
ਅਮਰੀਕਾ ’ਚ ਇਸ ਵੇਲੇ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਹਰ ਚਾਰ ਸਾਲ ਬਾਅਦ ਹੰੁਦੀ ਇਸ ਚੋਣ ਉੱਤੇ ਪੂਰੀ ਦੁਨੀਆਂ ਦੀ ਨਜ਼ਰ ਹੁੰਦੀ ਹੈ ਕਿਉਂਕਿ ਇੱਥੋਂ ਦਾ ਰਾਸ਼ਟਰਪਤੀ ਦਾ ਸੁਭਾਅ ਪੂਰੀ ਦੁਨੀਆਂ ਉੱਤੇ ਆਪਣਾ ਪ੍ਰਭਾਵ ਰੱਖਦਾ ਹੈ। ਪਿਛਲੀਆਂ ਚੋਣਾਂ ’ਚ ਆਪਣੇ ਸਖ਼ਤ ਸੁਭਾਅ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਜਾਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਦੋਂ ਜੋਅ ਬਾਈਡਨ ਤੋਂ ਹਰ ਮਿਲੀ ਸੀ ਤਾਂ ਉਸ ਨੇ ਰਾਜਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਬਿਆਨ ਵੀ ਅਜਿਹੇ ਦਿੱਤੇ ਕਿ ਉਸਦੇ ਸਮੱਰਥਕ ਹਿੰਸਕ ਹੋ ਗਏ। ਇੱਥੋਂ ਤੱਕ ਕਿ ਉਸਦੇ ਸਮੱਰਥਕਾਂ ਵਲੋਂ ਵ੍ਹਾਈਟ ਹਾਊਸ ਉੱਤੇ ਵੀ ਹਮਲਾ ਕਰ ਦਿੱਤਾ ਗਿਆ। ਲੱਗਦਾ ਸੀ ਕਿ ਹੁਣ ਡੋਨਾਲਡ ਟਰੰਪ ਕੇਸਾਂ ਕਚਿਹਰੀਆਂ ਵਿਚ ਫ਼ਸ ਕੇ ਰਹਿ ਜਾਣਗੇ ਅਤੇ ਦੁਬਾਰਾ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਣਗੇ। ਪਰ ਹੈਰਾਨੀ ਉਦੋਂ ਹੋਈ ਜਦੋਂ ਰਿਬਲਿਕਨਾਂ ਨੇ ਲੱਖਾਂ ਦੋਸ਼ਾਂ ਦੇ ਬਾਵਜੂਦ ਵੀ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਚੁਣ ਲਿਆ। ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਡੈਮੋਕਰੇਟਿਕ ਪਾਰਟੀ ਵਿਚ ਦੂਜੀ ਵਾਰ ਚੋਣ ਮੈਦਾਨ ਵਿਚ ਸਨ ਜਿਹਨਾਂ ਉੱਪਰ ਵਡੇਰੀ ਉਮਰ ਹੋਣ ਕਾਰਨ ਸੋਝੀ ਕਾਇਮ ਨਾ ਹੋਣ ਦੇ ਦੋਸ਼ ਲਗਾਏ ਜਾ ਰਹੇ ਸਨ। ਭਾਵੇਂ ਕਿ ਬਾਈਡਨ ਨੇ ਇਹਨਾਂ ਗੱਲਾਂ ਨੂੰ ਝੁਠਲਾਇਆ ਪਰ ਪਹਿਲੀ ਹੀ ਬਹਿਸ ਵਿਚ ਸਭ ਕੁਝ ਸਾਹਮਣੇ ਆ ਗਿਆ। ਬਾਈਡਨ ਦੀ ਟਰੰਪ ਨਾਲ ਬਹਿਸ ਦੌਰਾਨ ਜ਼ੁਬਾਨ ਥਥਲਾ ਰਹੀ ਸੀ ਅਤੇ ਉਸਨੂੰ ਗੱਲਾਂ ਯਾਦ ਭੱੁਲ ਰਹੀਆਂ ਸਨ। ਮੀਡੀਆ ਨੇ ਬਾਈਡਨ ਨੂੰ ਬਹਿਸ ਵਿਚ ਹਾਰਿਆ ਹੋਇਆ ਆਗੂ ਗਰਦਾਨ ਦਿੱਤਾ। ਇਸ ਤਰ੍ਹਾਂ ਬਾਈਡਨ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਾ। ਬਾਈਡਨ ਭਾਵੇਂ ਕੁਝ ਦਿਨ ਟਿਕੇ ਰਹੇ ਪਰ ਦੇਸ਼ ਅਤੇ ਆਪਣੇ ਸਮੱਰਥਕਾਂ ਦੇ ਹੱਕ ਵਿਚ ਫ਼ੈਸਲਾ ਲੈਂਦੇ ਹੋਏ ਉਹਨਾਂ ਰਾਸ਼ਟਰਪਤੀ ਚੋਣ ਵਿੱਚੋਂ ਬਾਹਰ ਹੋਣ ਦਾ ਫ਼ੈਸਲਾ ਕਰ ਲਿਆ ਜਿਸ ਕਾਰਨ ਉਹਨਾਂ ਦੀ ਕੱਟੜ ਸਮੱਰਥਕ ਅਤੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੂੰ ਅੱਗੇ ਆਉਣ ਦਾ ਮੌਕਾ ਮਿਲ ਗਿਆ। ਕਮਲਾ ਹੈਰਿਸ ਬਾਰੇ ਕੁਝ ਤੱਥ ਇੱਥੇ ਪਾਠਕਾਂ ਨਾਲ ਸਾਂਝੇ ਕਰਦੇ ਹਾਂ।
ਭਾਰਤ ਵਿੱਚ ਜੰਮੀ ਮਾਂ ਅਤੇ ਜਮੈਕਨ ਮੂਲ ਦੇ ਪਿਤਾ ਮਤਲਬ ਪ੍ਰਵਾਸੀ ਮਾਪਿਆਂ ਦੀ ਧੀ ਕਮਲਾ ਹੈਰਿਸ ਦਾ ਜਨਮ ਕੈਲੀਫ਼ੋਰੀਨਆ ਦੇ ਓਕਲੈਂਡ ਵਿੱਚ ਹੋਇਆ ਸੀ। ਮਾਪਿਆਂ ਦੇ ਤਲਾਕ ਵੇਲੇ ਉਹ 5 ਸਾਲ ਦੀ ਸੀ, ਉਨ੍ਹਾਂ ਨੂੰ ਸ਼ੁਰੂ ਵਿੱਚ ਇਕੱਲੀ ਹਿੰਦੂ ਮਾਂ ਸਇਆਮਲਾ ਗੋਪਾਲਨ ਹੈਰਿਸ ਨੇ ਪਾਲਿਆ, ਜੋ ਕੈਂਸਰ ਬਾਰੇ ਖੋਜ ਕਰ ਰਹੇ ਸਨ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਸਨ। ਪਾਲਣ-ਪੋਸ਼ਣ ਦੌਰਾਨ ਉਹ ਆਪਣੀ ਭਾਰਤੀ ਸੱਭਿਅਤਾ ਨਾਲ ਜੁੜੇ ਰਹੇ, ਉਹ ਭਾਰਤ ਦੌਰੇ ਦੌਰਾਨ ਆਪਣੀ ਮਾਂ ਨਾਲ ਆਇਆ ਕਰਦੇ ਸਨ, ਪਰ ਕਮਲਾ ਹੈਰਿਸ ਕਹਿੰਦੇ ਹਨ ਕਿ ਸਾਨੂੰ ਦੋਵਾਂ ਭੈਣਾਂ ਕਮਲਾ ਅਤੇ ਮਾਇਆ ਨੂੰ ਪਾਲਦੇ ਹੋਏ ਉਨ੍ਹਾਂ ਦੀ ਮਾਂ ਨੇ ਓਕਲੈਂਡ ਦੇ ਸਿਆਹਫ਼ਾਮ ਲੋਕਾਂ ਦੇ ਸੱਭਿਆਚਾਰ ਨੂੰ ਅਪਣਾ ਲਿਆ ਸੀ। ਕਮਲਾ ਹੈਰਿਸ ਨੇ ਆਪਣੀ ਸਵੈ-ਜੀਵਨੀ “ਦ ਟਰੂਥ ਵੀ ਹੋਲਡ’’ ਵਿੱਚ ਲਿਖਿਆ, “ਮੇਰੀ ਮਾਂ ਇਹ ਸਮਝਦੀ ਸੀ ਕਿ ਉਹ ਦੋ ਕਾਲੀਆਂ ਧੀਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ ਅਤੇ ਧੀਆਂ ਨੂੰ ਆਤਮਵਿਸ਼ਵਾਸੀ ਬਣਾਉਣਾ ਜ਼ਰੂਰੀ ਹੈ।’’
ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਡਿਬੇਟ ਮੁਕਾਬਲਿਆਂ ਵਿੱਚ ਕਮਲਾ ਹੈਰਿਸ ਦੀ ਰੁਚੀ ਸੀ। ਦੇਸ਼ ਦੇ ਪ੍ਰਮੁੱਖ ਇਤਿਹਾਸਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਇੱਕ ਹਾਵਰਡ ਯੂਨੀਵਰਸਿਟੀ ਵਿਖੇ ਬਿਤਾਇਆ ਵਕਤ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ ਰਚਨਾਤਮਕ ਤਜ਼ਰਬਿਆਂ ਵਿੱਚੋਂ ਇੱਕ ਦੱਸਿਆ ਹੈ। ਕਮਲਾ ਹੈਰਿਸ ਦਾ ਕਹਿਣਾ ਹੈ ਕਿ “ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਅੰਦਰ ਤਰਕ ਦੀ ਡੂੰਘੀ ਭਾਵਨਾ ਹੈ।’’ ਉਸਦੀ ਸੋਚ ਹੈ ਕਿ ਅਸੀਂ ਬਸਤੀਵਾਦ ਤੋਂ ਬਾਹਰ ਆਉਣ ਵਾਲੇ ਗ਼ੁਲਾਮ ਲੋਕਾਂ ਅਤੇ ਰੰਗ ਵਾਲੇ ਲੋਕਾਂ ਦੇ ਵੰਸ਼ ’ਚੋਂ ਹੋਣ ਕਰਕੇ, ਸਾਡੀ ਇੱਕ ਵਿਸ਼ੇਸ਼ ਭੂਮਿਕਾ ਹੈ ਅਤੇ ਸਿੱਖਿਆ ਸਾਨੂੰ ਸਮਾਜ ਵਿੱਚ ਇੱਕ ਵਿਸ਼ੇਸ਼ ਸਥਿਤੀ ਪ੍ਰਦਾਨ ਕਰਦੀ ਹੈ ਤਾਂ ਕਿ ਅਸੀਂ ਤਬਦੀਲੀ ਕਰ ਸਕੀਏ।’’
