.jpg)
ਇਕ ਦਹਾਕੇ ਤੋਂ ਕੁਝ ਵੱਧ ਸਮੇਂ ਤੋਂ ਅਰਵਿੰਦ ਕੇਜਰੀਵਾਲ ਨੇ ਭਾਰਤ ਦੀ ਸਿਆਸਤ ਵਿਚ ਵਧੀਆ ਚਰਚਾ ਬਟੋਰੀ ਹੋਈ ਹੈ। ਅੰਨਾ ਹਜ਼ਾਰੇ ਵਲੋਂ 2011 ’ਚ ਚਲਾਏ ਗਏ ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ’ਚ ਉਹਨਾਂ ਦੇ ਸਾਥੀ ਵਜੋਂ ਵਿਚਰਦੇ ਰਹੇ ਵਾਲੰਟੀਅਰ ਅਰਵਿੰਦ ਕੇਜਰੀਵਾਲ ਨੇ ਸਿਆਸਤ ਵਿਚ ਪੈਰ ਰੱਖਣ ਦਾ ਫ਼ੈਸਲਾ ਲੈ ਲਿਆ ਸੀ। ਹਾਲਾਂਕਿ ਅੰਨਾ ਹਜ਼ਾਰੇ ਸਿਆਸਤ ਵਿਚ ਜਾਣ ਦੇ ਵਿਰੋਧੀ ਸਨ ਅਤੇ ਉਹਨਾਂ ਅਰਵਿੰਦ ਕੇਜਰੀਵਾਲ ਨਾਲੋਂ ਕਿਸੇ ਵੀ ਤਰਾਂ ਦਾ ਨਾਤਾ ਤੋੜ ਲਿਆ ਸੀ। ਪਰ ਅਰਵਿੰਦ ਕੇਜਰੀਵਾਲ ਦਾ ਸਟੈਂਡ ਲੋਕਾਂ ਨੂੰ ਸਹੀ ਲੱਗਾ ਅਤੇ ਉਹਨਾਂ ਨੇ ਲਗਾਤਾਰ ਤਿੰਨ ਵਾਰ ਤੋਂ ਬਣਦੀ ਆ ਰਹੀ ਕਾਂਗਰਸ ਸਰਕਾਰ ਦੀਆਂ ਜੜਾਂ ਪੁੱਟ ਦਿੱਤੀਆਂ ਅਤੇ ਅਸਲੋਂ ਨਵੇਂ ਆਗੂ ਅਰਵਿੰਦ ਕੇਜਰੀਵਾਲ ਦੇ ਹੱਥ ਦਿੱਲੀ ਦੀ ਵਾਗਡੋਰ ਫੜਾ ਦਿੱਤੀ। ਅਰਵਿੰਦ ਕੇਜਰੀਵਾਲ ਲੋਕਾਂ ਨੂੰ ਇਹ ਜਚਾਉਣ ਵਿਚ ਕਾਮਯਾਬ ਰਹੇ ਕਿ ਉਹ ਇਕ ਕੱਟੜ ਇਮਾਨਦਾਰ ਨੇਤਾ ਹਨ। ਤਿੰਨ ਵਾਰ ਲਗਾਤਾਰ ਦਿੱਲੀ ਵਿਚ ਸਰਕਾਰ ਬਣਾਉਣ ਤੋਂ ਬਾਅਦ ਇਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਗਲ ਨਾਲ ਲਾਇਆ। ਕਿਉਂਕਿ ਦਿੱਲੀ ਇਕ ਸੰਪੂਰਨ ਰਾਜ ਨਹੀਂ ਹੈ ਇਸ ਲਈ ਉੱਥੇ ਦੀ ਸਰਕਾਰ ਨੂੰ ਪੂਰੇ ਅਧਿਕਾਰ ਪ੍ਰਾਪਤ ਨਹੀਂ ਹਨ ਜਿਸ ਕਾਰਨ ਅਰਵਿੰਦ ਕੇਜਰੀਵਾਲ ਦੇ ਹੱਥ ਬੱਝੇ ਹੋਏ ਸਨ। ਦੂਜੇ ਪਾਸੇ ਪੰਜਾਬ ਇਕ ਸੰਪੂਰਨ ਰਾਜ ਹੋਣ ਕਾਰਨ ਇੱਥੇ ਦੀਆਂ ਸਰਕਾਰਾਂ ਨੂੰ ਵੱਧ ਅਧਿਕਾਰ ਹਨ। ਜਦੋਂ ਪੰਜਾਬ ਵਿਚ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਲਈ ‘ਹੋਛੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ਼ਰਿਆ’ ਵਾਲੀ ਗੱਲ ਹੋ ਗਈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਦੀ ਨਜਾਇਜ਼ ਵਰਤੋਂ ਕੀਤੀ ਗਈ। ਦਿੱਲੀ ਦੇ ਇਕ ਭਾਜਪਾ ਆਗੂ ਨੂੰ ਗਿ੍ਰਫ਼ਤਾਰ ਕਰਨ ਗਈ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਵਲੋਂ ਬੰਦੀ ਬਣਾ ਲਿਆ ਗਿਆ ਸੀ, ਜਿਸ ਬਾਰੇ ਸਾਰੇ ਜਾਣਦੇ ਹੀ ਹਨ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਕੱਟੜ ਵਿਰੋਧੀ ਅਤੇ ਦੇਸ਼ ’ਤੇ ਸਾਸ਼ਨ ਕਰਦੀ ਭਾਜਪਾ ਪਾਰਟੀ ਘਾਤ ਲਗਾ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਜਾਣ ਵਾਲੀ ਕਿਸੇ ਵੀ ਗਲਤੀ ਦਾ ਇੰਤਜ਼ਾਰ ਕਰਨ ਲੱਗੀ ਤੇ ਹੋਇਆ ਵੀ ਇੰਝ ਹੀ ਅਤੇ ਦਿੱਲੀ ਵਿਚ ਸ਼ਰਾਬ ਨੀਤੀ ਵਿਚ ਹੋਈ ਕਿਸੇ ਗੜਬੜੀ ਨੂੰ ਈ.ਡੀ. ਨੇ ਫੜ ਲਿਆ। ਬਸ ਫਿਰ ਕੀ ਸੀ ਕਿ ਇਸੇ ਮਾਮਲੇ ਤਹਿਤ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਜੇਲ ਵਿਚ ਡੱਕ ਦਿੱਤਾ ਗਿਆ। ਭਾਵ ਕੱਟੜ ਇਮਾਨਦਾਰ ਆਗੂਆਂ ਉੱਤੇ ਗੰਭੀਰ ਭਿ੍ਰਸ਼ਟਾਚਾਰ ਦੇ ਦੋਸ਼ ਲੱਗ ਗਏ। ਲੰਮਾ ਸਮਾਂ ਜੇਲ ’ਚ ਬਿਤਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲੇ ਬੀਤੇ ਦਿਨੀਂ ਬਾਹਰ ਆ ਗਏ ਹਨ। ਬਾਹਰ ਆਉਂਦਿਆਂ ਹੀ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਦਿੱਲੀ ਦੀ ਸਿਆਸਤ ਵਿਚ ਭੂਚਾਲ ਜਿਹਾ ਆ ਗਿਆ ਹੈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਕੱਟੜ ਇਮਾਨਦਾਰ ਹਨ ਪਰ ਦੇਸ਼ ਦੀ ਭਾਜਪਾ ਸਰਕਾਰ ਨੇ ਉਹਨਾਂ ਉੱਪਰ ਭਿ੍ਰਸ਼ਟਾਚਾਰ ਹੋਣ ਦੇ ਦੋਸ਼ ਲਗਾਏ ਹਨ। ਸੋ ਉਹ ਹੁਣ ਮੁੱਖ ਮੰਤਰੀ ਦੀ ਕੁਰਸੀ ਉੱਤੇ ਨਹੀਂ ਬੈਠਣਗੇ ਅਤੇ ਲੋਕਾਂ ਵਲੋਂ ਪ੍ਰਵਾਨਗੀ ਮਿਲਣ ਉਪਰੰਤ ਹੀ ਮੁੱਖ ਮੰਤਰੀ ਦਾ ਅਹੁਦੇ ਸੰਭਾਲਣਗੇ। ਸੰਪਾਦਕੀ ਲੇਖ ਛਪਣ ਤੱਕ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੱੁਕ ਹੋਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ ਤੇ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਹੁਣ ਸਵਾਲ ਇਹ ਹੈ ਕਿ ਜਦੋਂ ਕੋਈ ਮੁੱਖ ਮੰਤਰੀ ਅਸਤੀਫ਼ਾ ਦਿੰਦਾ ਹੈ ਤਾਂ ਸੂਬੇ ਦੀ ਸਰਕਾਰ ਕੌਣ ਚਲਾਉਂਦਾ ਹੈ? ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਜਨਤਾ ਦੀ ਕਚਹਿਰੀ ’ਚ ਜਿੱਤਣ ਤੱਕ ਸੀ.