ਜੰਮੂ ਕਸ਼ਮੀਰ: ਅਤਿਵਾਦੀਆਂ ਵੱਲੋਂ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ

ਜੰਮੂ ਕਸ਼ਮੀਰ: ਅਤਿਵਾਦੀਆਂ ਵੱਲੋਂ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅੱਜ ਅਤਿਵਾਦੀਆਂ ਨੇ 72 ਸਾਲਾ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦ ਉਹ ‘ਅਜ਼ਾਨ’ ਪੜ੍ਹ ਰਹੇ ਸਨ। ਉਹ ਇਕ ਸਥਾਨਕ ‘ਮੁਅੱਜ਼ਿਨ’ ਸਨ। ਮੁਹੰਮਦ ਸ਼ਫੀ ਮੀਰ ਦੀ ਹੱਤਿਆ ਤੋਂ ਪਹਿਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਰਿਸ਼ਤੇਦਾਰ ਮੁਹੰਮਦ ਮੁਸਤਫਾ ਨੇ ਕਿਹਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਨਮਾਜ਼ ਲਈ ਲਾਊਡਸਪੀਕਰ ਤੋਂ ਅਜ਼ਾਨ ਦਿੱਤੀ ਜਾ ਰਹੀ ਸੀ ਕਿ ਇਹ ਵਿਚਾਲੇ ਹੀ ਅਚਾਨਕ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਮੀਰ ਦੇ ਆਖਰੀ ਸ਼ਬਦ ‘ਰਹਿਮ’ ਸਨ। ਘਟਨਾ ਵੇਲੇ ਮੁਸਤਫਾ ਘਰ ’ਚ ਸਨ। ਪੁਲੀਸ ਨੇ ਕਿਹਾ ਕਿ ਮੀਰ 2012 ਵਿਚ ਐੱਸਐੱਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਕਿਹਾ ਕਿ ਅੱਜ ਤੜਕੇ ਉੱਤਰੀ ਕਸ਼ਮੀਰ ਦੇ ਸ਼ੀਰੀ ਇਲਾਕੇ ਦੇ ਗੰਤਮੁੱਲਾ ਖੇਤਰ ਵਿਚ ਮਸਜਿਦ ਦੇ ਅੰਦਰ ਅਤਿਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ ਹੈ। ਮੀਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸੇਵਾਮੁਕਤੀ ਤੋਂ ਬਾਅਦ ਸਥਾਨਕ ‘ਮੁਅੱਜ਼ਿਨ’ ਬਣ ਗਏ ਸਨ ਤੇ ਮਸਜਿਦ ਵਿਚ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਸਨ। ਦੱਸਣਯੋਗ ਹੈ ਕਿ ‘ਮੁਅੱਜ਼ਿਨ’ ਉਸ ਨੂੰ ਕਹਿੰਦੇ ਹਨ ਜੋ ਅਜ਼ਾਨ ਜ਼ਰੀਏ ਲੋਕਾਂ ਨੂੰ ਨਮਾਜ਼ ਲਈ ਸੱਦਾ ਦਿੰਦਾ ਹੈ। ਘਟਨਾ ਮਗਰੋਂ ਮੀਰ ਦੇ ਘਰ ਤੇ ਮਸਜਿਦ ਕੰਪਲੈਕਸ ਵਿਚ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਮ੍ਰਿਤਕ ਦੇ ਪਰਿਵਾਰ ਵਿਚ ਪਤਨੀ, ਦੋ ਬੇਟੇ ਤੇ ਇਕ ਬੇਟੀ ਹੈ। ਮੁਸਤਫਾ ਨੇ ਮੀਡੀਆ ਨੂੰ ਦੱਸਿਆ ਕਿ ਮੀਰ ਉਨ੍ਹਾਂ ਦੇ ਚਚੇਰੇ ਭਰਾ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਬਾਰਾਮੂਲਾ ਦੇ ਹਸਪਤਾਲ ਲਿਜਾਇਆ ਗਿਆ। ਮੀਰ ਦੇ ਕੁਝ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਚਾਰ ਵਾਰ ਗੋਲੀ ਮਾਰੀ ਗਈ ਸੀ। ਮੀਰ ਦੇ ਛੋਟੇ ਭਰਾ ਅਬਦੁਲ ਕਰੀਮ ਨੇ ਕਿਹਾ ਕਿ ਉਹ ਰੋਜ਼ਾਨਾ ‘ਅਜ਼ਾਨ’ ਪੜ੍ਹਦੇ ਸਨ। ਕਰੀਮ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਇਕ ਸਾਜ਼ਿਸ਼ ਸੀ ਕਿਉਂਕਿ ਇਮਾਮ ਸਾਹਿਬ ਸ਼ਨਿਚਰਵਾਰ ਨੂੰ ਘਰ ਜਾਂਦੇ ਹਨ ਤੇ ਐਤਵਾਰ ਨੂੰ ਪਰਤਦੇ ਹਨ।’ ਰਾਜਨੀਤਕ ਪਾਰਟੀਆਂ ਨੇ ਹੱਤਿਆ ਦੀ ਨਿਖੇਧੀ ਕੀਤੀ ਤੇ ਸਾਬਕਾ ਪੁਲੀਸ ਅਧਿਕਾਰੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਹਿੰਸਾ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਾਰਟੀ ਨੇ ਦੱਸਿਆ ਕਿ ਫਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨੇ ਘਟਨਾ ’ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਵੱਲੋਂ ਪ੍ਰਚਾਰੀ ਗਈ ‘ਆਮ ਵਰਗੀ ਸਥਿਤੀ’ ਦੇ ਦਿਖਾਵੇ ਨੂੰ ਕਾਇਮ ਰੱਖਣ ਦੀ ਕੀਮਤ ਬੇਕਸੂਰ ਲੋਕਾਂ ਨੂੰ ਅਦਾ ਕਰਨੀ ਪੈ ਰਹੀ ਹੈ। ਉਨ੍ਹਾਂ ‘ਐਕਸ’ ਉਤੇ ਪੋਸਟ ਕੀਤਾ, ‘ਅਤਿਵਾਦੀ ਹਮਲੇ ਵਿਚ ਪੰਜ ਜਵਾਨ ਸ਼ਹੀਦ ਹੋ ਗਏ, ਸੈਨਾ ਵੱਲੋਂ ਹਿਰਾਸਤ ਵਿਚ ਤਿੰਨ ਬੇਕਸੂਰ ਨਾਗਰਿਕਾਂ ਨੂੰ ਤਸ਼ੱਦਦ ਢਾਹ ਕੇ ਮਾਰ ਦਿੱਤਾ ਗਿਆ, ਕਈ ਹੁਣ ਵੀ ਹਸਪਤਾਲਾਂ ਵਿਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਤੇ ਹੁਣ ਇਕ ਸੇਵਾਮੁਕਤ ਐੱਸਐੱਸਪੀ ਦੀ ਹੱਤਿਆ ਕਰ ਦਿੱਤੀ ਗਈ ਹੈ।