ਹੋਰਮੁਜ਼ ਮੁੜ ਬੰਦ, ਦੋ ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ, ਅਮਰੀਕੀ ਨਾਕਾਬੰਦੀ ਖ਼ਿਲਾਫ਼ ਇਰਾਨ ਦੇ ਰੁਖ਼ ’ਚ ਮੁੜ ਸਖ਼ਤੀ

ਹੋਰਮੁਜ਼ ਮੁੜ ਬੰਦ, ਦੋ ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ, ਅਮਰੀਕੀ ਨਾਕਾਬੰਦੀ ਖ਼ਿਲਾਫ਼ ਇਰਾਨ ਦੇ ਰੁਖ਼ ’ਚ ਮੁੜ ਸਖ਼ਤੀ

ਨਵੀਂ ਦਿੱਲੀ (ਪੰਜਾਬੀ ਰਾਈਟਰ)- ਪੱਛਮੀ ਏਸ਼ੀਆ ਵਿੱਚ ਅੱਜ ਮੁੜ ਤਣਾਅ ਪੈਦਾ ਹੋ ਗਿਆ ਜਦੋਂ ਇਰਾਨ ਨੇ ਹਰਮੁਜ਼ ਜਲ ਮਾਰਗ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਉਥੋਂ ਲੰਘ ਰਹੇ ਦੋ ਭਾਰਤੀ ਜਹਾਜ਼ਾਂ ’ਤੇ ਰੈਵੋਲਿਊਸ਼ਨਰੀ ਗਾਰਡਜ਼ ਨੇ ਗੋਲੀਬਾਰੀ ਕੀਤੀ ਜਿਸ ’ਚੋਂ ਇਕ ਜਹਾਜ਼ ਨੂੰ ਗੋਲੀਆਂ ਲੱਗੀਆਂ ਹਨ। ਉਂਜ ਇਰਾਨ ਦੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਪੇਸ਼ ਨਵੀਆਂ ਤਜਵੀਜ਼ਾਂ ’ਤੇ ਵਿਚਾਰ ਕਰ ਰਹੇ ਹਨ।

ਇਰਾਨ ਦੀ ਸਾਂਝੀ ਫ਼ੌਜੀ ਕਮਾਂਡ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਹਰਮੁਜ਼ ਜਲ ਮਾਰਗ ਪਹਿਲਾਂ ਵਾਲੀ ਸਥਿਤੀ ’ਚ ਹਥਿਆਰਬੰਦ ਬਲਾਂ ਦੇ ਕੰਟਰੋਲ ਹੇਠ ਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਅਮਰੀਕਾ, ਇਰਾਨੀ ਬੰਦਰਗਾਹਾਂ ਤੋਂ ਨਾਕਾਬੰਦੀ ਹਟਾ ਨਹੀਂ ਲੈਂਦਾ, ਹਰਮੁਜ਼ ਜਲ ਮਾਰਗ ਬੰਦ ਰਹੇਗਾ। ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮੁਲਕ ਦੀ ਜਲ ਸੈਨਾ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਲਈ ਤਿਆਰ ਹੈ। ਇਰਾਨੀ ਫ਼ੌਜ ਦੇ ਸਥਾਪਨਾ ਦਿਵਸ ਮੌਕੇ ਦਿੱਤੇ ਸੁਨੇਹੇ ’ਚ ਉਨ੍ਹਾਂ ਇਜ਼ਰਾਈਲ ਅਤੇ ਅਮਰੀਕੀ ਹਿੱਤਾਂ ਨਾਲ ਜੁੜੇ ਟਿਕਾਣਿਆਂ ’ਤੇ ਬੀਤੇ ਸੱਤ ਹਫ਼ਤਿਆਂ ਦੀ ਜੰਗ ਦੌਰਾਨ ਕੀਤੇ ਗਏ ਡਰੋਨ ਹਮਲਿਆਂ ਦੀ ਸ਼ਲਾਘਾ ਕੀਤੀ। ਅਮਰੀਕੀ ਫ਼ੌਜ ਨੇ ਕਿਹਾ ਕਿ ਇਰਾਨੀ ਬੰਦਰਗਾਹਾਂ ’ਤੇ ਨਾਕੇਬੰਦੀ ਕਾਰਨ ਉਨ੍ਹਾਂ ਹਰਮੁਜ਼ ਜਲ ਮਾਰਗ ਨੇੜਿਉਂ 23 ਜਹਾਜ਼ਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।

