
ਪੁਣਛ/ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਸੈਨਾ ਦੇ ਦੋ ਵਾਹਨਾਂ ’ਤੇ ਅੱਜ ਇੱਥੇ ਘਾਤ ਲਗਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਘੱਟੋ-ਘੱਟ ਚਾਰ ਫ਼ੌਜੀ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਾਲੀ ਜਗ੍ਹਾ ’ਤੇ ਲਿਜਾ ਰਹੇ ਵਾਹਨਾਂ ਉੱਤੇ ਸੂਰਨਕੋਟ ਥਾਣਾ ਅਧੀਨ ਪੈਂਦੇ ਢੇਰਾ ਕੀ ਗਲੀ ਅਤੇ ਬੁਫਲਿਆਜ਼ ਦਰਮਿਆਨ ਮੋੜ ’ਤੇ ਸ਼ਾਮ ਕਰੀਬ ਪੌਣੇ ਚਾਰ ਵਜੇ ਹਮਲਾ ਕੀਤਾ ਗਿਆ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ‘ਪੁਖ਼ਤਾ ਖੁਫ਼ੀਆ ਜਾਣਕਾਰੀ’ ਦੇ ਆਧਾਰ ’ਤੇ ਪੁਣਛ ਜ਼ਿਲ੍ਹੇ ਦੇ ਢੇਰਾ ਕੀ ਗਲੀ ਇਲਾਕੇ ਵਿੱਚ ਬੁੱਧਵਾਰ ਰਾਤ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇੱਥੇ ਅਤਿਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਬਲ ਮੁਕਾਬਲੇ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਕਿ ਅਤਿਵਾਦੀਆਂ ਨੇ ਦੋ ਵਾਹਨਾਂ ਜਿਨ੍ਹਾਂ ਵਿੱਚ ਇੱਕ ਟਰੱਕ ਅਤੇ ਇੱਕ ਜਿਪਸੀ ਸ਼ਾਮਲ ਸੀ, ’ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਤਿਵਾਦੀਆਂ ਨੇ ਜਿਸ ਜਗ੍ਹਾ ਤੋਂ ਘਾਤ ਲਗਾ ਕੇ ਹਮਲਾ ਕੀਤਾ, ਉੱਥੇ ਫ਼ੌਜ ਦੇ ਹੋਰ ਜਵਾਨ ਭੇਜੇ ਗਏ ਹਨ ਅਤੇ ਅਤਿਵਾਦ ਵਿਰੋਧੀ ਮੁਹਿੰਮ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸਥਾਨ ਦੀਆਂ ਦਿਲ-ਕੰਬਾਊ ਤਸਵੀਰਾਂ ਅਤੇ ਵੀਡੀਓ ਵਿੱਚ ਸੜਕ ’ਤੇ ਡੁੱਲ੍ਹਿਆ ਖ਼ੂਨ, ਫ਼ੌਜੀਆਂ ਦੇ ਟੁੱਟੇ ਹੋਏ ਹੈਲਮੇਟ ਅਤੇ ਫ਼ੌਜ ਦੇ ਦੋ ਵਾਹਨਾਂ ਦੇ ਟੁੱਟੇ ਹੋਏ ਸ਼ੀਸ਼ੇ ਦਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸੰਭਾਵਨਾ ਹੈ ਕਿ ਜਿਨ੍ਹਾਂ ਫ਼ੌਜੀਆਂ ’ਤੇ ਹਮਲਾ ਕੀਤਾ ਗਿਆ, ਅਤਿਵਾਦੀ ਉਨ੍ਹਾਂ ਦੇ ਹਥਿਆਰ ਆਪਣੇ ਨਾਲ ਲੈ ਗਏ ਹਨ। ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਢੇਰਾ ਕੀ ਗਲੀ ਅਤੇ ਬੁਫਲਿਆਜ਼ ਵਿਚਾਲੇ ਪੈਂਦਾ ਇਲਾਕੇ ਸੰਘਣੇ ਜੰਗਲ ਵਾਲਾ ਹੈ ਅਤੇ ਇਹ ਚਮਰੇਰ ਜੰਗਲ ਅਤੇ ਫਿਰ ਭਾਟਾ ਧੂਰੀਆਂ ਜੰਗਲ ਵੱਲ ਜਾਂਦਾ ਹੈ, ਜਿੱਥੇ ਇਸ ਸਾਲ 20 ਅਪਰੈਲ ਨੂੰ ਫ਼ੌਜ ਦੇ ਇੱਕ ਵਾਹਨ ’ਤੇ ਘਾਤ ਲਗਾ ਕੇ ਕੀਤੇ ਗਏ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ। ਇਸ ਮਗਰੋਂ ਮਈ ਵਿੱਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਚਮਰੇਰ ਜੰਗਲ ਵਿੱਚ ਫ਼ੌਜ ਦੇ ਪੰਜ ਹੋਰ ਜਵਾਨ ਸ਼ਹੀਦ ਹੋ ਗਏ ਸਨ ਅਤੇ ਮੇਜਰ ਰੈਂਕ ਦਾ ਇੱਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ ਸੀ। ਇਸ ਮੁਹਿੰਮ ਦੌਰਾਨ ਇੱਕ ਵਿਦੇਸ਼ੀ ਅਤਿਵਾਦੀ ਵੀ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਅਤਿਵਾਦੀਆਂ ਦੇ ਦੋ ਹਮਲਿਆਂ ਵਿੱਚ ਨੌਂ ਜਵਾਨ ਸ਼ਹੀਦ ਹੋ ਗਏ ਸਨ। ਚਮਰੇਰ ਵਿੱਚ 11 ਅਕਤੂਬਰ ਨੂੰ ਇੱਕ ਜੇਸੀਓ ਸਣੇ ਪੰਜ ਫ਼ੌਜੀ ਸ਼ਹੀਦ ਹੋਏ ਸਨ, ਜਦਕਿ 14 ਅਕਤੂੁਬਰ ਨੂੰ ਇੱਕ ਨੇੜਲੇ ਜੰਗਲ ਵਿੱਚ ਇੱਕ ਜੇਸੀਓ ਤੇ ਤਿੰਨ ਫ਼ੌਜੀਆਂ ਨੇ ਜਾਨ ਗਵਾਈ ਸੀ। ਦੋ ਸਾਬਕਾ ਮੁੱਖ ਮੰਤਰੀਆਂ ਗੁਲਾਮ ਨਬੀ ਆਜ਼ਾਦ ਅਤੇ ਮਹਿਬੂਬਾ ਮੁਫ਼ਤੀ ਨੇ ਇਸ ਦਹਿਸ਼ਤੀ ਹਮਲੇ ਦੀ ਨਿੰਦਾ ਕੀਤੀ ਹੈ। ਉਧਰ ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਜਥੇਬੰਦੀ ਪੀਪਲਜ਼ ਐਂਟੀ ਫਾਸਿਸਟ ਫਰੰਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।