ਦੂਜੇ ਪਾਸੇ ਕਮਲਾ ਹੈਰਿਸ ਮੁੱਖ ਤੌਰ ’ਤੇ ਗੋਰੇ ਭਾਈਚਾਰੇ ਵਿੱਚ ਆਸਾਨੀ ਨਾਲ ਕੰਮ ਕਰਦੇ ਰਹੇ ਹਨ। ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਕਨੇਡਾ ਵਿੱਚ ਵੀ ਸਮਾਂ ਬਿਤਾਇਆ। ਜਦੋਂ ਗੋਪਾਲਨ ਹੈਰਿਸ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਨੌਕਰੀ ਕੀਤੀ, ਉਦੋਂ ਕਮਲਾ ਹੈਰਿਸ ਅਤੇ ਉਨ੍ਹਾਂ ਦੀ ਛੋਟੀ ਭੈਣ ਮਾਇਆ ਪੰਜ ਸਾਲਾਂ ਲਈ ਮਾਂਟਰੀਅਲ ਵਿੱਚ ਸਕੂਲ ’ਚ ਪੜ੍ਹੀਆਂ। ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੀ ਪਛਾਣ ਨਾਲ ਸਹਿਜ ਰਹੇ ਹਨ ਅਤੇ ਆਪਣੇ ਆਪ ਨੂੰ “ਅਮਰੀਕੀ’’ ਵਜੋਂ ਪੇਸ਼ ਕਰਦੇ ਹਨ।
ਸਮਝ ਅਤੇ ਹਾਸਾ ਮਜ਼ਾਕ ਉਨ੍ਹਾਂ ਦੇ ਸ਼ਸਤਰ ਦਾ ਹਿੱਸਾ ਸਨ, 2020 ਵਿੱਚ ਚੋਣ ਜਿੱਤਣ ਦੇ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਜਿੱਤ ਦੀ ਖ਼ਬਰ ਸਾਂਝੀ ਕੀਤੀ ਅਤੇ ਹੱਸਦੇ ਹੋਏ ਜੋਅ ਬਾਇਡਨ ਨੂੰ ਕਿਹਾ, “ਅਸੀਂ ਕਰ ਦਿਖਾਇਆ, ਅਸੀਂ ਕਰ ਦਿਖਾਇਆ ਜੋਅ, ਤੁਸੀਂ ਸੰਯੁਕਤ ਰਾਸ਼ਟਰ ਦੇ ਅਗਲੇ ਰਾਸ਼ਟਰਪਤੀ ਬਣਨ ਜਾ ਹੇ ਹੋ!’’
ਜਿਸ ਲਹਿਜ਼ੇ ਵਿੱਚ ਉਨ੍ਹਾਂ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਹਾਸੇ ਨਾਲ ਭਰਪੂਰ ਪਹਿਲੀ ਮਹੱਤਵਪੂਰਨ ਫ਼ੋਨ ਕਾਲ ਕੀਤੀ, ਉਸ ਤੋਂ ਹੀ ਉਨ੍ਹਾਂ ਦੀ ਦੋਸਤੀ ਅਤੇ ਨੇੜਤਾ ਪਛਾਣੀ ਜਾ ਸਕਦੀ ਸੀ। ਡੈਮੋਕ੍ਰੇਟਿਕ ਰਾਸ਼ਟਰਪਤੀ ਉਮੀਦਵਾਰੀ ਲਈ ਨਾਮਜ਼ਦਗੀ ਵੇਲੇ ਤੋਂ ਹੀ ਲਾਈਵ ਬਹਿਸ ਦੌਰਾਨ ਆਪਣੇ ਵਿਰੋਧੀਆਂ ਨੂੰ ਭਾਸ਼ਣ ਦੇ ਪਹਿਲੇ ਹਿੱਸੇ ਵਿੱਚ ਹੀ ਤਿੱਖੇ ਅਤੇ ਦਿਲਚਸਪ ਜਵਾਬ ਦੇਣ ਦੀ ਕਾਬਲੀਅਤ ਕਮਲਾ ਹੈਰਿਸ ਦੀ ਪਛਾਣ ਹੈ।
