ਦਿੱਲੀ ਵਿੱਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ

ਦਿੱਲੀ ਵਿੱਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ

ਨਵੀਂ ਦਿੱਲੀ-ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਅੱਜ ਵਿਧਾਨ ਸਭਾ ਵਿੱਚ ਵਿੱਤੀ ਸਾਲ 2024-25 ਲਈ 76,000 ਕਰੋੜ ਰੁਪਏ ਦੇ ਖਰਚੇ ਵਾਲਾ ਬਜਟ ਪੇਸ਼ ਕਰਦਿਆਂ ‘ਮੁੱਖ ਮੰਤਰੀ ਮਹਿਲਾ ਸਨਮਾਨ ਸਕੀਮ’ ਦਾ ਐਲਾਨ ਕੀਤਾ ਹੈ ਜਿਸ ਤਹਿਤ ‘ਆਪ’ ਸਰਕਾਰ ਵੱਲੋਂ ਕੌਮੀ ਰਾਜਧਾਨੀ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਕੀਮ ਨੂੰ ਔਰਤ ਦੇ ਸ਼ਕਤੀਕਰਨ ਲਈ ‘ਦੁਨੀਆਂ ਦਾ ਸਭ ਤੋਂ ਵੱਡਾ ਪ੍ਰੋਗਰਾਮ’ ਕਰਾਰ ਦਿੱਤਾ ਹੈ। ਵਿੱਤ ਮੰਤਰੀ ਆਤਿਸ਼ੀ ਨੇ ਆਪਣਾ ਪਲੇਠਾ ਬੱਜਟ ਪੇਸ਼ ਕਰਦਿਆਂ ਕਿਹਾ ਕਿ ਇਸ ਰਕਮ ਨਾਲ ਬਿਨਾਂ ਕਿਸੇ ਦਾ ਆਸਰਾ ਤੱਕਦਿਆਂ ਔਰਤਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਸ ਨਵੀਂ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ‘ਆਪ’ ਸਰਕਾਰ ਨੇ 2,714 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ। ਹਾਲਾਂਕਿ, ਇਸ ਸਕੀਮ ਨੂੰ ਸ਼ੁਰੂ ਕਰਨ ਸਬੰਧੀ ਤਰੀਕ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ। ਉਮੀਦ ਹੈ ਕਿ ਇਹ ਅਗਾਮੀ ਲੋਕ ਸਭਾ ਚੋਣਾਂ ਮਗਰੋਂ ਅਪਰੈਲ-ਮਈ ਵਿੱਚ ਸ਼ੁਰੂ ਹੋਵੇਗੀ। ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਹਰ ਮਹੀਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 1000 ਰੁਪਏ ਜਮ੍ਹਾਂ ਹੋ ਜਾਇਆ ਕਰਨਗੇ। ਸਿਰਫ਼ ਰਜਿਸਟਰਡ ਮਹਿਲਾ ਵੋਟਰ ਹੀ ਇਸ ਸਕੀਮ ਦੇ ਯੋਗ ਹੋਣਗੀਆਂ। ਇਸ ਸਕੀਮ ਦੀਆਂ ਯੋਗ ਔਰਤਾਂ ਨੂੰ ਇੱਕ ਫਾਰਮ ਭਰਨਾ ਹੋਵੇਗਾ ਜਿਸ ਵਿੱਚ ਐਲਾਨ ਕਰਨਾ ਹੋਵੇਗਾ ਕਿ ਉਹ ਕਿਸੇ ਪੈਨਸ਼ਨ ਸਕੀਮ ਦਾ ਹਿੱਸਾ ਨਹੀਂ ਹੈ, ਨਾ ਹੀ ਸਰਕਾਰੀ ਕਰਮਚਾਰੀ ਹੈ ਅਤੇ ਨਾ ਹੀ ਉਸ ਦਾ ਕੋਈ ਆਮਦਨ ਟੈਕਸ ਕੱਟਦਾ ਹੈ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਸ ਸਕੀਮ ਨੂੰ ਔਰਤਾਂ ਦੇ ਸ਼ਕਤੀਕਰਨ ਲਈ ‘ਦੁਨੀਆਂ ਦੀ ਸਭ ਤੋਂ ਵੱਡੀ ਸਕੀਮ’ ਕਰਾਰ ਦਿੱਤਾ ਹੈ।