ਜਲੰਧਰੀਆਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ’ਤੇ ਲਗਾਈ ਮੋਹਰ!

ਜਲੰਧਰੀਆਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ’ਤੇ ਲਗਾਈ ਮੋਹਰ!

ਪੰਜਾਬ ਦੇ ਲੋਕ ਰਵਾਇਤੀਆਂ ਪਾਰਟੀਆਂ ਤੋਂ ਏਨੇ ਕੁ ਸਤੇ ਹੋਏ ਹਨ ਕਿ ਉਹ ਅਜੇ ਵੀ ਇਹਨਾਂ ਪਾਰਟੀਆਂ ਨੂੰ ਚੰਗੀ ਤਰਾਂ ‘ਮਜ਼ਾ’ ਚਖ਼ਾਉਣ ਦੇ ਰੌਂਅ ਵਿਚ ਹਨ। ਰਵਾਇਤੀ ਪਾਰਟੀਆਂ ਜੇਕਰ ਆਉਣ ਵਾਲੇ ਸਮੇਂ ਵਿਚ ਵਰਕਰਾਂ ਦੀ ਨਬਜ਼ ਨਾ ਫੜ ਸਕੀਆਂ ਅਤੇ ਆਪਣੇ ਪੁਰਾਣੇ ਅੰਦਾਜ਼ ਵਿਚ ਹੀ ਚੱਲਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਪੰਜਾਬ ਦੀ ਸਿਆਸਤ ਵਿਚੋਂ ਅਲੋਪ ਹੋ ਜਾਣਗੀਆਂ। ਪਰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਦੇ ਢੰਗ ਹੀ ਅਪਣਾਉਣ ਲੱਗ ਪਈ ਹੈ ਪਰ ਅਜੇ ਤੱਤੇ ਤੱਤੇ ਘਾਹ ਵੋਟਰ ਇਹ ਮਹਿਸੂਸ ਨਹੀਂ ਕਰ ਰਹੇ ਪਰ ਜਦੋਂ ਕਰਨ ਲੱਗ ਗਏ ਤਾਂ ਆਪ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਚੋਣ ਲੜਾਉਣ ਲਈ ਉਮੀਦਵਾਰ ਦੂਜੀ ਪਾਰਟੀ ਵਿਚੋਂ ਪੱਟ ਕੇ ਲਿਆਉਣਾ ਰਵਾਇਤੀ ਪਾਰਟੀਆਂ ਦਾ ਢੰਗ ਹੈ ਜੋ ਕਿ ਆਮ ਆਦਮੀ ਪਾਰਟੀ ਨੇ ਵੀ ਇਸ ਵਾਰ ਆਪਣਾ ਉਮੀਦਾਰ ਸੁਸ਼ੀਲ ਕੁਮਾਰ ਰਿੰਕੂ ਦੇ ਰੂਪ ਵਿਚ ਲਿਆ ਕੇ ਅਪਣਾ ਲਿਆ ਹੈ। ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਦਾ ਸਿੱਕਾ ਚੱਲਦਾ ਹੈ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਤੋਂ ਨਰਾਜ਼ ਹੀ ਬਹੁਤ ਜ਼ਿਆਦਾ ਹਨ। ਜ਼ਿਆਦਾਤਰ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣ ਲਗਭਗ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੈ ਪਰ ਇਹ ਤੱਥ ਬਹੁਤਾ ਪ੍ਰਮਾਣਿਤ ਨਹੀਂ ਲੱਗਦਾ ਕਿਉਂਕਿ ਇਸ ਤੋਂ ਪਹਿਲਾਂ ਦੀ ਸੰਗਰੂਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ। ਇਤਿਹਾਸ ’ਤੇ ਜੇਕਰ ਝਾਤ ਮਾਰੀਏ ਤਾਂ ਸੰਨ 1992 ’ਚ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ’ਚ ਬਣੀ ਕਾਂਗਰਸ ਸਰਕਾਰ ਨੂੰ ਉਸ ਵੇਲੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਪਿਆ ਸੀ ਪਰ ਸਰਕਾਰੀ ਜ਼ੋਰ ਹੁੰਦੇ ਹੋਏ ਵੀ ਕਾਂਗਰਸ ਦਾ ਉਮੀਦਵਾਰ ਅਕਾਲੀ ਦਲ ਦੇ ਉਮੀਦਾਰ ਮਨਪ੍ਰੀਤ ਸਿੰਘ ਬਾਦਲ ਤੋਂ ਮਾਤ ਖਾ ਗਿਆ ਸੀ। ਲੋਕਾਂ ਦੀ ਆਸ ਅਨੁਸਾਰ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਜਲੰਧਰ ਤੋਂ ਜ਼ਿਮਨੀ ਚੋਣ ਜਿੱਤ ਚੱੁਕੀ ਅਤੇ ਇੱਥੇ ਦੱਸਣਯੋਗ ਹੈ ਕਿ ਇਹ ਸੀਟ ਲਗਾਤਾਰ ਦੂਜੀ ਵਾਰੀ ਜਿੱਤੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਿਲ ਹੋਣ ’ਤੇ ਹਾਰਟ ਅਟੈਕ ਕਾਰਨ ਹੋਈ ਮੌਤ ਕਾਰਨ ਖਾਲੀ ਹੋਈ ਸੀ ਜਿਸ ਕਾਰਨ ਚੋਣ ਕਮਿਸ਼ਨ ਨੂੰ ਇੱਥੇ ਦੂਜੀ ਵਾਰ ਚੋਣ ਕਰਵਾਉਣੀ ਪਈ। ਭਾਵੇਂ ਕਿ 2024 ਦੀਆਂ ਆਮ ਚੋਣਾਂ ’ਚ ਸਾਲ ਕੁ ਦਾ ਸਮਾਂ ਹੀ ਬਾਕੀ ਹੈ ਪਰ ਇਹ ਚੋਣ ਆਉਣ ਵਾਲੇ ਸਮੇਂ ਦੇ ਰਾਜਸੀ ਰੁਝਾਨਾ ਦਾ ਇਸ਼ਾਰਾ ਜ਼ਰੂਰ ਸਮਝੀ ਜਾ ਰਹੀ ਸੀ। ਇਸ ਸੀਟ ਉੱਤੇ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵਲੋਂ ਕਾਫੀ ਜ਼ੋਰ ਅਜਮਾਇਸ਼ ਕੀਤੀ ਗਈ। ਆਮ ਆਦਮੀ ਪਾਰਟੀ ਦੀ ਲਗਭਗ ਸਾਰੀ ਹੀ ਵਜ਼ਾਰਤ ਜਲੰਧਰ ਵਿਚ ਹੀ ਫਿਰਦੀ ਦਿਖਾਈ ਦਿੰਦੀ ਰਹੀ। ਖੁਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਚੋਣ ਪ੍ਰਚਾਰ ਵਿਚ ਹਿੱਸਾ ਲਿਆ ਗਿਆ। ਜੇਕਰ ਚੋਣ ਨਤੀਜਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ 3,02,279, ਕਾਂਗਸਰ ਨੂੰ 2,43,588, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ 1,58,800 ਅਤੇ ਬੀ.ਜੇ.ਪੀ. ਨੂੰ 1,34,800 ਵੋਟਾਂ ਮਿਲੀਆਂ। ਸਭ ਤੋਂ ਵੱਧ ਇਹਨਾਂ ਵੋਟਾਂ ਵਿਚ ਆਪਣੇ ਵੱਲ ਵੋਟਰਾਂ ਦਾ ਧਿਆਨ ਭਾਰਤੀ ਜਨਤਾ ਪਾਰਟੀ ਨੇ ਖਿੱਚਿਆ। ਉਹਨੇ ਵਿਧਾਨ ਸਭਾ 2022 ਦੀਆਂ ਚੋਣਾਂ ਅਨੁਸਾਰ ਇਸ ਚੋਣ ਵਿਚ 4 ਫੀਸਦੀ ਵੱਧ ਵੋਟਾਂ ਪ੍ਰਾਪਤ ਕੀਤੀਆਂ। ਉਸ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਜਲੰਧਰ ਸ਼ਹਿਰ ਵਿਚ ਦੋ ਵਿਧਾਨ ਸਭਾ ਹਲਕੇ ਜਿੱਤੇ ਵੀ ਹਨ। ਕਿਸਾਨ ਅੰਦੋਲਨ ਵਿਚ ਜੋ ਕੁਝ ਵੀ ਕਿਸਾਨਾਂ ਨਾਲ ਕੀਤਾ ਗਿਆ ਜਲੰਧਰ ਦੇ ਵੋਟਰਾਂ ਨੇ ਉਸਦਾ ਜ਼ਿਕਰ ਤੱਕ ਨਹੀਂ ਕੀਤਾ। ਬੀ.ਜੇ.ਪੀ ਨੂੰ ਇਹ ਪਤਾ ਸੀ ਕਿ ਸ਼ਹਿਰ ਵਿਚ ਤਾਂ ਉਸਦਾ ਆਧਾਰ ਹੈ ਹੀ, ਪਿੰਡਾਂ ਵਿਚ ਸੰਨ ਲਗਾਈ ਜਾਵੇ। ਇਸ ਲਈ ਬੀ.ਜੇ.ਪੀ. ਹਾਈ ਕਮਾਂਡ ਨੇ ਪਿੰਡਾਂ ਵਿਚ ਫਿਰਕਾ ਪਾਉਣਾ ਸ਼ੁਰੂ ਕੀਤਾ ਅਤੇ ਅੰਦਰ ਖਾਤੇ ਪਿੰਡਾਂ ਦੇ ਲੋਕਾਂ ਨਾਲ ਹੋਟਲਾਂ ਵਿਚ ਮੁਲਾਕਾਤਾਂ ਕਰਨੀਆਂ ਸ਼ੁਰੂ ਕੀਤੀਆਂ। ਬਹੁਤ ਸਾਰੇ ਸੋਚ ਵਿਹੂਣੇ ਲੋਕਾਂ ਉੱਤੇ ਭਾਜਪਾ ਦਾ ਜਾਦੂ ਚੱਲ ਗਿਆ ਅਤੇ ਚੋਣਾਂ ਵਾਲੇ ਦਿਨ ਸਭ ਹੈਰਾਨ ਸਨ ਕਿ ਜਿਹਨਾਂ ਪਿੰਡਾਂ ਵਿਚ ਲੋਕ ਭਾਜਪਾ ਦਾ ਨਾਮ ਲੈਣਾ ਵੀ ਪਸੰਦ ਨਹੀਂ ਸੀ ਕਰਦੇ ਉਨਾਂ ਪਿੰਡਾਂ ਵਿਚ ਲੋਕ ਭਾਜਪਾ ਦੇ ਬੂਥ ਲਾ ਕੇ ਬੈਠੇ ਸਨ। ਭਾਜਪਾ ਨੇ ਲਗਭਗ ਹਰ ਪਿੰਡ ਵਿਚ ਆਪਣੇ ਬੂਥ ‘ਬਾਈ ਹੁੱਕ, ਬਾਈ ਕਰੱੁਕ’ ਢੰਗ ਨਾਲ ਲਗਵਾਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਜਪਾ ਦਾ ਹਰ ਪਿੰਡ ਵਿਚ ਖਾਤਾ ਖੁੱਲ ਗਿਆ। ਭਾਜਪਾ ਕਿਸੇ ਵੀ ਪੱਖ ਤੋਂ ਆਪਣੇ ਆਪ ਨੂੰ ਹਾਰੀ ਹੋਈ ਨਹੀਂ ਸਮਝਦੀ। ਉਹ ਮਨੋ ਮਨ ਖੁਸ਼ ਹੈ ਕਿ ਜਿਨਾਂ ਪੰਜਾਬੀਆਂ ਦੇ ਰੱਜ ਕੇ ਜੁੱਤੀ ਫੇਰੀ, ਜਿਨਾਂ ਦੇ 700 ਤੋਂ ਵੱਧ ਕਿਸਾਨ ਮਾਰ ਮੁਕਾਏ, ਜਿਨਾਂ ਨੂੰ ਸਾਲ ਤੋਂ ਵੱਧ ਸੜਕਾਂ ’ਤੇ ਰੋਲਿਆ ਉਹੀ ਪੰਜਾਬੀ ਉਸਨੂੰ ‘ਵਧ ਚੜ’ ਕੇ ਵੋਟਾਂ ਪਾ ਰਹੇ ਹਨ। 
ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਇਹ ਆਸ ਸੀ ਕਿ ਜਲੰਧਰ ਦੇ ਵੋਟਰ ਚੌਧਰੀ ਸਾਹਿਬ ਦੀ ਮੌਤ ਕਾਰਨ ਹਮਦਰਦੀ ਦੀ ਵੋਟ ਹੀ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਵੋਟਾਂ ਪਾ ਦੇਣਗੇ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਵਿਕਰਮਜੀਤ ਚੌਧਰੀ ਵਿਚ ਅਜੇ ਉਹੋ ਜਿਹੀ ਲੀਡਰਸ਼ਿਪ ਦੀ ਕਲਾ ਨਹੀਂ ਆਈ ਜੋ ਸੰਤੋਖ ਸਿੰਘ ਚੌਧਰੀ ਵਿਚ ਸੀ। ਉਸਦਾ ਗੱੁਸੇਖੋਰ ਸੁਭਾਅ ਕਿਤੇ ਨਾ ਕਿਤੇ ਵੋਟਰਾਂ ਨੂੰ ਉਸ ਤੋਂ ਦੂਰ ਕਰ ਰਿਹਾ ਹੈ ਜਿਸ ਕਾਰਨ ਉਸਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਕਾਂਗਰਸ ਦੀ ਪੱਕੀ ਸੀਟ ਹੱਥੋਂ ਗੁਆ ਲਈ। 
ਸ਼ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਭਾਵੇਂ ਇਸ ਵਾਰ ਇਕ ਦੋਵਾਂ ਪਾਰਟੀਆਂ ਪ੍ਰਵਾਨਿਤ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਲੈ ਕੇ ਆਇਆ ਪਰ ਲੋਕਾਂ ਨੇ ਉਸਨੂੰ ਵੀ ਨਕਾਰ ਦਿੱਤਾ। ਅਸਲ ਵਿਚ ਇਸ ਗਠਜੋੜ ਦੀ ਜਿੱਤਣ ਦੀ ਲੜਾਈ ਨਹੀਂ ਸੀ, ਇਸ ਦੀ ਲੜਾਈ ਤਾਂ ਸਿਰਫ ਭਾਜਪਾ ਤੋਂ ਅੱਗੇ ਰਹਿਣ ਦੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਪਤਾ ਹੈ ਕਿ ਵੋਟਰ ਉਸ ਤੋਂ ਬਹੁਤ ਦੂਰ ਜਾ ਚੱੁਕੇ ਹਨ ਜਿਸ ਕਾਰਨ ਸੰਗਰੂਰ ਵਿਚ ਵੀ ਲੋਕਾਂ ਨੇ ਉਸਨੂੰ ਚੰਗੀ ਅਕਲ ਦਿੱਤੀ ਸੀ ਅਤੇ ਭਾਜਪਾ ਤੋਂ ਵੀ ਘੱਟ ਵੋਟਾਂ ਪਈਆਂ ਸਨ। ਪਰ ਸੁਖਬੀਰ ਬਾਦਲ ਲਈ ਇਹ ਸੁਖ ਦਾ ਸਾਹ ਜ਼ਰੂਰ ਹੈ ਕਿ ਉਸਦਾ ਗਠਜੋੜ ਭਾਜਪਾ ਤੋਂ ਅੱਗੇ ਰਿਹਾ ਪਰ ਬਹੁਤ ਨਹੀਂ। 
