ਛੋਟੀਆਂ ਮੋਟੀਆਂ ਦਹਿਸ਼ਤੀ ਘਟਨਾਵਾਂ ਅਜੇ ਹੁੰਦੀਆਂ ਰਹਿਣਗੀਆਂ: ਵੀਕੇ ਸਿੰਘ

ਛੋਟੀਆਂ ਮੋਟੀਆਂ ਦਹਿਸ਼ਤੀ ਘਟਨਾਵਾਂ ਅਜੇ ਹੁੰਦੀਆਂ ਰਹਿਣਗੀਆਂ: ਵੀਕੇ ਸਿੰਘ

ਇੰਦੌਰ (ਮੱਧ ਪ੍ਰਦੇਸ਼-ਕੇਂਦਰੀ ਮੰਤਰੀ ਵੀਕੇ ਸਿੰਘ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਵਿਕਾਸ ਦੀਆਂ ਗਤੀਵਿਧੀਆਂ ਤੇਜ਼ ਹੋਣ ਨਾਲ ਅਤਿਵਾਦੀਆਂ ਦੀ ਗਿਣਤੀ ਵਿੱਚ ਪਹਿਲਾਂ ਮੁਕਾਬਲੇ ਕਾਫੀ ਕਮੀ ਆਈ ਹੈ ਪਰ ਛੋਟੀਆਂ-ਮੋਟੀਆਂ ਅਤਿਵਾਦੀ ਘਟਨਾਵਾਂ ਰੋਕਣ ਵਿੱਚ ਅਜੇ ਸਮਾਂ ਲੱਗੇਗਾ ਕਿਉਂਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਦਿਮਾਗ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਛੇੜਛਾੜ ਦੀ ਫਿਤਰਤ ਕਾਇਮ ਹੈ। ਮੱਧ ਪ੍ਰਦੇਸ਼ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀਕੇ ਸਿੰਘ ਭਾਜਪਾ ਦੇ ਪ੍ਰਚਾਰ ਲਈ ਇੱਥੇ ਆਏ ਹੋਏ ਸਨ।

ਜੰਮੂ ਕਸ਼ਮੀਰ ਿਵੱਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਇੱਕ ਫੌਜ ਦੇ ਕਰਨਲ, ਇੱਕ ਮੇਜਰ, ਇੱਕ ਡੀਐੱਸਪੀ ਤੇ ਇੱਕ ਜਵਾਨ ਦੇ ਸ਼ਹੀਦ ਹੋਣ ਤੋਂ ਇੱਕ ਦਿਨ ਬਾਅਦ ਉਹ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖਵਾਦੀਆਂ ਵੱਲੋਂ ਫੈਲਾਇਆ ਗਿਆ ਇਹ ਭਰਮ ਵੀ ਮਿੱਟ ਚੁੱਕਾ ਹੈ ਕਿ ਇਹ ਸਰਹੱਦੀ ਸੂਬਾ (ਜੰਮੂ ਕਸ਼ਮੀਰ) ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਖ ਹੈ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਬੁਨਿਆਦੀ ਢਾਂਚੇ, ਸਨਅਤ ਤੇ ਸੈਰ-ਸਪਾਟੇ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਜੇਕਰ ਆਮ ਕਸ਼ਮੀਰੀ ਨਾਗਰਿਕ ਨੂੰ ਪੁੱਛਿਆ ਜਾਵੇਗਾ ਤਾਂ ਉਹ ਤੁਹਾਨੂੰ ਦੱਸੇਗਾ ਕਿ ਉਹ ਇਸ ਵਿਕਾਸ ਤੋਂ ਖੁਸ਼ ਹੈ।’ ਅਨੰਤ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਤਿੰਨ ਅਧਿਕਾਰੀਆਂ ਦੇ ਸ਼ਹੀਦ ਹੋਣ ਤੋਂ ਅਗਲੇ ਦਿਨ ਸਾਬਕਾ ਫੌਜ ਮੁਖੀ ਨੇ ਕਿਹਾ, ‘(ਜੰਮੂ ਕਸ਼ਮੀਰ ਵਿੱਚ) ਛੋਟੀਆਂ-ਮੋਟੀਆਂ ਦਹਿਸ਼ਤੀ ਘਟਨਾਵਾਂ ਹੁੰਦੀਆਂ ਰਹਿਣਗੀਆਂ। ਇਨ੍ਹਾਂ ਨੂੰ ਰੋਕਣ ’ਚ ਸਮਾਂ ਲੱਗੇਗਾ ਕਿਉਂਕਿ ਇੱਕ ਦੇਸ਼ (ਪਾਕਿਸਤਾਨ) ਅਜਿਹਾ ਹੈ ਜੋ ਭਾਵੇਂ ਦੀਵਾਲੀਆ ਹੋ ਗਿਆ ਹੈ ਪਰ ਉਸ ਦੇ ਦਿਮਾਗ ਵਿੱਚ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਛੇੜਛਾੜ ਦੀ ਆਦਤ ਅਜੇ ਗਈ ਨਹੀਂ ਹੈ। ਜਦੋਂ ਇਹ ਮੁਲਕ ਖਿੰਡ ਜਾਵੇਗਾ ਤਾਂ ਇਹ ਚੀਜ਼ਾਂ ਆਪਣੇ ਆਪ ਖਤਮ ਹੋ ਜਾਣਗੀਆਂ।’ ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦੀਆਂ ਨਾਲ ਮੁਕਾਬਲੇ ’ਚ ਤਿੰਨ ਅਧਿਕਾਰੀਆਂ ਦੇ ਸ਼ਹੀਦ ਹੋਣ ’ਤੇ ਦੇਸ਼ ਦੇ ਸਾਰੇ ਲੋਕ ਦੁਖੀ ਹਨ ਪਰ ਕਾਂਗਰਸ ਨੇ ਇਸ ਸ਼ਹਾਦਤ ’ਤੇ ਸ਼ੋਕ ਜਤਾਉਣ ਲਈ ਕੁਝ ਵੀ ਨਹੀਂ ਕੀਤਾ। ਕੇਂਦਰੀ ਕੇਂਦਰੀ ਮੰਤਰੀ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਘਾਟੀ ’ਚ ਮੁੜ ਵਸਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ’ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਤੇ ਕੁਝ ਸਥਾਨਕ ਲੋਕ ਆਪੋ-ਆਪਣੇ ਹਿੱਤਾਂ ਕਾਰਨ ਅੜਿੱਕੇ ਪਾ ਰਹੇ ਹਨ।