
ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਵੱਲੋਂ ਪ੍ਰਦਰਸ਼ਨ
ਜਲੰਧਰ,(ਪੰਜਾਬੀ ਰਾਈਟਰ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ਤਹਿਤ ਜਲੰਧਰ ਵਿੱਚ ਜ਼ਿਲ੍ਹਾ ਪੱਧਰੀ ਇਕੱਠ ਕਰ ਕੇ ਪਹਿਲਗਾਮ ਹਮਲੇ ’ਚ ਜਾਨਾਂ ਗੁਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨ ਕਰ ਕੇ ਪਹਿਲਗਾਮ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਫ਼ੌਜ ਦਾ ਸਭ ਤੋਂ ਵੱਡਾ ਹਿੱਸਾ ਜੰਮੂ ਕਸ਼ਮੀਰ ’ਚ ਲਾਇਆ ਹੋਇਆ ਹੈ ਤੇ ਇਸ ਦੇ ਬਾਵਜੂਦ ਇੰਨਾ ਵੱਡਾ ਅਤਿਵਾਦੀ ਹਮਲਾ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਦੇਸ਼ ਅਤੇ ਦੁਨੀਆਂ ਭਰ ਦੇ ਯਾਤਰੀ ਘੁੰਮਣ ਆਉਂਦੇ ਹੋਣ ਤਾਂ ਇਹ ਹਮਲਾ ਹੋ ਜਾਣਾ ਸੁਰੱਖਿਆ ’ਚ ਵੱਡੀਆਂ ਊਣਤਾਈਆਂ ਹੋਣ ਬਾਰੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਨਫ਼ਰਤ ਭਰੀਆਂ ਤਕਰੀਰਾਂ ਹੋਣ ਕਾਰਨ ਕਸ਼ਮੀਰੀ ਵਿਦਿਆਰਥੀਆਂ ਤੇ ਮੁਸਲਮਾਨਾਂ ’ਤੇ ਹਮਲੇ ਵਧ ਗਏ ਹਨ। ਇਨ੍ਹਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਇਸ ਮੌਕੇ ਪਾਰਟੀ ਨੇ ਮੰਗ ਕੀਤੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਬਣਾਇਆ ਜਾ ਰਿਹਾ ਜੰਗੀ ਮਾਹੌਲ ਖ਼ਤਮ ਕੀਤਾ ਜਾਵੇ ਤੇ ਆਪਸੀ ਗੱਲਬਾਤ ਸ਼ੁਰੂ ਕੀਤੀ ਜਾਵੇ। ਜੰਮੂ ਕਸ਼ਮੀਰ ਦੇ ਮਸਲੇ ਦਾ ਸਿਆਸੀ ਹੱਲ ਕੀਤਾ ਜਾਵੇ, ਪਹਿਲਗਾਮ ਵਿੱਚ ਵਾਪਰੀ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ।
ਪਾਰਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਕਸ਼ਮੀਰ ਦੇ ਪਹਿਲਗਾਮ ਕਤਲੇਆਮ ’ਚ ਅਤਿਵਾਦੀ ਹਮਲੇ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਬੀਐੱਮਸੀ ਚੌਕ ਤੱਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਹੰਸ ਰਾਜ ਪੱਬਵਾਂ ਆਦਿ ਨੇ ਵੀ ਸੰਬੋਧਨ ਕੀਤਾ।