
ਸੰਯਕੁਤ ਰਾਸ਼ਟਰ -ਇਜ਼ਰਾਈਲ-ਹਮਾਸ ਜੰਗ ਖ਼ਿਲਾਫ਼ ਮਤੇ ’ਤੇ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਕਿਹਾ ਕਿ ਅਤਿਵਾਦ ਕਿਸੇ ਨੂੰ ਨਹੀਂ ਬਖ਼ਸ਼ਦਾ ਹੈ ਅਤੇ ਉਸ ਦੀ ਕੋਈ ਹੱਦ, ਕੌਮੀਅਤ ਜਾਂ ਨਸਲ ਨਹੀਂ ਹੈ। ਭਾਰਤ ਨੇ ਕਿਹਾ ਕਿ ਦੁਨੀਆ ਨੂੰ ਅਤਿਵਾਦੀ ਕਾਰਿਆਂ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੀਆਂ ਗੱਲਾਂ ਵੱਲ ਤਵੱਜੋ ਨਹੀਂ ਦੇਣੀ ਚਾਹੀਦੀ ਹੈ। ਭਾਰਤ ਸੰਯੁਕਤ ਰਾਸ਼ਟਰ ਮਹਾਸਭਾ ’ਚ ‘ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਤੇ ਮਾਨਵੀ ਜ਼ਿੰਮੇਵਾਰੀਆਂ ਨੂੰ ਕਾਇਮ ਰੱਖਣ’ ਵਾਲੇ ਜਾਰਡਨ ਦੇ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ। ਬਾਅਦ ’ਚ ਭਾਰਤ ਨੇ ਸਫਾਈ ਦਿੱਤੀ ਕਿ ਉਸ ਦੇ ਪੱਖ ਨੂੰ ਸ਼ਾਮਲ ਨਾ ਕੀਤੇ ਜਾਣ ਕਾਰਨ ਉਹ ਮਤੇ ਤੋਂ ਲਾਂਭੇ ਰਿਹਾ। ਇਸ ਮਤੇ ’ਚ ਇਜ਼ਰਾਈਲ-ਹਮਾਸ ਜੰਗ ’ਚ ਫੌਰੀ ਜੰਗਬੰਦੀ ਅਤੇ ਗਾਜ਼ਾ ਪੱਟੀ ’ਚ ਬਿਨਾ ਕਿਸੇ ਰੁਕਾਵਟ ਦੇ ਸਹਾਇਤਾ ਪਹੁੰਚਾਉਣਾ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ ਨੇ ਉਸ ਮਤੇ ਨੂੰ ਅਪਣਾਇਆ ਜਿਸ ’ਚ ਫੌਰੀ, ਟਿਕਾਊ ਅਤੇ ਲਗਾਤਾਰ ਸੁਲ੍ਹਾ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਦੁਸ਼ਮਣੀ ਖ਼ਤਮ ਹੋ ਸਕੇ। ਮਤੇ ਦੇ ਪੱਖ ’ਚ 121 ਮੁਲਕ ਭੁਗਤੇ, 45 ਮੈਂਬਰ ਵੋਟਿੰਗ ਤੋਂ ਦੂਰ ਰਹੇ ਅਤੇ 14 ਮੈਂਬਰਾਂ ਨੇ ਉਸ ਦੇ ਵਿਰੁੱਧ ਵੋਟ ਪਾਇਆ। ਮਤੇ ਵਿੱਚ ਗਾਜ਼ਾ ਪੱਟੀ ’ਚ ਆਮ ਨਾਗਰਿਕਾਂ ਨੂੰ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ਫੌਰੀ ਮੁਹੱਈਆ ਕਰਨ ਦੀ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਉਪ ਸਥਾਈ ਪ੍ਰਤੀਨਿਧ ਯੋਜਨਾ ਪਟੇਲ ਨੇ ਵੋਟ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਜਿਹੀ ਦੁਨੀਆ ’ਚ ਜਿਥੇ ਮੱਤਭੇਦਾਂ
