ਜ਼ਿਮਨੀ ਚੋਣਾਂ ਦੀ ਰਣਨੀਤੀ ਘੜਨ ਲਈ ਪਾਠਕ ਵੱਲੋਂ ਚਰਚਾ

ਜ਼ਿਮਨੀ ਚੋਣਾਂ ਦੀ ਰਣਨੀਤੀ ਘੜਨ ਲਈ ਪਾਠਕ ਵੱਲੋਂ ਚਰਚਾ

ਜਲੰਧਰ,- ਇੱਥੋਂ ਦੀ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਪਹੁੰਚਣਾ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ। ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਦਿੱਲੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਜਲੰਧਰ ਦੇ ਇਕ ਹੋਟਲ ’ਚ ਪੰਜਾਬ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੀਡੀਆ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ, ਸਿਰਫ਼ ਵਰਕਰ ਹਾਜ਼ਰ ਸਨ। ਸੰਦੀਪ ਪਾਠਕ ਨੇ ਸਮੂਹ ਵਰਕਰਾਂ ਅਤੇ ਮੰਤਰੀ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੱਛਮੀ ਹਲਕੇ ਵਿੱਚ ਜਿੱਤ ਲਈ ਪੂਰਾ ਜ਼ੋਰ ਲਾਇਆ ਜਿਸ ਕਾਰਨ ਆਮ ਆਦਮੀ ਪਾਰਟੀ ਉਕਤ ਸੀਟ ’ਤੇ ਜਿੱਤ ਹਾਸਲ ਕਰਨ ’ਚ ਸਫਲ ਰਹੀ। ਇਸ ਮੌਕੇ ਉਨ੍ਹਾਂ ਵੱਲੋਂ ਜਲੰਧਰ ਦੇ ਵਾਰਡ ਨੰਬਰ 62 ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸ ਬੂਥ ਵਿੱਚੋਂ ‘ਆਪ’ ਨੂੰ 85 ਫੀਸਦੀ ਵੋਟ ਪਾਈ ਸੀ। ਜ਼ਿਕਰਯੋਗ ਹੈ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ਦੇ ਸਰਕਲਾਂ ਵਿੱਚ ਉਪ ਚੋਣਾਂ ਅਤੇ ਹਰਿਆਣਾ ਦੀਆਂ ਚੋਣਾਂ ਹੋਣੀਆਂ ਹਨ।

ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਆਗੂ ਰਣਨੀਤੀ ਬਣਾ ਰਹੇ ਹਨ, ਜਿਸ ’ਚ ਸਭ ਤੋਂ ਵੱਡਾ ਮੁੱਦਾ ਉਕਤ ਹਲਕਿਆਂ ’ਚ ਜ਼ਿਮਨੀ ਚੋਣ ਜਿੱਤਣਾ ਹੈ। ‘ਆਪ’ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦੀ ਹੈ। ਅਜਿਹੇ ’ਚ ਅੱਜ ਸੰਦੀਪ ਪਾਠਕ ਨੇ ਸੂਬੇ ਦੇ ਮੰਤਰੀਆਂ ਅਤੇ ਕਈ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਅਗਲੀ ਰਣਨੀਤੀ ਅਤੇ ਮੁਹਿੰਮ ’ਤੇ ਚਰਚਾ ਕੀਤੀ। ਇਸ ਮੌਕੇ ਹਰਿਆਣਾ ਦੀਆਂ ਚੋਣਾਂ ਦੀ ਵੀ ਰਣਨੀਤੀ ਬਣਾਈ। ਸੰਦੀਪ ਪਾਠਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਆਉਣਾ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਨਹੀਂ ਆ ਸੱਕੇ ਤੇ ਛੇਤੀ ਹੀ ਉਹ ਜਲੰਧਰ ਆ ਕੇ ਲੋਕਾਂ ਦਾ ਧੰਨਵਾਦ ਕਰਨਗੇ।