
ਪੁਣਛ/ਰਾਜੌਰੀ-ਜੰਮੂ-ਕਸ਼ਮੀਰ ‘ਚ ਫੌਜ ਦੇ ਦੋ ਵਾਹਨਾਂ ’ਤੇ ਹਾਲ ਹੀ ‘ਚ ਹੋਏ ਹਮਲੇ ‘ਚ ਸ਼ਾਮਲ ਅਤਿਵਾਦੀਆਂ ਦੀ ਭਾਲ ‘ਚ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੱਜ ਤੜਕੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅਤਿਵਾਦੀਆਂ ਵੱਲੋਂ ਫੌਜ ਦੇ ਵਾਹਨਾਂ ‘ਤੇ ਕੀਤੇ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੇ ਸਿਲਸਿਲੇ ‘ਚ ਫੌਜ ਵੱਲੋਂ ਪੁੱਛ ਪੜਤਾਲ ਲਈ ਸੱਦੇ ਤਿੰਨ ਵਿਅਕਤੀਆਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸ਼ੱਕੀ ਵਿਅਕਤੀਆਂ ਤੇ ਕਥਿਤ ਤਸ਼ੱਦਦ ਕਰਦੇ ਦਿਖਾਇਆ ਗਿਆ ਹੈ। ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਇਨ੍ਹਾਂ ਘਟਨਾਵਾਂ ਦੌਰਾਨ ਦੋਵਾਂ ਸਰਹੱਦੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।