ਅਤੇ ਵਿਵਾਦਾਂ ਨੂੰ ਵਾਰਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ, ਵੱਕਾਰੀ ਸੰਸਥਾ ਨੂੰ ਹਿੰਸਾ ਦਾ ਸਹਾਰਾ ਲੈਣ ਦੀਆਂ ਘਟਨਾਵਾਂ ’ਤੇ ਡੂੰਘਾਈ ਨਾਲ ਫਿਕਰਮੰਦ ਹੋਣਾ ਚਾਹੀਦਾ ਹੈ। ਪਟੇਲ ਨੇ ਕਿਹਾ,‘‘ਹਿੰਸਾ ਜਦੋਂ ਇੰਨੇ ਵੱਡੇ ਪੱਧਰ ਅਤੇ ਤੀਬਰਤਾ ਨਾਲ ਹੁੰਦੀ ਹੈ ਤਾਂ ਇਹ ਬੁਨਿਆਦੀ ਮਾਨਵੀ ਕਦਰਾਂ-ਕੀਮਤਾਂ ਦਾ ਅਪਮਾਨ ਹੈ।’ ਪਟੇਲ ਨੇ ਇਜ਼ਰਾਈਲ ’ਚ 7 ਅਕਤੂਬਰ ਨੂੰ ਹੋਏ ਅਤਿਵਾਦੀ ਹਮਲਿਆਂ ਦੀ ਨਿਖੇਧੀ ਕੀਤੀ। ਵੋਟ ਬਾਰੇ ਭਾਰਤ ਦੇ ਸਪੱਸ਼ਟੀਕਰਨ ’ਚ ਹਮਾਸ ਦਾ ਜ਼ਿਕਰ ਨਹੀਂ ਕੀਤਾ ਗਿਆ। ਭਾਰਤ ਨੇ ਉਮੀਦ ਜਤਾਈ ਕਿ ਮਹਾਸਭਾ ’ਚ ਇਸ ਚਰਚਾ ਨਾਲ ਅਤਿਵਾਦ ਅਤੇ ਹਿੰਸਾ ਖ਼ਿਲਾਫ਼ ਇਕ ਸਪੱਸ਼ਟ ਸੁਨੇਹਾ ਜਾਵੇਗਾ ਅਤੇ ਇਸ ਨਾਲ ਕੂਟਨੀਤੀ ਅਤੇ ਵਾਰਤਾ ਦੀਆਂ ਸੰਭਾਵਨਾਵਾਂ ਦਾ ਵਿਸਥਾਰ ਹੋਵੇਗਾ ਤੇ ਮਾਨਵੀ ਸੰਕਟ ਨਾਲ ਸਿੱਝਣ ’ਚ ਮਦਦ ਮਿਲੇਗੀ। ਭਾਰਤ ਨੇ ਬੰਧਕਾਂ ਦੀ ਫੌਰੀ ਅਤੇ ਬਿਨਾ ਸ਼ਰਤ ਰਿਹਾਈ ਦਾ ਵੀ ਸੱਦਾ ਦਿੱਤਾ। ਸ਼ੁਰੂ ’ਚ ਇਰਾਕ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ ਸੀ ਪਰ ਬਾਅਦ ’ਚ ਵੋਟਿੰਗ ਸਮੇਂ ਤਕਨੀਕੀ ਸਮੱਸਿਆ ਦਾ ਹਵਾਲਾ ਦਿੰਦਿਆਂ ਉਸ ਨੇ ਇਸ ਦੇ ਪੱਖ ’ਚ ਮਤਦਾਨ ਕੀਤਾ। ਮਤੇ ਖ਼ਿਲਾਫ਼ ਵੋਟਿੰਗ ਕਰਨ ਵਾਲੇ ਮੁਲਕਾਂ ’ਚ ਇਜ਼ਰਾਈਲ ਅਤੇ ਅਮਰੀਕਾ ਸ਼ਾਮਲ ਸਨ। ਚੀਨ, ਫਰਾਂਸ, ਅਤੇ ਰੂਸ ਨੇ ਮਤੇ ਦੇ ਪੱਖ ’ਚ ਵੋਟਿੰਗ ਕੀਤੀ ਜਦਕਿ ਕੈਨੇਡਾ, ਜਰਮਨੀ, ਜਾਪਾਨ, ਯੂਕਰੇਨ ਅਤੇ ਬ੍ਰਿਟੇਨ ਗ਼ੈਰਹਾਜ਼ਰ ਰਹੇ।