ਯਾਸੀਨ ਮਲਿਕ ਦੀ ਪਤਨੀ ਪਾਕਿ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ

ਯਾਸੀਨ ਮਲਿਕ ਦੀ ਪਤਨੀ ਪਾਕਿ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ

ਇਸਲਾਮਾਬਾਦ - ਪਾਕਿਸਤਾਨ ਨੇ ਭਾਰਤੀ ਜੇਲ੍ਹ ’ਚ ਬੰਦ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਪਤਨੀ ਮਸ਼ਾਲ ਮਲਿਕ ਹੁਸੈਨ ਨੂੰ ਦੇਸ਼ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰਉਲ ਹੱਕ ਕੱਕੜ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ।
ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਰਾਸ਼ਟਰਪਤੀ ਭਵਨ ਐਵਾਨ-ਏ-ਸਦਰ ਵਿੱਚ 19 ਮੈਂਬਰੀ ਸੰਸਦੀ ਕਾਰਜਕਾਰੀ ਮੰਤਰੀ ਮੰਡਲ ਨੂੰ ਸਹੁੰ ਚੁਕਾਉਣ ਮਗਰੋਂ ਵੀਰਵਾਰ ਦੇਰ ਰਾਤ ਜਾਰੀ ਕੀਤੀ ਗਈ ਪ੍ਰਧਾਨ ਮੰਤਰੀ ਦੇ ਪੰਜ ਵਿਸ਼ੇਸ਼ ਸਲਾਹਕਾਰਾਂ (ਐੱਸਏਪੀਐੱਮ) ਦੀ ਸੂਚੀ ਵਿੱਚ ਮਸ਼ਾਲ ਦਾ ਨਾਮ ਵੀ ਸ਼ਾਮਲ ਹੈ।
ਮਸ਼ਾਲ ਮਲਿਕ ਪਾਕਿਸਤਾਨੀ ਨਾਗਰਿਕ ਹੈ ਜਿਸ ਨੇ ਯਾਸੀਨ ਮਲਿਕ ਨਾਲ ਨਿਕਾਹ ਕਰਵਾਇਆ ਹੈ। ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਕੱਕੜ ਦੀ ਮਨੁੱਖੀ ਅਧਿਕਾਰਾਂ ਅਤੇ ਮਹਿਲਾ ਸ਼ਕਤੀਕਨ ਬਾਰੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਅਤਿਵਾਦ ਨੂੰ ਪਨਾਹ ਦੇ ਰਿਹੈ ਪਾਕਿਸਤਾਨ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇਤਾ ਤਰੁਣ ਚੁੱਘ ਨੇ ਜੇਲ੍ਹ ’ਚ ਬੰਦ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਮਲਿਕ ਹੁਸੈਨ ਨੂੰ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਭਾਰਤ ਵੱਲੋਂ ਲਾਇਆ ਦੋਸ਼ ਸਹੀ ਸਾਬਤ ਹੋਇਆ ਹੈ ਕਿ ਪਾਕਿਸਤਾਨ ਭਾਰਤ ’ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਬਾਰੇ ਇੰਚਾਰਜ ਚੁੱਘ ਨੇ ਕਿਹਾ, ‘‘ਮੁਸ਼ਾਲ ਹੁਸੈਨ ਮਲਿਕ ਦੀ ਨਿਯੁਕਤੀ ਭਾਰਤ ਦੇ ੲਿਸ ਦਾਅਵੇ ਦਾ ਸਮਰਥਨ ਕਰਦੀ ਹੈ ਪਾਕਿਸਤਾਨ ਅਤਿਵਾਦ ਅਤੇ ਦਹਿਸ਼ਤਗਰਦਾਂ ਨੂੰ ਪਨਾਹ ਦੇ ਰਿਹਾ ਹੈ।’’