ਪਾਕਿ ਗੋਲਾਬਾਰੀ ’ਚ ਬੀਐੱਸਐੱਫ ਦਾ ਹੈੱਡ ਕਾਂਸਟੇਬਲ ਸ਼ਹੀਦ

ਪਾਕਿ ਗੋਲਾਬਾਰੀ ’ਚ ਬੀਐੱਸਐੱਫ ਦਾ ਹੈੱਡ ਕਾਂਸਟੇਬਲ ਸ਼ਹੀਦ

ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ’ਚ ਅੱਜ ਪਾਕਿਸਤਾਨੀ ਰੇਂਜਰਜ਼ ਵੱਲੋਂ ਬਿਨਾਂ ਭੜਕਾਹਟ ਦੇ ਕੀਤੀ ਗਈ ਗੋਲਾਬਾਰੀ ’ਚ ਬੀਐੱਸਐੱਫ ਦਾ ਇਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ। ਜੰਮੂ ਫਰੰਟੀਅਰ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਜ਼ ਨੇ ਪਿਛਲੇ 24 ਦਿਨਾਂ ’ਚ ਗੋਲੀਬੰਦੀ ਦੀ ਤੀਜੀ ਵਾਰ ਉਲੰਘਣਾ ਕਰਦਿਆਂ ਜ਼ਿਲ੍ਹੇ ਦੀਆਂ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਗੋਲਾਬਾਰੀ ’ਚ ਬੀਐੱਸਐੱਫ ਦਾ ਹੈੱਡ ਕਾਂਸਟੇਬਲ ਲਾਲ ਫਾਮ ਕੀਮਾ (50) ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ ਅਤੇ ਫੇਰ ਜੰਮੂ ਦੇ ਜੀਐੱਮਸੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਉਹ ਮਜਿ਼ੋਰਮ ਦੇ ਐਜ਼ੌਲ ਦਾ ਵਸਨੀਕ ਸੀ। ਬੀਐੱਸਐੱਫ ਨੇ ਇਕ ਬਿਆਨ ’ਚ ਕਿਹਾ ਕਿ 8 ਅਤੇ 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਰੇਂਜਰਜ਼ ਨੇ ਰਾਮਗੜ੍ਹ ਇਲਾਕੇ ’ਚ ਬਿਨਾਂ ਭੜਕਾਹਟ ਦੇ ਗੋਲਾਬਾਰੀ ਕੀਤੀ ਜਿਸ ਦਾ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਰਾਮਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੇ ਬਲਾਕ ਮੈਡੀਕਲ ਅਫ਼ਸਰ ਡਾਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ’ਚ ਬੀਐੱਸਐੱਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਰਾਤ ਇਕ ਵਜੇ ਦੇ ਕਰੀਬ ਸੈਂਟਰ ’ਚ ਲਿਆਂਦਾ ਗਿਆ ਸੀ। ਜੇਰੜਾ ਪਿੰਡ ਦੇ ਮੋਹਨ ਸਿੰਘ ਭੱਟੀ ਨੇ ਕਿਹਾ ਕਿ ਰਾਤ ਕਰੀਬ 12.20 ’ਤੇ ਗੋਲੀਬਾਰੀ ਸ਼ੁਰੂ ਹੋਈ ਸੀ ਅਤੇ ਬਾਅਦ ’ਚ ਗੋਲੇ ਦਾਗ਼ੇ ਗਏ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਰਹੱਦ ’ਤੇ ਗੋਲਾਬਾਰੀ ਕਾਰਨ ਡਰ ਦਾ ਮਾਹੌਲ ਹੈ। ਇਸੇ ਦੌਰਾਨ ਕੌਮਾਂਤਰੀ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਸ ਘਟਨਾ ਮਗਰੋਂ ਪਾਕਿਸਤਾਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਪਾਕਿਸਤਾਨੀ ਰੇਂਜਰਜ਼ ਨੇ 28 ਅਕਤੂਬਰ ਨੂੰ ਵੀ ਕਰੀਬ ਸੱਤ ਘੰਟਿਆਂ ਤੱਕ ਭਾਰੀ ਗੋਲਾਬਾਰੀ ਕੀਤੀ ਸੀ ਜਿਸ ’ਚ ਬੀਐੱਸਐੱਫ ਦੇ ਦੋ ਜਵਾਨ ਤੇ ਇਕ ਔਰਤ ਜ਼ਖ਼ਮੀ ਹੋ ਗਏ ਸਨ।