ਐੱਮ. ਨਹੀਂ ਬਣਾਂਗਾ। ਮੈਂ ਚਾਹੁੰਦਾ ਹਾਂ ਕਿ ਦਿੱਲੀ ਦੀਆਂ ਚੋਣਾਂ ਨਵੰਬਰ ਵਿੱਚ ਹੋਣ, ਜਨਤਾ ਦੇ ਵੋਟ ਅਤੇ ਮੈਨੂੰ ਜਿਤਾਉਣ ਤੋਂ ਬਾਅਦ ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾਂਗਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ। ਸਿਆਸੀ ਹਲਕਿਆਂ ਵਿੱਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਹੁਣ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦਾ ਮੁੱਖ ਮੰਤਰੀ ਕੌਣ ਹੋਵੇਗਾ ਤੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੱਕ ਸੂਬੇ ਦਾ ਸਾਸ਼ਨ ਕੌਣ ਸੰਭਾਲੇਗਾ। ਜਾਣਕਾਰੀ ਅਨੁਸਾਰ ਕੋਈ ਵੀ ਮੁੱਖ ਮੰਤਰੀ ਆਪਣਾ ਅਸਤੀਫ਼ਾ ਰਾਜਪਾਲ/ਉਪ ਰਾਜਪਾਲ ਨੂੰ ਸੌਂਪਦਾ ਹੈ ਪਰ ਅਸਤੀਫ਼ਾ ਦੇਣ ਤੋਂ ਬਾਅਦ ਉਹ ਮੁੱਖ ਮੰਤਰੀ ਉਦੋਂ ਤੱਕ ਰਾਜ ਦੇ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿੰਦੇ ਹਨ ਜਦੋਂ ਤੱਕ ਨਵਾਂ ਮੁੱਖ ਮੰਤਰੀ ਸਹੁੰ ਨਹੀਂ ਚੁੱਕ ਲੈਂਦਾ। ਜਾਣਕਾਰੀ ਅਨੁਸਾਰ ਜਦੋਂ ਮੁੱਖ ਮੰਤਰੀ ਰਾਜ ਦੇ ਰਾਜਪਾਲ/ਉਪ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਦੇ ਹਨ ਤਾਂ ਰਾਜਪਾਲ/ਉਪ ਰਾਜਪਾਲ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਤੱਕ ਰਾਜ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਿਰਦੇਸ਼ ਦਿੰਦੇ ਹਨ। ਹੁਣ ਦੂਜਾ ਸਵਾਲ ਇਹ ਉੱਠਦਾ ਹੈ ਕਿ ਰਾਸ਼ਟਰਪਤੀ ਸਾਸ਼ਨ ਦੌਰਾਨ ਸੂਬੇ ਦੀਆਂ ਜ਼ਿੰਮੇਵਾਰੀਆਂ ਕੌਣ ਸੰਭਾਲਦਾ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਸਾਸ਼ਨ ਦੌਰਾਨ ਰਾਜ ਦੀ ਕਮਾਨ ਰਾਜਪਾਲ/ਉਪ ਰਾਜਪਾਲ ਦੇ ਹੱਥਾਂ ਵਿੱਚ ਹੁੰਦੀ ਹੈ ਤੇ ਉਹ ਸੂਬੇ ਨਾਲ ਸਬੰਧਤ ਸਾਰੇ ਕੰਮਾਂ ਲਈ ਜ਼ਿੰਮੇਵਾਰ ਹੁੰਦੇ ਹਨ। ਹਾਲਾਂਕਿ ਕਾਰਜਕਾਰੀ ਮੁੱਖ ਮੰਤਰੀ ਦੀਆਂ ਸ਼ਕਤੀਆਂ ਸੀਮਤ ਹੋ ਜਾਂਦੀਆਂ ਹਨ। ਉਹ ਇਸ ਸਮੇਂ ਦੌਰਾਨ ਕੋਈ ਨਵੀਂ ਸਕੀਮ ਸ਼ੁਰੂ ਨਹੀਂ ਕਰ ਸਕਦਾ। ਪਰ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਅਜਿਹੇ ਮਾਮਲਿਆਂ ’ਤੇ ਨਿਰਦੇਸ਼ ਦੇ ਸਕਦਾ ਹੈ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨਾਂ ਕਿਹਾ ਕਿ ਮੈਨੂੰ ਕਾਨੂੰਨ ਦੀ ਅਦਾਲਤ ਤੋਂ ਇਨਸਾਫ਼ ਮਿਲਿਆ ਹੈ, ਹੁਣ ਜਨਤਾ ਦੀ ਅਦਾਲਤ ਵੀ ਮੈਨੂੰ ਇਨਸਾਫ਼ ਦੇਵੇਗੀ। ਜੇਕਰ ਸੋਚਿਆ ਜਾਵੇ ਕਿ ਅਰਵਿੰਦ ਕੇਜਰੀਵਾਲ ਨੇ ਅਜਿਹਾ ਕਿਉਂ ਕੀਤਾ ਹੈ ਤਾਂ ਇਸਦਾ ਮਤਲਬ ਸਾਫ਼ ਹੈ ਕਿ ਜਿਸ ਆਗੂ ਨੂੰ ਆਪਣੇ ਆਪ ਉੱਤੇ ਇਮਾਨਦਾਰ ਹੋਣ ਦਾ ਮਾਣ ਹੋਵੇ ਤੇ ਉਸ ਉੱਤੇ ਹੀ ਭਿ੍ਰਸ਼ਟ ਹੋਣ ਦੇ ਦੋਸ਼ ਲੱਗ ਜਾਣ ਤਾਂ ਕੋਈ ਛੋਟੀ ਗੱਲ ਨਹੀਂ ਹੁੰਦੀ। ਅਰਵਿੰਦ ਕੇਜਰੀਵਾਲ ਇਹ ਸੋਚਦੇ ਹਨ ਕਿ ਇਸ ਵੇਲੇ ਲੋਕਾਂ ਦੀ ਹਮਦਰਦੀ ਉਹਨਾਂ ਦੇ ਨਾਲ ਹੈ, ਇਸ ਲਈ ਜੇਕਰ ਉਹ ਦੁਬਾਰਾ ਲੋਕਾਂ ਦੀ ਕਚਿਹਰੀ ਵਿਚ ਜਾਂਦੇ ਹਨ ਤਾਂ ਉਹਨਾਂ ਨੂੰ ਵੱਡੀ ਜਿੱਤ ਮਿਲੇਗੀ ਅਤੇ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਇਸ ਨਾਲ ਉਹਨਾਂ ਖਿਲਾਫ਼ ਭਿ੍ਰਸ਼ਟਾਚਾਰ ਦਾ ਕੇਸ ਵੀ ਕਮਜ਼ੋਰ ਹੋਵੇਗਾ। ਹੋ ਸਕਦਾ ਹੈ ਕਿ ਅਰਵਿੰਦਰ ਕੇਜਰੀਵਾਲ ਦਾ ਇਹ ਸਿਆਸੀ ਮਾਸਟਰਸਟ੍ਰੋਕ ਕਾਮਯਾਬ ਹੋ ਵੀ ਜਾਵੇ ਪਰ ਆਉਣ ਵਾਲੇ ਸਮੇਂ ’ਚ ਆਮ ਆਦਮੀ ਪਾਰਟੀ ਨੂੰ ਫ਼ੂਕ ਫ਼ੂਕ ਕੇ ਕਦਮ ਰੱਖਣਾ ਪਵੇਗਾ ਕਿਉਂਕਿ ਜੇਕਰ ਇਸੇ ਤਰਾਂ ਨੇਤਾ ਜੇਲ ਵਿਚ ਜਾਂਦੇ ਰਹੇ ਤਾਂ ਲੋਕ ਹੌਲੀ ਹੌਲੀ ਟੱੁਟਣੇ ਸ਼ੁਰੂ ਹੋ ਜਾਣਗੇ। ਭਾਜਪਾ ਕੋਲ ਅਥਾਹ ਸ਼ਕਤੀ ਹੈ ਤੇ ਉਸ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ ਹੈ, ਇਸ ਲਈ ਅਰਵਿੰਦ ਕੇਜਰੀਵਾਲ ਸਮੇਤ ਹਰ ਆਮ ਆਦਮੀ ਪਾਰਟੀ ਆਗੂ ਇਹ ਸਮਝ ਲੈਣਾ ਹੋਵੇਗਾ ਕਿ ਸਿਆਸੀ ਅਹੁਦੇ ਉਹਨਾਂ ਲਈ ਫੁੱਲਾਂ ਦੀ ਸੇਜ ਨਹੀਂ ਸਗੋਂ ਕੰਡਿਆਂ ਦਾ ਤਾਜ ਬਣੇ ਹੋਏ ਹਨ, ਇਸ ਲਈ ਉਹ ਜੇਕਰ ਇਮਾਨਦਾਰੀ ਦਾ ਹੋਕਾ ਦਿੰਦੇ ਹਨ ਤਾਂ ਉਸ ਵਿਚ ਰੱਤੀ ਭਰ ਵੀ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਇਮਾਨਦਾਰੀ ਦੀ ਕਸੌਟੀ ਉੱਤੇ ਖਰਾ ਉੱਤਰਨਾ ਹੀ ਪਵੇਗਾ ਨਹੀਂ ਤਾਂ ਭਾਜਪਾ ਤਾਂ ‘ਚੁੰਘੀ ਬੱਕਰੀ ਬਣਾ’ਤਾ ਬਾਕਾ’ ਵਾਲੇ ਸਿਧਾਂਤ ਉੱਤੇ ਚੱਲ ਰਹੀ ਹੈ। ਖੈਰ! ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੇ ਬਾਅਦ ਦਿੱਲੀ ਦੀ ਸਿਆਸਤ ਵਿਚ ਗਰਮਾਇਸ਼ ਜ਼ਰੂਰ ਆਵੇਗੀ ਅਤੇ ਇਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ। ਆਮੀਂਨ!