
-ਅਰਜਨ ਰਿਆੜ (ਮੁੱਖ ਸੰਪਾਦਕ)
ਪੰਜਾਬ ਵਿਚ ਬੀਤੇ ਸਮੇਂ ’ਚ ਅਕਾਲੀ ਸਰਕਾਰ ਉੱਪਰ ਨਸ਼ਿਆਂ ਦੇ ਵਪਾਰ ਦੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਸਨ। ਜਦੋਂ ਡਰੱਗ ਸਮੱਗਲਿੰਗ ਦੇ ਦੋਸ਼ ’ਚ ਜੇਲ੍ਹ ’ਚ ਬੰਦ ਜਗਦੀਸ਼ ਭੋਲਾ ਨੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਤਾਂ ਪੂਰੇ ਪੰਜਾਬੀ ਜਗਤ ਵਿਚ ਸੁੰਨ੍ਹ ਪਸਰ ਗਈ ਸੀ ਬਾਅਦ ਵਿਚ ਕਾਂਗਰਸ ਪਾਰਟੀ ਦੀ ਚੰਨੀ ਸਰਕਾਰ ਨੇ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਪਰਚਾ ਵੀ ਦਰਜ ਕਰ ਦਿੱਤਾ ਸੀ ਜੋ ਅਜੇ ਤੱਕ ਉਹ ਭੁਗਤ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੀ ਗਿ੍ਰਫ਼ਤ ਵਿਚ ਲਿਆ ਹੋਇਆਂ ਹੈ ਅਤੇ ਸਭ ਤੋਂ ਖ਼ਤਰਨਾਕ ਗੱਲ ਤਾਂ ਇਹ ਹੈ ਕਿ ਇਸ ਵਿਚ ਪੁਲਿਸ ਦੀ ਮਿਲੀਭੁਗਤ ਹੋਣ ਦੇ ਵੀ ਦੋਸ਼ ਲੱਗ ਰਹੇ ਹਨ। ਬਹੁਤ ਥਾਈਂ ਦੇਖਿਆ ਗਿਆ ਹੈ ਕਿ ਜੇਕਰ ਕੋਈ ਨਸ਼ਾ ਤਸਕਰੀ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀਆਂ ਛੋਟੀਆਂ ਉਦਾਹਰਣਾ ਨੂੰ ਜੇਕਰ ਛੱਡ ਵੀ ਦਈਏ ਤਾਂ ਮਾਨਸਾ ਜ਼ਿਲ੍ਹੇ ਦੇ ਪ੍ਰਸਿੱਧ ਸਮਾਜ ਸੇਵੀ ਪ੍ਰਮਿੰਦਰ ਸਿੰਘ ਝੋਟਾ ਦੀ ਉਦਾਹਰਣ ਲਈ ਜਾ ਸਕਦੀ ਹੈ ਕਿ ਉਹਨੇ ਨਸ਼ਾ ਤਸਕਰਾਂ ਦੇ ਖਿਲਾਫ਼ ਕੰਮ ਕੀਤਾ ਤਾਂ ਸਰਕਾਰ ਨੇ ਉਸ ਨੂੰ ਹੀ ਜੇਲ੍ਹ ਅੰਦਰ ਬੰਦ ਕਰ ਦਿੱਤਾ। ਨਵੀਆਂ ਖਬਰਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਡਟਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੁਕਤਸਰ ਦੀ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਉਸ ਦੀ ਰਿਹਾਈ ’ਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਨੇ ਲੋਕ ਸੰਘਰਸ਼ ਅਤੇ ਏਕਤਾ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਹ ਲਗਪਗ ਦੋ ਮਹੀਨਿਆਂ ਤੋਂ ਜੇਲ੍ਹ ’ਚ ਨਜ਼ਰਬੰਦ ਸੀ ਅਤੇ ਉਸੇ ਦਿਨ ਤੋਂ ਹੀ ਥਾਣਾ ਸਿਟੀ-2 ਸਾਹਮਣੇ ਜਥੇਬੰਦਕ ਧਿਰਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਭਾਰੀ ਦਬਾਅ ਹੇਠ ਮਾਨਸਾ ਪੁਲੀਸ ਪ੍ਰਸ਼ਾਸਨ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਅਦਾਲਤੀ ਕਾਰਵਾਈਆਂ ਨੂੰ ਪੂਰਦਿਆਂ ਜਿਉਂ ਹੀ ਪੁਲੀਸ ਅਤੇ ਝੋਟਾ ਖ਼ਿਲਾਫ਼ ਦਰਖਾਸਤ ਦੇਣ ਵਾਲਿਆਂ ਨੇ ਦਰਖਾਸਤ ਵਾਪਸ ਲੈਣ ਦੇ ਬਿਆਨ ਕਲਮਬੰਦ ਕਰਵਾਏ ਤਾਂ ਅਦਾਲਤ ਨੇ ਪਰਵਿੰਦਰ ਸਿੰਘ ਦੀ ਰਿਹਾਈ ਦੇ ਹੁਕਮ ਕਰ ਦਿੱਤੇ। ਪਰਵਿੰਦਰ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਆਪਣੇ ਪੁੱਤ ਦੀ ਰਿਹਾਈ ਨੂੰ ਲੋਕ ਏਕੇ ਦੀ ਵੱਡੀ ਜਿੱਤ ਕਰਾਰ ਦਿੰਦਿਆਂ ਉਸ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਨਸ਼ਾ ਰੋਕੂ ਮੁਹਿੰਮ ਮਜਬੂਤ ਹੋਣ ਦਾ ਦਾਅਵਾ ਕੀਤਾ। ਉਸ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਭਾਵੇਂ ਪੁੱਤਰ ਦੇ ਜੇਲ੍ਹ ਜਾਣ ਤੋਂ ਬਾਅਦ ਘਰ ਦੀ ਰੌਣਕ ਗੁੰਮ ਹੋ ਗਈ ਸੀ ਪਰ ਉਸ ਦੇ ਮਨੋਰਥ ਨੇ ਜਿਹੜਾ ਮਾਣ ਤੇ ਸਤਿਕਾਰ ਪਰਿਵਾਰ ਨੂੰ ਦਿਵਾਇਆ ਹੈ, ਉਹ ਵੱਡੀ ਪ੍ਰਾਪਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. (ਮੀਡੀਆ) ਮਨਜੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ ਦੋ ਵਿਧਾਇਕਾਂ ਪਿ੍ਰੰਸੀਪਲ ਬੁੱਧਰਾਮ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਦੀ ਮੌਜੂਦਗੀ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਪਰਵਿੰਦਰ ਦੀ ਛੇਤੀ ਰਿਹਾਈ ਲਈ ਭਰੋਸਾ ਦਿੱਤਾ ਸੀ। ਪੰਜਾਬ ਦਾ ਹਿਤ ਸੋਚਣ ਵਾਲਿਆਂ ਨੇ ਝੋਟੇ ਦੀ ਰਿਹਾਈ ਨੂੰ ਪੂਰੇ ਪੰਜਾਬ ਦੀ ਜਿੱਤ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ ਵਿੱਚ ਪੱਕੇ ਝੰਡੇ ਗੱਡ ਚੁੱਕੇ ਹਨ।
ਸਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਆਉਣ ਦੇ ਬਾਵਜੂਦ ਵੀ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਬਿਲਕੁਲ ਵੀ ਨਹੀਂ ਘਟੀ ਹੈ। ਡਰੱਗ ਸਮੱਗਲਰਾਂ ਦੀ ਪੂਰੀ ਝੰਡੀ ਹੈ। ਪਿੰਡ ਸਿਧਾਣਾ ਵਿਚ ਤਾਂ ਨਸ਼ਾ ਤਸਕਰੀ ਖਿਲਾਫ ਪਹਿਰਾ ਦੇ ਰਹੇ ਕਿ ਸੇਵਾਦਾਰ ਦਾ ਹੀ ਕਤਲ ਕਰ ਦਿੱਤਾ ਗਿਆ। ਅਸਲ ਵਿਚ ਪੁਲਿਸ ਵਲੋਂ ਗ੍ਰਾਮਾਂ ਵਿਚ ਵੇਚਣ ਵਾਲੇ ਤਾਂ ਫੜੇ ਜਾ ਰਹੇ ਹਨ ਪਰ ਕੁਵਿੰਟਲਾਂ ਵਾਲੇ ਵੱਡੇ ਵਪਾਰੀਆਂ ਨਾਲ ਵਪਾਰਕ ਸਾਂਝ ਪਾਈ ਹੋਈ ਹੈ। ਸੋ ਸਰਕਾਰ ਨੂੰ ਨਸ਼ੇ ਦੀ ਬਿਮਾਰੀ ਦੀ ਜੜ੍ਹ ਤੱਕ ਜਾਣ ਦੀ ਲੋੜ ਹੈ। ਨਸ਼ਾ ਬਹੁਤ ਹੀ ਖ਼ਤਰਨਾਕ ਮੁੱਦਾ ਹੈ ਅਤੇ ਇਸ ਮੁੱਦੇ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ ਅਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਸ਼ਾ ਤਸਕਰੀ ਖਿਲਾਫ਼ ਕੰਮ ਕਰ ਕੇ ਆਪਣੇ ਆਪ ਨੂੰ ਸੇਫ਼ ਕਰਨਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਲੋਕ ਰੁਕਣ ਵਾਲੇ ਨਹੀਂ ਹਨ।
ਹੁਣ ਜਦੋਂ ਪ੍ਰਮਿੰਦਰ ਸਿੰਘ ਝੋਟਾ ਬਾਹਰ ਆ ਗਿਆ ਹੈ ਤਾਂ ਉਹ ਵੀ ਚੁੱਪ ਬੈਠਣ ਵਾਲਾ ਨਹੀਂ ਅਤੇ ਉਹ ਆਪਣੇ ਕਾਰਜ ਨੂੰ ਜਾਰੀ ਰੱਖੇਗਾ। ਪਰ ਉਸਦੇ ਸਾਥੀਆਂ ਨੂੰ ਇਹ ਸਲਾਹ ਦੇਣੀ ਚਾਹੀਦੀ ਹੈ ਕਿ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਕੀਤਾ ਕੰਮ ਵੱਧ ਨਤੀਜੇ ਦੇਵੇਗਾ, ਜੇਕਰ ਉਹ ਫ਼ਿਰ ਕਾਨੂੰਨ ਆਪਣੇ ਹੱਥ ਵਿਚ ਲਏਗਾ ਤਾਂ ਸਰਕਾਰ ਕੋਲ ਉਸਨੂੰ ਅੰਦਰ ਡੱਕਣ ਦਾ ਫਿਰ ਬਹਾਨਾ ਹੋਵੇਗਾ। ਪਰ ਇਹ ਯਕੀਨੀ ਹੈ ਕਿ ਪ੍ਰਮਿੰਦਰ ਸਿੰਘ ਝੋਟਾ ਪੰਜਾਬ ਸਰਕਾਰ ਲਈ ਨਸ਼ੇ ਦੇ ਮੁੱਦੇ ’ਤੇ ਇਕ ਵਾਰ ਚੁਣੌਤੀ ਤਾਂ ਜ਼ਰੂਰ ਬਣੇਗਾ। ਆਮੀਨ!