
ਜਲੰਧਰ,(ਪੰਜਾਬੀ ਰਾਈਟਰ)- ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਬੀਤੀ ਰਾਤ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਫੜੇ ਗਏ ਦੋ ਮੁਲਜ਼ਮਾਂ ਦਾ ਅਦਾਲਤ ਨੇ ਪੁੱਛ-ਗਿੱਛ ਲਈ 6 ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ।
ਪੁਲੀਸ ਨੇ ਅੱਜ ਮੁਲਜ਼ਮਾਂ ਨੂੰ ਐਡੀਸ਼ਨਲ ਚੀਫ਼ ਜੁਡੀਸ਼ਿਅਲ ਮੈਜਿਸਟਰੇਟ (ACJM) ਹਰਪ੍ਰੀਤ ਕੌਰ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਤੋਂ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਰਵਿੰਦਰ ਕੁਮਾਰ, ਵਾਸੀ ਸੁਭਾਨਾ ਰੋਡ, ਗੜਾ, ਜਲੰਧਰ ਅਤੇ ਸਤੀਸ਼ ਉਰਫ ਕਾਕਾ ਨਿਵਾਸੀ ਭਾਰਗੋ ਕੈਂਪ, ਜਲੰਧਰ ਦਾ 10 ਦਿਨ ਦਾ ਰਿਮਾਂਡ ਦਿੱਤੇ ਜਾਣ ਦੀ ਮੰਗ ਕੀਤੀ ਗਈ। ਪਰ ਅਦਾਲਤ ਨੇ ਦੋਵਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜੇ ਜਾਣ ਦਾ ਹੁਕਮ ਦਿੱਤਾ ਹੈ।