=ਮੱੁਖ ਸੰਪਾਦਕ (ਮੁੱਖ ਸੰਪਾਦਕ)
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੱਤਾ ਸੰਭਾਲੀ ਨੂੰ ਡੇਢ ਸਾਲ ਹੋਣ ਵਾਲਾ ਹੈ। ਜੇਕਰ ਪਾਠਕਾਂ ਨੂੰ ਯਾਦ ਹੋਵੇ ਤਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਮੁਹਿੰਮ ਚਲਾਈ ਗਈ ਸੀ ਉਸ ਵਿਚ ਹੋਰਨਾਂ ਤੋਂ ਇਲਾਵਾ ਨਸ਼ੇ ਦਾ ਵੀ ਇਕ ਮੱੁਦਾ ਰੱਖਿਆ ਗਿਆ ਸੀ। ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਰਗੀਆਂ ਦੋ ਧੱਕੜ ਅਤੇ ਲਗਭਗ ਇਕ ਸਦੀ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਉੱਤੇ ਭਰੋਸਾ ਕੀਤਾ ਅਤੇ ਉਸ ਦੇ 92 ਵਿਧਾਇਕ ਜਿਤਾ ਦਿੱਤੇ। ਇੰਨੀ ਵੱਡੀ ਜਿੱਤ ਦੀ ਆਸ ਕਿਸੇ ਨੂੰ ਵੀ ਨਹੀਂ ਸੀ ਪਰ ਲੋਕਾਂ ਨੇ ਪਲਟਾ ਮਾਰ ਕੇ ਇਕ ਵਾਰ ਤਾਂ ਹੇਠਲੀ ਉੱਤੇ ਕਰ ਦਿੱਤੀ। ਸਭ ਨੂੰ ਆਸ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਸੂਬੇ ਦੀ ਹਰ ਪਾਸਿਓਂ ਹਾਲਤ ਸੁਧਾਰਨ ਲਈ ਮੋਹਰੀ ਰੋਲ ਅਦਾ ਕਰਨਗੇ। ਪਰ ਸਰਕਾਰ ਦੇ ਅੱਜ ਤੱਕ ਦੇ ਕਾਰਜਕਾਲ ਉਪਰੰਤ ਵੀ ਲੋਕਾਂ ਨੂੰ ਕੋਈ ਬਦਲਾਅ ਆਇਆ ਦਿਖਾਈ ਨਹੀਂ ਦਿੰਦਾ। ਸਰਕਾਰੇ ਦਰਬਾਰੇ ਰਿਸ਼ਵਤ ਪਹਿਲਾਂ ਦੀ ਤਰ੍ਹਾਂ ਦੀ ਚੱਲ ਰਹੀ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਅਜੇ ਵੀ ਪੂਰੀ ਘਾਟ ਹੈ, ਪੁਲਿਸ ਚੌਂਕੀਆਂ ਅਤੇ ਥਾਣਿਆਂ ਵਿਚ ਅਜੇ ਵੀ ਨਫਰੀ ਦੀ ਘਾਟ ਬਰਕਰਾਰ ਚੱਲ ਰਹੀ ਹੈ। ਸੜਕਾਂ ਕਿਤੇ ਵੀ ਬਣ ਰਹੀਆਂ ਦਿਖਾਈ ਨਹੀਂ ਦੇ ਰਹੀਆਂ। ਇਹ ਮੰਨ ਲੈਨੇ ਆਂ ਕਿ ਨਵੀਂ ਸਰਕਾਰ ਨੂੰ ਵਿਕਾਸ ਕਾਰਜ ਸ਼ੁਰੂ ਕਰਨ ਲਈ ਸਮਾਂ ਚਾਹੀਦਾ ਹੈ, ਬਿਲਕੁਲ ਚਾਹੀਦਾ ਹੈ ਪਰ ਕਿੰਨਾ ਕੁ? ਕੀ ਪੰਜ ਸਾਲ ਇਹੀ ਸੁਣਨ ਨੂੰ ਮਿਲਦਾ ਰਹੇਗਾ ਕਿ ਸਰਕਾਰ ਨੂੰ ਅਜੇ ਸਮਾਂ ਚਾਹੀਦਾ ਹੈ। ਇਹ ਇੱਕੀਵੀਂ ਸਦੀ ਦਾ ਯੱੁਗ ਹੈ, ਇੱਥੇ ਕੋਈ ਕਿਸੇ ਦਾ ਇੰਤਜ਼ਾਰ ਕਰ ਕੇ ਖੁਸ਼ ਨਹੀਂ। ਜ਼ਿੰਦਗੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਲੋਕ ਨਤੀਜਾ ਜਲਦੀ ਤੋਂ ਜਲਦੀ ਚਾਹੁੰਦੇ ਹਨ। ਹੁਣ ਜੇਕਰ ਸਰਕਾਰ ਇਹ ਸੋਚ ਲਵੇ ਕਿ ਅਜੇ ਵੀ ਲੋਕ ਉਸਨੂੰ ਦੋ ਤਿੰਨ ਸਾਲ ਨਹੀਂ ਪੁੱਛਣਗੇ ਤਾਂ ਉਹ ਭੁਲੇਖੇ ਵਿਚ ਹੈ, ਲੋਕ ਹੁਣ ਸਵਾਲ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ ਅਤੇ ਆਉਣ ਵਾਲੇ ਸਮੇਂ ’ਚ ਸਰਕਾਰ ਦੇ ਵਿਧਾਇਕਾਂ ਨੂੰ ਲੋਕਾਂ ਵਿਚ ਜਾਣਾ ਔਖਾ ਹੋ ਜਾਵੇਗਾ ਕਿਉਂਕਿ ਗੱਲਾਂ ਦਾ ਕੜਾਹ ਬਹੁਤੀ ਦੇਰ ਤੱਕ ਨਹੀਂ ਬਣ ਸਕਦਾ, ਅਮਲੀ ਰੂਪ ਵਿਚ ਕੁਝ ਨਾ ਕੁਝ ਕਰਨਾ ਹੀ ਪਵੇਗਾ।
ਅਸੀਂ ਗੱਲ ਕਰ ਰਹੇ ਸੀ ਨਸ਼ੇ ਦੀ, ਇਸ ਮੱੁਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਢਹਿ ਢੇਰੀ ਕਰ ਦਿੱਤੀ ਸੀ। ਸੁਖਬੀਰ ਸਿੰਘ ਬਾਦਲ ਦੇ ਉਪ-ਮੱੁਖ ਮੰਤਰੀ ਹੁੰਦਿਆਂ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਨਸ਼ੇ ਦੇ ਦੋਸ਼ ਲੱਗੇ ਪਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੂਬੇ ਵਿਚ ਨਸ਼ੇ ਦਾ ਕਾਰੋਬਾਰ ਰੱਜ ਕੇ ਚੱਲਿਆ। ਇਸ ਦੇ ਨਤੀਜੇ ਵਜੋਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕਰਦਿਆਂ ਕਾਂਗਰਸ ਪਾਰਟੀ ਨੂੰ ਸੂਬੇ ਦੀ ਵਾਗਡੋਰ ਫੜਾ ਦਿੱਤੀ ਸੀ। ਪਰ ਕਾਂਗਰਸ ਨੇ ਵੀ ਆਪਣੇ ਸਮੇਂ ’ਚ ਨਸ਼ੇ ਦੇ ਖਿਲਾਫ ਕੋਈ ਵੱਡੀ ਮੁਹਿੰਮ ਨਾ ਛੇੜੀ ਅਤੇ ਉਹ ਵੀ ਜਾਂਦੀ ਲੱਗੀ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਤਾਂ ਲੋਕਾਂ ਨੂੰ ਉਸ ਤੋਂ ਵੱਡੀਆਂ ਆਸਾਂ ਸਨ। ਪਰ ਪਿਛਲੇ ਲਗਭਗ ਡੇਢ ਸਾਲ ਤੋਂ ਨਸ਼ਿਆਂ ਦੀ ਵਿਕਰੀ ਉੱਤੇ ਕੋਈ ਰੋਕ ਨਹੀਂ ਲਗਾਈ ਜਾ ਸਕਦੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਨਸ਼ੇ ਧੜੱਲੇ ਨਾਲ ਵਿਕ ਰਹੇ ਹਨ। ਇਹਨਾਂ ਨਸ਼ਿਆਂ ਦੇ ਖਿਲਾਫ ਪਿੰਡਾਂ ਵਿਚ ਰੋਸ ਵੱਡੇ ਪੱਧਰ ’ਤੇ ਪਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦਾ ਇਕ ਨੌਜਵਾਨ ‘ਪਰਮਿੰਦਰ ਸਿੰਘ ਝੋਟਾ’ ਨਸ਼ੇ ਦੇ ਖਿਲਾਫ ਮੱੁਦਾ ਚੱੁਕ ਰਿਹਾ ਹੈ। ਉਸ ਵਲੋਂ ਦੇ ਸੌਦਾਗਰਾਂ ਨੂੰ ਘਰੋ ਘਰੀ ਜਾ ਕੇ ਚਿਤਾਵਨੀ ਦਿੱਤੀ ਜਾ ਰਹੀ ਹੈ। ਉਸ ਨਾਲ ਇਲਾਕੇ ਦੇ ਬਹੁਤ ਲੋਕ ਜੁੜ ਗਏ ਹਨ ਅਤੇ ਉਸਨੇ ਇਕ ਤਰ੍ਹਾਂ ਨਾਲ ਕਾਫ਼ਲਾ ਹੀ ਬਣਾ ਲਿਆ ਹੈ। ਉਸਦੀ ਚਰਚਾ ਪੂਰੇ ਪੰਜਾਬ ਵਿਚ ਹੋ ਰਹੀ ਹੈ। ਪਰ ਹੈਰਾਨੀ ਉਦੋਂ ਹੋਈ ਜਦੋਂ ਪੰਜਾਬ ਪੁਲਿਸ ਨੇ ਉਸਦਾ ਸਾਥ ਦੇਣ ਦੀ ਬਜਾਏ ਉਸ ਉੱਪਰ ਹੀ ਪਰਚਾ ਦਰਜ ਕਰ ਕੇ ਉਸਨੂੰ ਗਿ੍ਰਫਤਾਰ ਕਰ ਲਿਆ। ਲੋਕ ਹੈਰਾਨ ਹਨ ਕਿ ਨਸ਼ੇ ਦੇ ਸੌਦਾਗਰ ਹਰਲ ਹਰਲ ਕਰਦੇ ਫਿਰਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਜੇਲ੍ਹ ਵਿਚ ਚਲਾ ਗਿਆ ਹੈ। ਭਾਵੇਂ ਝੋਟੇ ਉੱਪਰ ਦੋਸ਼ ਲੱਗਦੇ ਹਨ ਕਿ ਉਹ ਕਾਨੂੰਨ ਤੋੜ ਕੇ ਨਸ਼ਾ ਰੋਕਣ ਦਾ ਕੰਮ ਕਰ ਰਿਹਾ ਹੈ ਜਿਸ ਕਾਰਨ ਉਸ ਉੱਪਰ ਪਰਚਾ ਦਰਜ ਕੀਤਾ ਗਿਆ ਹੈ। ਮੰਨ ਵੀ ਲੈਂਦੇ ਹਾਂ ਕਿ ਉਸ ਨੇ ਕਾਨੂੰਨ ਤੋੜਿਆ, ਪਰ ਉਸਨੂੰ ਕਾਨੂੰਨ ਤੋੜਨਾ ਕਿਉਂ ਪਿਆ ਇਸ ਮੱੁਦੇ ਉੱਪਰ ਵੀ ਚਰਚਾ ਹੋਣੀ ਚਾਹੀਦੀ ਹੈ। ਜਦੋਂ ਵੀ ਪਰਮਿੰਦਰ ਸਿੰਘ ਝੋਟਾ ਪੁਲਿਸ ਦੀ ਮਦਦ ਮੰਗਣ ਜਾਂਦਾ ਸੀ ਤਾਂ ਪੁਲਿਸ ਵਲੋਂ ਉਸਦਾ ਕੋਈ ਸਾਥ ਨਹੀਂ ਸੀ ਦਿੱਤਾ ਜਾਂਦਾ ਜਿਸ ਕਾਰਨ ਉਸ ਨੂੰ ਖੁਦ ਹੀ ਇਹ ਮਾਮਲਾ ਚੁੱਕਣਾ ਪਿਆ। ਪੰਜਾਬ ਸਰਕਾਰ ਨੂੰ ਇਸ ਮਾਮਲੇ ਉੱਤੇ ਦਖਲ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਮੱੁਦਾ ਭਖ ਸਕਦਾ ਹੈ ਕਿਉਂਕਿ ਲੋਕਾਂ ਵਿਚ ਆਮ ਚਰਚਾ ਹੈ ਕਿ ਸਰਕਾਰ ਕਹਿੰਦੀ ਤਾਂ ਸੀ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਊਗੀ ਪਰ ਪਾ ਉਸਨੇ ਨਸ਼ੇ ਰੋਕਣ ਵਾਲੇ ਝੋਟੇ ਨੂੰ ਹੀ ਦਿੱਤੀ ਹੈ। ਸੋ ਸਮਾਂ ਰਹਿੰਦਿਆਂ ਮੱੁਦਾ ਸੰਭਾਲਣ ਦੀ ਲੋੜ ਹੈ। ਆਮੀਨ!

.jpg)
.jpg)
.jpg)
.jpg)



















.jpg)






























.jpg)


























.jpg)

.jpg)



