ਪਰਡਿਊ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਅਤੇ ਅਫ਼ਰੀਕਨ ਅਮਰੀਕਨ ਅਧਿਐਨ ਦੇ ਐਸੋਸੀਏਟ ਪ੍ਰੋਫ਼ੈਸਰ ਨਾਦੀਆ ਬ੍ਰਾਊਨ ਦਾ ਕਹਿਣਾ ਹੈ ਕਿ “ਉਹ ਜ਼ਮੀਨੀ ਪੱਧਰ ਦੇ ਚੁਣੇ ਹੋਏ ਅਧਿਕਾਰੀਆਂ ਅਤੇ ਅਸਫ਼ਲ ਉਮੀਦਵਾਰਾਂ ਦੀ ਵਿਰਾਸਤ ਦੀ ਵਾਰਸ ਹੈ, ਜਿਨ੍ਹਾਂ ਨੇ ਵ੍ਹਾਈਟ ਹਾਊਸ ਲਈ ਇਹ ਰਸਤਾ ਤਿਆਰ ਕੀਤਾ। ਕਾਲੀਆਂ ਔਰਤਾਂ ਨੂੰ ਲੋਕਤੰਤਰੀ ਸਿਆਸਤ ਅਤੇ ਡੈਮੋਕ੍ਰੇਟਿਕ ਪਾਰਟੀ ਵਿੱਚ ਇੱਕ ਸਿਆਸੀ ਤਾਕਤ ਵਜੋਂ ਦੇਖਿਆ ਜਾਂਦਾ ਹੈ।’’
ਨਾਦੀਆ ਬ੍ਰਾਊਨ ਨੇ ਦਲੀਲ ਦਿੱਤੀ ਕਿ ਫੈਨੀ ਲੂ ਹੈਮਰ, ਏਲਾ ਬੇਕਰ ਅਤੇ ਸੈਪਟੀਮਾ ਕਲਾਰਕ, ਇਹ ਕੁਝ ਨਾਮ ਹਨ, ਜਿਨ੍ਹਾਂ ਦੇ ਨਕਸ਼ੇ ਕਦਮ ’ਤੇ ਕਮਲਾ ਹੈਰਿਸ ਚੱਲਦੇ ਹਨ। ਉਨ੍ਹਾਂ ਦੀ ਸਫ਼ਲਤਾ ਇਤਿਹਾਸਿਕ ਹੈ ਪਰ ਇਹ ਇਕੱਲੇ ਉਨ੍ਹਾਂ ਦੀ ਹੀ ਨਹੀਂ ਹੈ। ਇਹ ਅਣਗਿਣਤ ਕਾਲੀਆਂ ਔਰਤਾਂ ਦੀ ਹੈ, ਜਿਨ੍ਹਾਂ ਕਰਕੇ ਇਹ ਸਭ ਮੁਮਕਿਨ ਹੋ ਸਕਿਆ ਹੈ।’’
ਅਮਰੀਕੀ ਕਾਨੂੰਨ ਵਿਚ ਭਾਵੇਂ ਰੰਗ ਭੇਦ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਪਰ ਫ਼ਿਰ ਵੀ ਇੱਥੇ ਨਸਲੀ ਹਮਲੇ ਹੁੰਦੇ ਰਹਿੰਦੇ ਹਨ। ਗੋਰੇ ਲੋਕਾਂ ਵਲੋਂ ਇਸਨੂੰ ਆਪਣਾ ਜੱਦੀ ਦੇਸ਼ ਸਮਝਿਆ ਜਾ ਰਿਹਾ ਹੈ ਅਤੇ ਕਾਲੇ ਲੋਕਾਂ ਪ੍ਰਤੀ ਕਿਤੇ ਨਾ ਕਿਤੇ ਨਫ਼ਰਤ ਜ਼ਰੂਰ ਸਾਹਮਣੇ ਆਉਂਦੀ ਹੈ। ਇਹ ਸਮਝਿਆ ਜਾਂਦਾ ਸੀ ਕਿ ਅਮਰੀਕਾ ਦਾ ਰਾਸ਼ਟਰਪਤੀ ਇਕ ਗੋਰਾ ਹੀ ਬਣ ਸਕਦਾ ਹੈ ਪਰ ਬਰਾਕ ਓਬਾਮਾ ਨੇ ਇਸ ਮਿਥ ਨੂੰ ਤੋੜਿਆ ਅਤੇ ਸਾਬਤ ਕੀਤਾ ਕਿ ਅਮਰੀਕਾ ਨਸਲੀ ਵਿਤਕਰੇ ਨੂੰ ਨਹੀਂ ਸਗੋਂ ਨਸਲੀ ਵਿਭਿੰਨਤਾ ਨੂੰ ਪਹਿਲ ਦਿੰਦਾ ਹੈ। ਉਹਨਾਂ ਲਗਾਤਾਰ ਦੋ ਵਾਰ ਰਾਸ਼ਟਰਪਤੀ ਬਣ ਕੇ ਅਮਰੀਕਾ ’ਚ ਕਾਲੇ ਲੋਕਾਂ ਨੂੰ ਇਕ ਵੱਖਰਾ ਮਾਣ ਲੈ ਕੇ ਦਿੱਤਾ।
ਕਮਲਾ ਹੈਰਿਸ ਦਾ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਬਣਨਾ ਅਮਰੀਕਾ ’ਚ ਇਕ ਵੱਡਾ ਸਿਆਸੀ ਘਟਨਾਕ੍ਰਮ ਹੈ ਅਤੇ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਜਿਵੇਂ ਟਰੰਪ ਬਾਈਡਨ ਦੇ ਮੁਕਾਬਲੇ ਆਪਣੀ ਚੋਣ ਮੁਹਿੰਮ ਨੂੰ ‘ਈਜ਼ੀ’ ਲੈ ਰਹੇ ਸਨ, ਕਮਲਾ ਹੈਰਿਸ ਦੇ ਆਉਣ ਨਾਲ ਉਹਨਾਂ ਦੀ ਚੋਣ ‘ਟੱਫ਼’ ਹੋ ਗਈ ਹੈ ਕਿਉਂਕਿ ਕਮਲਾ ਹੈਰਿਸ ਨੂੰ ਸਿਆਸੀ ਬਹਿਸ ਦਾ ਖਾਸ ਤਜ਼ਰਬਾ ਹੈ ਅਤੇ ਦੂਜਾ ਉਹ ਟਰੰਪ ਨਾਲੋਂ ਉਮਰ ਵਿਚ ਛੋਟੀ ਅਤੇ ਸਰੀਰਕ ਤੌਰ ’ਤੇ ਫਿੱਟ ਅਤੇ ਚੁਸਤ ਫ਼ੁਰਤ ਹੈ। ਰਾਸ਼ਟਰਪਤੀ ਚੋਣਾਂ ਵਿਚ ਲਗਭਗ ਚਾਰ ਮਹੀਨੇ ਹੀ ਬਚੇ ਹਨ ਅਤੇ ਇਸ ਥੋੜ੍ਹੇ ਸਮੇਂ ’ਚ ਇਸ ਦੌੜ ’ਚ ਟਰੰਪ ਦੇ ਬਰਾਬਰ ਚੜ੍ਹਨਾ ਉਸ ਲਈ ਵੀ ਇਕ ਚੁਣੌਤੀ ਹੋਵੇਗੀ ਪਰ ਚਿਰਾਂ ਤੋਂ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਦੀ ਸੋਚ ਰੱਖਣ ਵਾਲੀ ਕਮਲਾ ਹੈਰਿਸ ਲਈ ਕੁਝ ਵੀ ਔਖਾ ਦਿਖਾਈ ਨਹੀਂ ਦੇ ਰਿਹਾ। ਇਹ ਕਹਿ ਸਕਦੇ ਹਾਂ ਕਿ ਕਮਲਾ ਹੈਰਿਸ ਦੇ ਆਉਣ ਨਾਲ ਅਮਰੀਕੀ ਚੋਣ ਹੁਣ ਰੌਚਕ ਜ਼ਰੂਰ ਬਣ ਗਈ ਹੈ। ਆਮੀਨ!