
ਦੀਰ ਅਲ-ਬਾਲਾਹ/ਤਲ ਅਵੀਵ-ਇਜ਼ਰਾਈਲ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਵਿਚ ਕੀਤੀ ਬੰਬਾਰੀ ਵਿੱਚ ਮਾਰੇ ਗਏ ਘੱਟੋ-ਘੱਟ 179 ਵਿਅਕਤੀਆਂ ਨੂੰ ਹਸਪਤਾਲ ਦੇ ਅਹਾਤੇ ਵਿੱਚ ਹੀ ਜ਼ਮੀਨ ਪੁੱਟ ਕੇ ਦਫ਼ਨਾ ਦਿੱਤਾ ਗਿਆ ਹੈ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਮ੍ਰਿਤਕ ਦੇਹਾਂ, ਜਿਨ੍ਹਾਂ ਵਿੱਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸਨ, ਖਰਾਬ ਹੋਣ ਲੱਗੀਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ਦਫਨਾਉਣਾ ਜ਼ਰੂਰੀ ਹੋ ਗਿਆ ਸੀ। ਸਲਮੀਆ ਨੇ ਕਿਹਾ ਕਿ ਕਈ ਮਰੀਜ਼ ਅਜਿਹੇ ਸਨ, ਜਿਨ੍ਹਾਂ ਦੀ ਸਰਜਰੀ ਐਨਸਥੀਸੀਆ ਤੋਂ ਬਗੈਰ ਤੇ ਬਿਨਾਂ ਬਜਿਲੀ ਦੇ ਕੀਤੀ ਗਈ ਤੇ ਇਨ੍ਹਾਂ ਨੂੰ ਜਿਹੜਾ ਦਰਦਾ ਹੋਇਆ ਉਹ ਬਿਆਨ ਕਰਨਾ ਮੁਸ਼ਕਲ ਸੀ। ਹਸਪਤਾਲ ਅਥਾਰਿਟੀਜ਼ ਮੁਤਾਬਕ ਇਜ਼ਰਾਇਲੀ ਫੌਜ ਕੌਮਾਂਤਰੀ ਰੈੱਡ ਕਰਾਸ ਕੌਂਸਲ ਦੇ ਦਖ਼ਲ ਮਗਰੋਂ ਸਮੇਂ ਤੋਂ ਪਹਿਲਾਂ ਜਨਮੇ ਕੁਝ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰਨ ਲਈ ਰਾਜ਼ੀ ਹੋ ਗਈ ਹੈ। ਯੂਰੋ-ਮੈੱਡ ਮਨੁੱਖੀ ਹੱਕਾਂ ਬਾਰੇ ਨਿਗਰਾਨ ਮੁਤਾਬਕ ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਮਗਰੋਂ ਹੁਣ ਤੱਕ ਗਾਜ਼ਾ ’ਤੇ 25000 ਟਨ ਧਮਾਕਾਖੇਜ਼ ਸਮੱਗਰੀ ਸੁੱਟ ਚੁੱਕਾ ਹੈ, ਜੋ ਦੋ ਪ੍ਰਮਾਣੂ ਬੰਬਾਂ ਦੇ ਬਰਾਬਰ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਸਮੂਹ ’ਤੇ ਅੱਜ ਤੀਜੇ ਗੇੜ ਦੀਆਂ ਪਾਬੰਦੀਆਂ ਤਹਿਤ ਇਰਾਨ ਤੋਂ ਗਾਜ਼ਾ ਨੂੰ ਹੁੰਦੇ ਪੈਸਿਆਂ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀਆਂ ਯੂਕੇ ਦੇ ਸਹਿਯੋਗ ਨਾਲ ਲਾਈਆਂ ਗਈਆਂ ਹਨ।