
ਜਗਰਾਉਂ,(ਪੰਜਾਬੀ ਰਾਈਟਰ)- ਬੇਟ ਇਲਾਕੇ ਦੇ ਪਿੰਡ ਭੂੰਦੜੀ ਵਿੱਚ ਵੱਡੀ ਗਿਣਤੀ ’ਚ ਪੁਲੀਸ ਫੋਰਸ ਦੀ ਮੌਜੂਦਗੀ ਦੇ ਬਾਵਜੂਦ ਪਿੰਡ ਵਾਸੀਆਂ ਨੇ ਜਨਤਕ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਨਾ ਸਿਰਫ ਮਾਰਚ ਕੱਢਿਆ ਸਗੋਂ ਮੁਜ਼ਾਹਰਾ ਕਰ ਕੇ ਫੈਕਟਰੀ ਬੰਦ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ। ਉਨ੍ਹਾਂ ਫੈਕਟਰੀ ਸਥਾਨ ’ਤੇ ਪਿੰਡ ਦੀ ਆਬਾਦੀ ਵਾਲੀ ਦੂਰੀ ਦੀ ਮੁੜ ਪੈਮਾਇਸ਼ ਕਰਨ ਦੀ ਮੰਗ ਕੀਤੀ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸਰਕਾਰ ਤੇ ਪੁਲੀਸ ਡੰਡੇ ਦੇ ਜ਼ੋਰ ਨਾਲ ਉਨ੍ਹਾਂ ਦਾ ਜਮਹੂਰੀ ਹੱਕ ਨਹੀਂ ਖੋਹ ਸਕਦੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਜਿਸ ਵਿੱਚ ਆਉਂਦੀ ਦਸ ਮਾਰਚ ਨੂੰ ਸੁਣਵਾਈ ਤੋਂ ਬਾਅਦ ਹੀ ਕੋਈ ਫ਼ੈਸਲਾ ਸੁਣਾਇਆ ਜਾਵੇਗਾ। ਉਸ ਤੋਂ ਪਹਿਲਾਂ ਹੀ ਸਰਕਾਰ ਡੰਡੇ ਦੇ ਜ਼ੋਰ ਨਾਲ ਆਬਾਦੀ ਵਿੱਚ ਗੈਸ ਫੈਕਟਰੀਆਂ ਚਲਾਉਣ ਲਈ ਕਾਹਲੀ ਹੈ ਜੋ ਕਿਸੇ ਵੀ ਸੂਰਤ ਵਿੱਚ ਚੱਲਣ ਨਹੀਂ ਦਿੱਤੀ ਜਾਵੇਗੀ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਇਕੱਠ ਵਿੱਚ ਧਰਨਾਕਾਰੀਆਂ ਨੇ ਕਿਹਾ ਕਿ ਨਿਯਮਾਂ ਤੇ ਸ਼ਰਤਾਂ ਮੁਤਾਬਕ ਪਿੰਡ ਤੇ ਆਬਾਦੀ ਦੇ ਪੰਜ ਸੌ ਮੀਟਰ ਦੇ ਦਾਇਰੇ ਵਿੱਚ ਅਜਿਹੀ ਗੈਸ ਫੈਕਟਰੀ ਨਹੀਂ ਲੱਗ ਸਕਦੀ ਪਰ ਇਹ ਕੇਵਲ ਢਾਈ ਸੌ ਮੀਟਰ ਦੀ ਦੂਰੀ ’ਤੇ ਨਿਯਮ ਛਿੱਕੇ ਟੰਗ ਕੇ ਲਾਈ ਜਾ ਰਹੀ ਹੈ। ਪੁਲੀਸ ਬੀਤੇ ਦਿਨ ਪੱਕਾ ਮੋਰਚੇ ਨੂੰ ਪੁੱਟ ਚੁੱਕੀ ਹੈ ਪਰ ਅੱਜ ਲੋਕ ਫੇਰ ਇਕੱਠੇ ਹੋ ਗਏ। ਧੱਕਾਮੁੱਕੀ ਦੌਰਾਨ ਪਿਛਲੇ ਦਿਨੀਂ ਜ਼ਖ਼ਮੀ ਹੋਈ ਔਰਤ ਨੂੰ ਵੀ ਅੱਜ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਪੁਲੀਸ ਨੇ ਅੱਜ ਵੀ ਰੋਸ ਮਾਰਚ ਨੂੰ ਰੋਕਣ ਦਾ ਯਤਨ ਕੀਤਾ। ਧਰਨੇ ਨੂੰ ਤਾਲਮੇਲ ਸ਼ੰਘਰਸ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਦਰਸ਼ਨ ਸਿੰਘ ਬੀਰਮੀ, ਬੀਕੇਯੂ (ਡਕੌਂਦਾ) ਦੇ ਆਗੂ ਸੁਖਵਿੰਦਰ ਸਿੰਘ ਹੰਬੜਾਂ, ਬੀਕੇਯੂ (ਉਗਰਾਹਾਂ) ਦੀ ਬੀਬੀ ਅਮਰਜੀਤ ਕੌਰ ਮਾਜਰੀ, ਜਸਪਾਲ ਸਿੰਘ ਚਾਹੜ ਤੇ ਜਸਵੀਰ ਸਿੰਘ ਸੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੂੰਦੜੀ ਵਿੱਚ ਪੁਲੀਸ, ਪਿਛਲੇ ਦਿਨੀਂ ਗੈਸ ਫੈਕਟਰੀ ਵਿਰੁੱਧ ਦਸ ਮਹੀਨੇ ਤੋਂ ਲੱਗੇ ਪੱਕੇ ਮੋਰਚੇ ’ਤੇ ਹਮਲਾ ਕਰਕੇ ਟੈਂਟ ਤੇ ਹੋਰ ਸਾਮਾਨ ਪੁੱਟ ਕੇ ਲੈ ਗਈ ਸੀ। ਇਸ ਕਾਰਵਾਈ ਲਈ ਪੁਲੀਸ ਨੇ ਥਾਂ-ਥਾਂ ਨਾਕੇ ਲਾ ਕੇ ਪਿੰਡ ਨੂੰ ਸੀਲ ਕਰ ਦਿੱਤਾ ਸੀ। ਧਰਨਾਕਾਰੀਆਂ ਨੇ ਪੁੱਟਿਆ ਸਾਮਾਨ ਵਾਪਸ ਦੇਣ ਦੀ ਮੰਗ ਕਰਦਿਆਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।