ਆਮ ਆਦਮੀ ਪਾਰਟੀ ਦਾ ਇਸ ਵੇਲੇ ਦੌਰ ਚੱਲ ਰਿਹਾ ਹੈ। ਜਦੋਂ ਦੌਰ ਚੱਲ ਰਿਹਾ ਹੋਵੇ ਉਦੋਂ ਨੈਗੇਟਿਵ ਗੱਲਾਂ ਲੋਕ ਭੱੁਲ ਜਾਂਦੇ ਹਨ ਅਤੇ ਸਿਰਫ ਚੰਗੀਆਂ ਗੱਲਾਂ ਹੀ ਯਾਦ ਰੱਖਦੇ ਹਨ। ਇਨਾਂ ਚੋਣਾਂ ਵਿਚ ਜੋ ਆਮ ਗੱਲ ਚੱਲਦੀ ਰਹੀ ਉਹ ਬਿਜਲੀ ਦੇ ਬਿੱਲ ਦੀ ਸੀ। ਲੋਕ ਇਸ ਗੱਲ ਉੱਤੇ ਹੀ ਪ੍ਰਵਾਭਿਤ ਹੁੰਦੇ ਰਹੇ ਕਿ ਉਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ ਤੇ ਉਹ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣਗੇ। ਬਿਜਲੀ ਦੇ ਲੱਗ ਰਹੇ ਕੱਟਾਂ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਇਸ ਵਾਰ ਆਮ ਆਦਮੀ ਪਾਰਟੀ ਲਈ ਵੋਟਾਂ ਦਾ ਹੜ ਹੀ ਆ ਗਿਆ। ਜਿਹੜੇ ਪਿੰਡ ਰਵਾਇਤੀ ਪਾਰਟੀਆਂ ਨੇ 1947 ਤੋਂ ਬਾਅਦ ਕਦੇ ਵੀ ਨਹੀਂ ਸਨ ਹਾਰੇ ਉਹਨਾਂ ਪਿੰਡਾਂ ਵਿਚ ਵੀ ਆਮ ਆਦਮੀ ਪਾਰਟੀ ਪਹਿਲੇ ਨੰਬਰ ’ਤੇ ਰਹੀ। ਸ਼ਹਿਰ ਅਤੇ ਪਿੰਡਾਂ ਦੋਵਾਂ ਖੇਤਰਾਂ ਵਿਚੋਂ ਵੋਟਾਂ ਬਟੋਰਨ ਕਾਰਨ ਆਮ ਆਦਮੀ ਪਾਰਟੀ ਨੇ ਲੋਕ ਸਭਾ ਵਿਚ ਫਿਰ ਆਪਣਾ ਖਾਤਾ ਖੋਲ ਲਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਹਿਲੀ ਵਾਰ ਲੋਕ ਸਭਾ ਵਿਚ ਜਾਣ ਵਾਲੇ ਆਪ ਆਗੂ ਸੁਸ਼ੀਲ ਕੁਮਾਰ ਰਿੰਕੂ ਹਲਕਾ ਜਲੰਧਰ ਲਈ ਕੀ ਆਵਾਜ਼ ਉਠਾਉਣਗੇ ਅਤੇ ਇਕ ਸਾਲ ਦੇ ਸਮੇਂ ’ਚ ਕੀ ਕਰ ਸਕਦੇ ਹਨ ਤਾਂ ਜੋ ਉਹ 2024 ਦੀ ਚੋਣ ਵਿਚ ਵੀ ਦੁਬਾਰਾ ਜਿੱਤ ਹਾਸਲ ਕਰ ਸਕਣ ਦੇ ਸਮਰੱਥ ਹੋ ਜਾਣ। ਆਮੀਨ!