
ਪੰਜਾਬ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ’ਤੇ ਸੇਧਿਆ ਨਿਸ਼ਾਨਾ
ਜਗਰਾਉਂ,(ਪੰਜਾਬੀ ਰਾਈਟਰ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤਕ ਦੇਸ਼ ਅੰਦਰ ਦਿੱਲੀ ਮਾਡਲ ਨੂੰ ਪ੍ਰਚਾਰ ਕੇ ਵੋਟਾਂ ਮੰਗਦੀ ਰਹੀ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਸਣੇ ਕਈ ਸੂਬਿਆਂ ਅੰਦਰ ਇਸੇ ਦਿੱਲੀ ਮਾਡਲ ਦੀ ਗੱਲ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ‘ਆਪ’ ਆਗੂ ਕਰਦੇ ਰਹੇ ਸਨ ਪਰ ਜਦੋਂ ਦਿੱਲੀ ਨੇ ਹੀ ਇਹ ਮਾਡਲ ਨਕਾਰ ਦਿੱਤਾ ਤਾਂ ਅੱਜ ਕੇਜਰੀਵਾਲ ਵੱਲੋਂ ਦਿੱਲੀ ਤਲਬ ਕੀਤੇ ਪੰਜਾਬ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕਾਂ ਨੂੰ ਹੁਣ ਪੰਜਾਬ ਮਾਡਲ ਚੇਤੇ ਆ ਗਿਆ ਹੈ ਕਿਉਂਕਿ ਦੇਸ਼ ਅੰਦਰ ਹੋਰ ਕਿਧਰੇ ਵੀ ਇਸ ਪਾਰਟੀ ਦੀ ਸਰਕਾਰ ਨਹੀਂ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਅਖਾੜਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਿੰਡ ਅਖਾੜਾ ਆਏ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਜੇਲ੍ਹ ਵਿੱਚੋਂ ਬਾਹਰ ਆਉਣ ’ਤੇ ਉਨ੍ਹਾਂ ਕਿਹਾ ਸੀ ਕਿ ਦਿੱਲੀ ਵਾਸੀ ਹੀ ਉਨ੍ਹਾਂ ਦੇ ਇਮਾਨਦਾਰ ਤੇ ਭ੍ਰਿਸ਼ਟ ਹੋਣ ਦਾ ਫ਼ੈਸਲਾ ਕਰਨਗੇ ਅਤੇ ਇਹ ਫਤਵਾ ਲੋਕ ਹੁਣ ਦੇ ਚੁੱਕੇ ਹਨ ਜਿਸ ਮਗਰੋਂ ਹੁਣ ‘ਆਪ’ ਸੁਪਰੀਮੋ ਨੂੰ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ।
ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ‘ਆਪ’ ਨੂੰ ਸਵੈ-ਪੜਚੋਲ ਦੀ ਲੋੜ ’ਤੇ ਜ਼ੋਰ
ਅੰਮ੍ਰਿਤਸਰ ;‘ਆਪ’ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਨੂੰ ਦੁਖਦਾਈ ਦੱਸਦਿਆਂ ਇਸ ਮਾਮਲੇ ਵਿੱਚ ਸਵੈਂ-ਪੜਚੋਲ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਾਂਗਰਸ ਵੱਲੋਂ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ ਤਾਂ ਪੜਚੋਲ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾੜੇ ਪ੍ਰਸ਼ਾਸਨ ਦਾ ਹੀ ਪ੍ਰਭਾਵ ਹੈ ਜਿਸ ਤਹਿਤ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਸਰਕਾਰੀ ਤੰਤਰ ਵੱਲੋਂ ਮੁਲਜ਼ਮਾਂ ਦੀ ਖੁਸ਼ਾਮਦ ਕੀਤੀ ਗਈ, ਜਦੋਂਕਿ ਅਕਾਲ ਤਖ਼ਤ ਵਿਖੇ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕੀਤਾ। ਉਨ੍ਹਾਂ ਕਿਹਾ ਕਿ ਸਮਾਂ ਲੰਘ ਗਿਆ ਹੈ, ਫਿਰ ਵੀ ਆਤਮ ਨਿਰੀਖਣ ਜਲਦੀ ਕਰ ਲੈਣਾ ਚਾਹੀਦਾ ਹੈ।