
ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਗਾਜ਼ਾ ’ਚ ਇਜ਼ਰਾਈਲ ਦੇ ਜ਼ਮੀਨੀ ਅਤੇ ਹਵਾਈ ਹਮਲਿਆਂ ਦਰਮਿਆਨ ਫਲਸਤੀਨ ਦੇ ਆਮ ਨਾਗਰਿਕਾਂ ਦੀਆਂ ਵਧਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਫੌਰੀ ਅਤੇ ਵਿਸਥਾਰਤ ਮਾਨਵੀ ਜੰਗਬੰਦੀ ਦੀ ਮੰਗ ਵਾਲਾ ਇਕ ਮਤਾ ਅਪਣਾਇਆ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਸ਼ੁਰੂ ਹੋਣ ਮਗਰੋਂ ਸੰਯੁਕਤ ਰਾਸ਼ਟਰ ਵੱਲੋਂ ਅਪਣਾਇਆ ਗਿਆ ਇਹ ਪਹਿਲਾ ਮਤਾ ਹੈ। ਉਂਜ ਇਜ਼ਰਾਈਲ ਨੇ ਇਸ ਮਤੇ ਨੂੰ ਖਾਰਜ ਕਰ ਦਿੱਤਾ ਹੈ। ਮਤੇ ’ਚ ਹਮਾਸ ਅਤੇ ਹੋਰ ਗੁੱਟਾਂ ਨੂੰ ਸਾਰੇ ਬੰਧਕ ਫੌਰੀ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦਾ ਹੋਕਾ ਦਿੱਤਾ ਗਿਆ ਹੈ। ਸਲਾਮਤੀ ਪਰਿਸ਼ਦ ’ਚ ਮਤੇ ਦੇ ਪੱਖ ’ਚ 15 ’ਚੋਂ 12 ਵੋਟ ਪਏ। ਮਾਲਟਾ ਵੱਲੋਂ ਤਿਆਰ ਮਤੇ ’ਤੇ ਵੋਟਿੰਗ ਤੋਂ ਅਮਰੀਕਾ, ਬ੍ਰਿਟੇਨ ਅਤੇ ਰੂਸ ਨੇ ਦੂਰੀ ਬਣਾਈ ਰੱਖੀ। ਮਤੇ ’ਚ ਹਮਾਸ ਵੱਲੋਂ ਇਜ਼ਰਾਈਲ ’ਤੇ ਅਚਾਨਕ ਕੀਤੇ ਗਏ ਹਮਲੇ ਦੀ ਨਿੰਦਾ ਨਾ ਕੀਤੇ ਜਾਣ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਤੋਂ ਦੂਰੀ ਬਣਾਈ। ਮਤੇ ’ਚ ਮਾਨਵੀ ਜੰਗਬੰਦੀ ਅਤੇ ਹਮਾਸ ਤੇ ਹੋਰ ਗੁੱਟਾਂ ਵੱਲੋਂ ਬੰਧਕ ਬਣਾਏ ਗਏ ਸਾਰੇ ਲੋਕਾਂ ਦੀ ਫੌਰੀ ਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਸਬੰਧੀ ਭਾਸ਼ਾ ਨਰਮ ਰੱਖੀ ਗਈ ਹੈ। ਉਂਜ ਮਾਲਟਾ ਵੱਲੋਂ ਰੱਖਿਆ ਗਿਆ ਮਤਾ ਉਨ੍ਹਾਂ ਗੰਭੀਰ ਮੱਤਭੇਦਾਂ ਨੂੰ ਦੂਰ ਕਰਨ ’ਚ ਕਾਮਯਾਬ ਰਿਹਾ ਜਿਨ੍ਹਾਂ ਕਾਰਨ ਪਰਿਸ਼ਦ ਪਿਛਲੇ ਚਾਰ ਮਤਿਆਂ ਨੂੰ ਅਪਣਾ ਨਹੀਂ ਸਕਿਆ ਸੀ। ਸੰਯੁਕਤ ਰਾਸ਼ਟਰ ’ਚ ਮਾਲਟਾ ਦੀ ਸਫ਼ੀਰ ਵੈਨੇਸਾ ਫਰੇਜ਼ੀਆ ਨੇ ਕਿਹਾ ਕਿ ਉਨ੍ਹਾਂ ਪਹਿਲਾ ਅਹਿਮ ਪੜਾਅ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੰਗ ’ਚ ਲੋਕਾਂ ਦੀ ਸੁਰੱਖਿਆ ਅਤੇ ਬੱਚਿਆਂ ਦੇ ਦਰਦ ਦੂਰ ਕਰਨ ਦੀ ਵਚਨਬੱਧਤਾ ’ਤੇ ਉਹ ਕਾਇਮ ਰਹਿਣਗੇ। ਅਮਰੀਕੀ ਸਫ਼ੀਰ ਲਿੰਡਾ ਥੌਮਸ-ਗਰੀਨਫੀਲਡ ਨੇ ਵੋਟ ਨਾ ਪਾਉਣ ਲਈ ਸਫ਼ਾਈ ਦਿੱਤੀ ਕਿ ਮਤੇ ’ਚ ਹਮਾਸ ਦੀ ਨਿਖੇਧੀ ਨਹੀਂ ਕੀਤੀ ਗਈ ਹੈ। ਯੂਕੇ ਦੇ ਸਥਾਈ ਨੁਮਾਇੰਦੇ ਬਾਰਬਰਾ ਵੁਡਵਰਡ ਨੇ ਕਿਹਾ ਕਿ ਜੰਗਬੰਦੀ ਲਈ ਮਤਾ ਜ਼ਰੂਰੀ ਸੀ ਪਰ ਉਸ ’ਚ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਦਹਿਸ਼ਤੀ ਹਮਲੇ ਦੀ ਨਿਖੇਧੀ ਨਹੀਂ ਸੀ ਜਿਸ ’ਤੇ ਬ੍ਰਿਟੇਨ ਨੂੰ ਅਫ਼ਸੋਸ ਹੈ। ਰੂਸ ਦੇ ਸਥਾਈਨੁਮਾਇੰਦੇ ਵੈਸਿਲੀ ਨੇਬੇਨਜ਼ੀਆ ਨੇ ਕਿਹਾ ਕਿ ਮਤੇ ’ਚ ਫੌਰੀ ਗੋਲੀਬੰਦੀ ਦੀ ਸ਼ਰਤ ਨਾ ਰੱਖੇ ਜਾਣ ਕਾਰਨ ਰੂਸ ਨੇ ਮਤੇ ਤੋਂ ਦੂਰੀ ਬਣਾਈ।