
ਰਾਜੌਰੀ/ਜੰਮੂ-ਪੁਣਛ ਵਿੱਚ ਦੋ ਫੌਜੀ ਵਾਹਨਾਂ ’ਤੇ ਕੀਤੇ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਜਾਰੀ ਅਪਰੇਸ਼ਨ ਦਰਮਿਆਨ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਗਰਾਊਂਡ ਜ਼ੀਰੋ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸੁੁਰੱਖਿਆ ਹਾਲਾਤ ਤੇ ਅਪਰੇਸ਼ਨਲ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕਮਾਂਡਰਾਂ ਨੂੰ ਜ਼ੋਰਦਾਰ ਨਸੀਹਤ ਦਿੱਤੀ ਕਿ ਉਹ ਕਿਸੇ ਵੀ ਅਪਰੇਸ਼ਨ ਨੂੰ ਚਲਾਉਣ ਮੌਕੇ ‘ਪੇਸ਼ੇਵਰ ਪਹੁੰਚ’ ਅਪਣਾਉਣ। ਚੀਫ਼ ਆਫ ਆਰਮੀ ਸਟਾਫ਼ (ਸੀਓਏਐੱਸ) ਨੇ ਕਮਾਂਡਰਾਂ ਨੂੰ ਕਿਹਾ ਕਿ ਉਹ ਸਾਰੀਆਂ ਚੁਣੌਤੀਆਂ ਖਿਲਾਫ਼ ਦ੍ਰਿੜ੍ਹ ਤੇ ਸਾਬਤ ਕਦਮ ਰਹਿਣ। ਅਧਿਕਾਰੀਆਂ ਨੇ ਕਿਹਾ ਕਿ ਜਨਰਲ ਪਾਂਡੇ ਡੇਰਾ ਕੀ ਗਲੀ ਵੀ ਗਏ ਤੇ ਉਨ੍ਹਾਂ ਸੂਰਨਕੋਟ ਤੇ ਨੇੜਲੇ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਜੰਗਲੀ ਇਲਾਕੇ ਵਿੱਚ ਲੁਕੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਲਈ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਐਂਟੀ-ਟੈਰਰਿਸਟ ਅਪਰੇਸ਼ਨ ਦਾ ਜਾਇਜ਼ਾ ਲਿਆ। ਥਲ ਸੈਨਾ ਮੁਖੀ ਮਗਰੋਂ ਰਾਜੌਰੀ ਵਿੱਚ 25 ਇਨਫੈਂਟਰੀ ਡਿਵੀਜ਼ਨ ਦੇ ਹੈੱਡਕੁਆਰਟਰਜ਼ ਗਏ, ਜਿੱਥੇ ਕਮਾਂਡਰਾਂ ਨੇ ਉਨ੍ਹਾਂ ਨੂੰ ਸੁਰੱਖਿਆ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਮਨ ਤੇ ਕਾਨੂੰਨ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨੂੰ ਰੋਕਣ ਲਈ ਇਹਤਿਆਤੀ ਉਪਰਾਲੇ ਵਜੋਂ ਅੱਜ ਲਗਾਤਾਰ ਤੀਜੇ ਦਿਨ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹੀਆਂ। ਸ਼ਨਿੱਚਰਵਾਰ ਨੂੰ ਤਿੰਨ ਆਮ ਨਾਗਰਿਕਾਂ ਦੀ ਹੱਤਿਆ ਮਗਰੋਂ ਸੇਵਾਵਾਂ ਬੰਦ ਹਨ। ਪ੍ਰਸ਼ਾਸਨ ਨੇ ਮਾਰੇ ਗਏ ਆਮ ਨਾਗਰਿਕਾਂ ਦੇ ਪਰਿਵਾਰਾਂ ਲਈ ਨੌਕਰੀ ਤੇ ਮੁਆਵਜ਼ੇ ਦਾ ਐਲਾਨ ਕੀਤਾ ਸੀ। ਜੰਮੂ: ਪੁਣਛ ਵਿੱਚ ਪਿਛਲੇ ਹਫ਼ਤੇ ਹੋਏ ਦਹਿਸ਼ਤੀ ਹਮਲੇ, ਜਿਸ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ, ਦੀ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਏ ਤਿੰਨ ਆਮ ਨਾਗਰਿਕਾਂ ਦੀ ਮੌਤ ਮਾਮਲੇ ਵਿੱਚ ਪੁਲੀਸ ਵੱਲੋਂ ਹੱਤਿਆ ਦਾ ਕੇਸ ਦਰਜ ਕੀਤੇ ਜਾਣ ਮਗਰੋਂ ਫੌਜ ਨੇ ਵੀ ਕੋਰਟ ਆਫ ਇਨਕੁੁੁਆਇਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਹਿਰਾਸਤ ਦੌਰਾਨ ਆਮ ਨਾਗਰਿਕਾਂ ’ਤੇ ਤਸ਼ੱਦਦ ਢਾਹੁਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਨੂੰ ਤਬਦੀਲ ਕਰਨ ਤੋਂ ਇਲਾਵਾ 48 ਰਾਸ਼ਟਰੀ ਰਾਈਫਲਜ਼ ਦੇ ਤਿੰਨ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਪੁਲੀਸ ਨੇ ਆਈਪੀਸੀ ਦੀ ਧਾਰਾ 302 ਤਹਿਤ ਅਣਪਛਾਤੇ ਮੁਲਜ਼ਮਾਂ (ਫੌਜੀ ਅਮਲੇ) ਖਿਲਾਫ਼ ਕੇਸ ਦਰਜ ਕੀਤਾ ਹੈ। ਵਿਦਰੋਹ ਦੇ ਟਾਕਰੇ ਲਈ ਬਣੀ ਥਲ ਸੈਨਾ ਦੀ ਇਹ ਯੂਨਿਟ ਪਹਿਲਾਂ ਵੀ ਗਲ਼ਤ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੀ ਹੈ। ਅਕਤੂਬਰ ਵਿੱਚ ਯੂਨਿਟ ਦੇ ਮੇਜਰ ਰੈਂਕ ਦੇ ਅਧਿਕਾਰੀਆਂ ਨੇ ਥਾਣਾ ਮੰਡੀ ਨੇੜੇ ਨੀਲੀ ਪੋਸਟ ਕੈਂਪ ਦੇ ਅੰਦਰ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਤੇ ਹੱਥਗੋਲਿਆਂ ਨਾਲ ਧਮਾਕੇ ਕੀਤੇ ਸਨ। ਇਸ ਘਟਨਾ ਵਿੱਚ ਤਿੰਨ ਅਧਿਕਾਰੀਆਂ ਸਣੇ ਪੰਜ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ ਸਨ। ਪੁਣਛ ਦੇ ਸੂਰਨਕੋਟ ਇਲਾਕੇ ਵਿੱਚ 21 ਦਸੰਬਰ ਨੂੰ ਡੇਰਾ ਕੀ ਗਲੀ ਤੇ ਬੁਫਲਿਆਜ਼ ਵਿਚਾਲੇ ਪੈਂਦੇ ਧਤਯਾਰ ਮੋੜ ’ਤੇ ਦਹਿਸ਼ਤਗਰਦਾਂ ਵੱਲੋਂ ਦੋ ਫੌਜੀ ਵਾਹਨਾਂ ’ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਇਸ ਮਗਰੋਂ ਫੌਜ ਨੇ 27 ਤੋਂ 42 ਸਾਲ ਉਮਰ ਦੇ ਤਿੰਨ ਆਮ ਨਾਗਰਿਕਾਂ ਜਿਨ੍ਹਾਂ ਦੀ ਪਛਾਣ ਸਫ਼ੀਰ ਅਹਿਮਦ, ਮੁਹੰਮਦ ਸ਼ੌਕਤ ਤੇ ਸ਼ਬੀਰ ਅਹਿਮਦ ਵਜੋਂ ਦੱਸੀ ਗਈ ਸੀ, ਨੂੰ ਕਥਿਤ ਤੌਰ ’ਤੇ ਪੁੱਛਗਿੱਛ ਲਈ ਚੁੱਕਿਆ ਸੀ। ਅਗਲੇ ਦਿਨ 22 ਦਸੰਬਰ ਨੂੰ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਨ੍ਹਾਂ ’ਤੇ ਢਾਹੇ ਤਸ਼ੱਦਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਉਧਰ ਪੀੜਤ ਆਮ ਨਾਗਰਿਕਾਂ ’ਚੋਂ ਇਕ ਦੇ ਰਿਸ਼ਤੇਦਾਰ ਮੁਹੰਮਦ ਸਦੀਕ ਨੇ ਕਿਹਾ ਕਿ ਤਿੰਨਾਂ ਨੂੰ ਫੌਜ ਦੀ ਟੁੱਕੜੀ ਨੇ ਪੁੱਛਗਿੱਛ ਲਈ ਚੁੱਕਿਆ ਸੀ ਤੇ ਇਸ ਮੌਕੇ ਪੁਲੀਸ ਮੁਲਾਜ਼ਮ ਮੁਹੰਮਦ ਰਫ਼ੀਕ ਤੇ ਮੁਹੰਮਦ ਰਾਸ਼ਿਦ, ਉਨ੍ਹਾਂ ਦੇ ਸੂਤਰ ਜੱਗੀ ਤੇ ਗਣੇਸ਼ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸਾਦਿਕ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਥਲ ਸੈਨਾ ਦੇ ਸਬੰਧਤ ਮੇਜਰ, ਪੁਲੀਸ ਮੁਲਾਜ਼ਮ ਤੇ ਫੌਜ ਦੇ ਸੂਤਰਾਂ ਦਾ ਨਾਮ ਐੱਫਆਈਆਰ ਵਿਚ ਸ਼ਾਮਲ ਕੀਤਾ ਜਾਵੇ। ਰਾਸ਼ਟਰੀ ਰਾਈਫਲਜ਼ ਕੈਂਪ ਨੂੰ ਫੌਰੀ ਇਥੋਂ ਹਟਾਇਆ ਜਾਵੇ।’’