਫ਼ 154 ਸੀਟਾਂ ਮਿਲੀਆਂ ਸਨ।
ਇਸ ਮਾੜੇ ਦੌਰ ਤੋਂ ਇੰਦਰਾ ਗਾਂਧੀ ਇਕ ਵਾਰ ਫਿਰ ਉੱਭਰ ਗਈ ਅਤੇ 1980 ’ਚ ਦੁਬਾਰਾ ਸੱਤਾ ਵਿਚ ਆ ਗਈ। ਪਰ 1984 ’ਚ ਜੋ ਹੋਇਆ ਸਭ ਜਾਣਦੇ ਨੇ। ਬਹੁਤ ਹੀ ਸ਼ਕਤੀਸ਼ਾਲੀ ਬਣ ਕੇ ਉੱਭਰੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਬੂ ਕਰਨ ਲਈ ਸ੍ਰੀ ਦਰਬਾਰ ਸਾਹਿਬ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ 4 ਜੂਨ 1984 ਨੂੰ ਹਮਲਾ ਕੀਤਾ ਗਿਆ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਹੋਰ 38 ਗੁਰਦੁਆਰਿਆਂ ਨੂੰ ਫੌਜ ਦੇ ਕੰਟਰੋਲ ਵਿਚ ਕਰ ਲਿਆ ਗਿਆ। ਹਾਲਾਂਕਿ ਐਡਾ ਵੱਡਾ ਫੌਜੀ ਹਮਲਾ ਕਰਨ ਦੀ ਕੋਈ ਲੋੜ ਨਹੀਂ ਸੀ। ਓਸ ਵੇਲੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਕਿਹਾ ਸੀ ਕਿ 2-250 ਬੰਦੇ ਨੂੰ ਫੜਨ ਵਾਸਤੇ ਟੈਂਕਾਂ ਦੀ, ਤੋਪਾਂ ਦੀ ਕੀ ਲੋੜ ਸੀ? ਇਤਿਹਾਸ ’ਤੇ ਝਾਤ ਮਾਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ’ਚ ਲੜਾਈ ਹੋਈ, ਮੁਗਲਾਂ ਤੋਂ ਵੱਧ ਜਰਵਾਣਾ ਕੋਈ ਨਹੀਂ ਹੋਇਆ। ਪਰ ਉਹਨਾਂ ਵੀ ਰਣਨੀਤੀ ਵਰਤਿਆਂ, ਝੂਠੀਆਂ ਸੱਚੀਆਂ ਸੌਹਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਲਈ ਮਜਬੂਰ ਕੀਤਾ ਪਰ ਕਿਲੇ ’ਤੇ ਹਮਲਾ ਨਹੀਂ ਕੀਤਾ। ਗੁਰਦਾਸ ਗੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਨੂੰ ਘੇਰਾ ਪਾ ਕੇ ਰਾਸ਼ਨ ਪਾਣੀ ਬੰਦ ਕਰ ਦਿੱਤਾ ਗਿਆ ਸੀ। ਪਰ ਭਾਰਤ ਸਰਕਾਰ ਨੇ ਆਪਣੇ ਹੀ ਲੋਕਾਂ ਉੱਪਰ ਫੌਜਾਂ ਦੇ ਟੈਂਕਾਂ ਨਾਲ ਹਮਲਾ ਕਰਵਾ ਦਿੱਤਾ। ਹਮਲੇ ਤੋਂ ਇਕ ਦਿਨ ਪਹਿਲਾਂ 3 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਨਾ ਤਾਂ ਮੈਂ ਖ਼ਾਲਿਸਤਾਨ ਮੰਗਦਾ ਹਾਂ ਤੇ ਨਾ ਹੀ ਵਿਰੋਧੀ ਹਾਂ। ਅਸੀਂ ਸਿੱਖ ਭਾਰਤ ਵਿਚ ਰਹਿਣ ਚਾਹੁੰਦੇ ਹਾਂ ਪਰ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ। ਜੇ ਭਾਰਤੀ ਫੌਜ ਨੇ ਹਰਮੰਦਿਰ ਸਾਹਿਬ ਉੱਤੇ ਅਟੈਕ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਤੇ ਹੋਇਆ ਵੀ ਇਸ ਤਰਾਂ ਹੀ। ਪੰਜਾਬ ਹੀ ਇਕੋ ਇਕ ਪ੍ਰਾਂਤ ਹੈ ਜਿਹੜਾ ਹਮੇਸ਼ਾ ਬਾਗੀ ਸੋਚ ਰੱਖਦਾ ਹੈ।
ਕੰਗਣਾ ਦੀ ਸੋਚ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੀਵਾਂ ਦਿਖਾਇਆ ਜਾਵੇ। ਉਸਨੇ ਹੁਣ ਆਪਣਾ ਇਹ ਟੀਚਾ ਹਾਸਲ ਕਰਨ ਲਈ ਫਿਲਮ ਦਾ ਸਹਾਰਾ ਲਿਆ ਹੈ ਪਰ ਸੰਗਤ ਏਨੀ ਭੋਲੀ ਵੀ ਨਹੀਂ, ਉਸਨੂੰ ਸਭ ਪਤਾ ਲੱਗ ਚੱੁਕਾ ਹੈ ਇਸੇ ਲਈ ਉਸਦੀ ਫਿਲਮ ਪੰਜਾਬ ਵਿਚ ਨਹੀਂ ਚੱਲਣ ਦਿੱਤੀ ਗਈ। ਉਸਦੀ ਫਿਲਮ ਬਿਨਾਂ ਦੇਖੇ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਵਿਚ ਕੋਈ ਵੀ ਸਮਾਜ ਨੂੰ ਸੇਧ ਦੇਣ ਵਾਲਾ ਸੰਦੇਸ਼ ਤਾਂ ਹੋ ਹੀ ਨਹੀਂ ਸਕਦਾ ਸਗੋਂ, ‘ਮੁਰਦਾ ਬੋਲੂ, ਕੱਫ਼ਣ ਪਾੜੂ’ ਵਾਲੀ ਗੱਲ ਹੀ ਹੋਵੇਗੀ। ਆਮੀਨ!