
ਦੀਰ ਅਲ ਬਲਾਹ (ਗਾਜ਼ਾ ਪੱਟੀ)-ਇਜ਼ਰਾਈਲ ਤੇ ਹਮਾਸ ਦਰਮਿਆਨ ਜਾਰੀ ਜੰਗ ਦੌਰਾਨ ਹੁਣ ਹੋਰ ਇਜ਼ਰਾਇਲੀ ਟੈਂਕ ਤੇ ਹਥਿਆਰਬੰਦ ਸੈਨਾ ਗਾਜ਼ਾ ਵਾਲੇ ਪਾਸੇ ਭੇਜੀ ਜਾ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਜੰਗ ਦੇ ‘ਦੂਜੇ ਗੇੜ’ ਦਾ ਐਲਾਨ ਕਰ ਦਿੱਤਾ ਹੈ। ਦੂਜੇ ਗੇੜ ਦਾ ਮੰਤਵ ਹਮਾਸ ਦੀ ਸਰਕਾਰੀ ਤੇ ਫੌਜੀ ਸਮਰੱਥਾ ਨੂੰ ਖ਼ਤਮ ਕਰਨਾ ਅਤੇ ਬੰਧਕਾਂ ਨੂੰ ਘਰ ਲਿਆਉਣਾ ਹੈ।’ ਸੱਤ ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਹਮਲੇ ਲਈ ਇਜ਼ਰਾਇਲੀ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਅੱਜ ਨੇਤਨਯਾਹੂ ਨੇ ਮੁਆਫੀ ਵੀ ਮੰਗੀ ਹੈ। ਉਨ੍ਹਾਂ ਨੂੰ ਇਸ ਬਿਆਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ 24 ਘੰਟਿਆਂ ਵਿਚ ਅਤਿਵਾਦੀਆਂ ਦੇ 450 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿਚ ਹਮਾਸ ਦੇ ਕਮਾਂਡ ਸੈਂਟਰ, ਨਿਗਰਾਨੀ ਚੌਕੀਆਂ ਤੇ ਐਂਟੀ ਟੈਂਕ ਮਿਜ਼ਾਈਲ ਪ੍ਰਣਾਲੀ ਸ਼ਾਮਲ ਹੈ। ਇਜ਼ਰਾਈਲ ਨੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਹੋਰ ਥਲ ਸੈਨਾ ਗਾਜ਼ਾ ਵਿਚ ਭੇਜ ਦਿੱਤੀ ਹੈ। ਇਜ਼ਰਾਈਲ ਹੁਣ ਜ਼ਮੀਨੀ ਜੰਗ ਦਾ ਘੇਰਾ ਵਧਾ ਰਿਹਾ ਹੈ। ਇਜ਼ਰਾਇਲੀ ਹਮਲਿਆਂ ਦੇ ਬਾਵਜੂਦ ਫਲਸਤੀਨੀ ਅਤਿਵਾਦੀ ਲਗਾਤਾਰ ਰਾਕੇਟ ਦਾਗ ਰਹੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 8000 ਫਲਸਤੀਨੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਨਿ੍ਹਾਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਗਾਜ਼ਾ ਵਾਸੀਆਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਅਖ਼ੀਰਲੇ ਦਿਨਾਂ ਵਿਚ ਬਹੁਤ ਜ਼ਿਆਦਾ ਬੰਬਾਰੀ ਹੋਈ ਹੈ। ਇਸ ਕਾਰਨ ਜ਼ਿਆਦਾਤਰ ਸੰਚਾਰ ਬੰਦ ਹੋ ਗਿਆ ਸੀ। ਹਾਲਾਂਕਿ ਅੱਜ ਸਵੇਰੇ ਜ਼ਿਆਦਾਤਰ ਸੰਚਾਰ ਸੇਵਾਵਾਂ ਬਹਾਲ ਹੋ ਗਈਆਂ ਹਨ। ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਇਜ਼ਰਾਇਲੀ ਹਵਾਈ ਹਮਲਿਆਂ ’ਚ ਹਸਪਤਾਲ ਕੰਪਲੈਕਸ ਵੀ ਨਿਸ਼ਾਨਾ ਬਣਿਆ ਹੈ। ਹਸਪਤਾਲ ਨੂੰ ਜਾਂਦੇ ਕਈ ਰਾਸਤੇ ਬੰਦ ਹੋ ਗਏ ਹਨ। ਇਜ਼ਰਾਈਲ ਨੇ ਦੋਸ਼ ਲਾਇਆ ਹੈ ਕਿ ਹਮਾਸ ਨੇ ਹਸਪਤਾਲ ਦੇ ਥੱਲੇ ਇਕ ਖੁਫ਼ੀਆ ਕਮਾਂਡ ਪੋਸਟ ਬਣਾਈ ਹੋਈ ਹੈ। ਇਸ ਹਸਪਤਾਲ ਵਿਚ ਹਜ਼ਾਰਾਂ ਲੋਕਾਂ ਨੇ ਸ਼ਰਨ ਲਈ ਹੋਈ ਹੈ। ਇਹ ਜ਼ਖ਼ਮੀਆਂ ਨਾਲ ਵੀ ਭਰਿਆ ਪਿਆ ਹੈ। ਇਸੇ ਦੌਰਾਨ ਇਜ਼ਰਾਈਲ ਸਰਕਾਰ ’ਤੇ ਹਮਾਸ ਵੱਲੋਂ 7 ਅਕਤੂਬਰ ਨੂੰ ਬੰਧਕ ਬਣਾਏ ਗਏ 230 ਜਣਿਆਂ ਨੂੰ ਰਿਹਾਅ ਕਰਾਉਣ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਨਿਰਾਸ਼ ਪਰਿਵਾਰਕ ਮੈਂਬਰਾਂ ਨੇ ਸ਼ਨਿਚਰਵਾਰ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਹੈ। ਗਾਜ਼ਾ ਵਿਚ ਹਮਾਸ ਦੇ ਚੋਟੀ ਦੇ ਆਗੂ ਯੇਹੀਆ ਸਨਿਵਰ ਨੇ ਕਿਹਾ ਕਿ ਉਹ ਸਾਰੇ ਬੰਧਕਾਂ ਨੂੰ ‘ਤੁਰੰਤ ਰਿਹਾਅ ਕਰਨ’ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਇਜ਼ਰਾਈਲ ਆਪਣੀਆਂ ਜੇਲ੍ਹਾਂ ਵਿਚ ਬੰਦ ਹਜ਼ਾਰਾਂ ਫਲਸਤੀਨੀਆਂ ਨੂੰ ਰਿਹਾਅ ਕਰੇ। -ਏਪੀਗਾਜ਼ਾ ਪੱਟੀ ’ਚ ਸੰਯੁਕਤ ਰਾਸ਼ਟਰ ਦੇ ਇਕ ਗੁਦਾਮ ’ਚੋਂ ਜ਼ਰੂਰਤ ਦਾ ਸਾਮਾਨ ਲੁੱਟ ਕੇ ਲਿਜਾਂਦੇ ਹੋਏ ਫਲਸਤੀਨੀ ਲੋਕ।