ਸਮੁੰਦਰ ’ਚ ਜਹਾਜ਼ਾਂ ’ਤੇ ਨਜ਼ਰ ਰੱਖਣ ਵਾਲੀ ਟੈਂਕਰਟਰੈਕਰਜ਼ ਡੌਟ ਕੌਮ ਮੁਤਾਬਕ ਇਰਾਕੀ ਤੇਲ ਲਿਜਾ ਰਹੇ ਸੁਪਰ ਟੈਂਕਰ ਸਮੇਤ ਦੋ ਭਾਰਤੀ ਜਹਾਜ਼ਾਂ ’ਤੇ ਇਰਾਨ ਵੱਲੋਂ ਗੋਲੀਬਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਇਕ ਜਹਾਜ਼ ’ਤੇ ਗੋਲੀਆਂ ਵੱਜੀਆਂ ਹਨ। ਘਟਨਾਕ੍ਰਮ ਨਾਲ ਜੁੜੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕੱਚਾ ਤੇਲ ਅਤੇ ਗੈਸ ਭਾਰਤ ਵੱਲ ਲਿਜਾ ਰਹੇ 14 ਜਹਾਜ਼ਾਂ ਦੇ ਕਾਫ਼ਲੇ ਨੂੰ ਰੋਕ ਦਿੱਤਾ ਜਿਸ ’ਚੋਂ ਦੋ ’ਤੇ ਗੋਲੀਬਾਰੀ ਕੀਤੀ ਗਈ। ਹਮਲੇ ਮਗਰੋਂ 13 ਜਹਾਜ਼ ਫ਼ਾਰਸ ਦੀ ਖਾੜੀ ’ਚ ਵੱਖ ਵੱਖ ਥਾਵਾਂ ਵੱਲ ਪਰਤ ਗਏ। ਭਾਰਤੀ ਝੰਡੇ ਵਾਲਾ ਜਹਾਜ਼ ਜਦੋਂ ਹਰਮੁਜ਼ ਜਲ ਮਾਰਗ ’ਚੋਂ ਗੁਜ਼ਰ ਰਿਹਾ ਸੀ ਤਾਂ ਉਸ ’ਤੇ ਗੋਲੀਆਂ ਦਾਗ਼ੀਆਂ ਗਈਆਂ ਜਿਸ ਕਾਰਨ ਉਸ ਦੀ ਖਿੜਕੀ ਟੁੱਟ ਗਈ ਅਤੇ ਉਸ ਨੂੰ ਪਿੱਛੇ ਪਰਤਣ ਲਈ ਮਜਬੂਰ ਹੋਣਾ ਪਿਆ। ਦੂਜੇ ਜਹਾਜ਼ ਨੂੰ ਹੋਏ ਨੁਕਸਾਨ ਦੀ ਫ਼ੌਰੀ ਜਾਣਕਾਰੀ ਨਹੀਂ ਮਿਲ ਸਕੀ ਪਰ ਉਸ ਨੂੰ ਵੀ ਪਿਛਾਂਹ ਹਟਣਾ ਪਿਆ ਹੈ। ਉਂਜ ਸੂਤਰਾਂ ਨੇ ਕਿਹਾ ਕਿ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਲਈ ਕੱਚੇ ਤੇਲ ਨਾਲ ਭਰਿਆ ਇਕ ਜਹਾਜ਼ ਭਾਰਤ ਵੱਲ ਵਧ ਰਿਹਾ ਹੈ।

ਇਹ ਘਟਨਾ ਕੇਸ਼ਮ ਅਤੇ ਲਾਰਾਕ ਟਾਪੂਆਂ ਵਿਚਾਲੇ ਸਮੁੰਦਰੀ ਪਾਣੀਆਂ ’ਚ ਵਾਪਰੀ। ਬਰਤਾਨਵੀ ਫ਼ੌਜ ਦੇ ਸਮੁੰਦਰੀ ਵਪਾਰ ਅਪਰੇਸ਼ਨ ਕੇਂਦਰ ਨੇ ਕਿਹਾ ਕਿ ਰੈਵੋਲਿਊਸ਼ਨਰੀ ਗਾਰਡਾਂ ਦੀਆਂ ਕਿਸ਼ਤੀਆਂ ਨੇ ਹਰਮੁਜ਼ ਜਲ ਮਾਰਗ ’ਚੋਂ ਗੁਜ਼ਰ ਰਹੇ ਇਕ ਟੈਂਕਰ ’ਤੇ ਗੋਲੀਬਾਰੀ ਕੀਤੀ ਅਤੇ ਇਕ ਕੰਟੇਨਰ ਜਹਾਜ਼ ’ਤੇ ਰਾਕੇਟ ਨਾਲ ਹਮਲਾ ਹੋਇਆ। ਉਨ੍ਹਾਂ ਜਹਾਜ਼ਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ। ਇਰਾਨੀ ਉਪ ਵਿਦੇਸ਼ ਮੰਤਰੀ ਸਈਦ ਖ਼ਾਤਿਬਜ਼ਾਦੇਹ ਨੇ ਨਾਕਾਬੰਦੀ ਦਾ ਹਵਾਲਾ ਦਿੰਦਿਆਂ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਮਰੀਕਾ ਹੀ ਕੌਮਾਂਤਰੀ ਭਾਈਚਾਰੇ ਅਤੇ ਆਲਮੀ ਅਰਥਚਾਰੇ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।

ਭਾਰਤ ਵੱਲੋਂ ਇਰਾਨ ਦਾ ਰਾਜਦੂਤ ਤਲਬ

ਨਵੀਂ ਦਿੱਲੀ: ਭਾਰਤ ਨੇ ਅੱਜ ਇਰਾਨ ਦੇ ਰਾਜਦੂਤ ਮੁਹੰਮਦ ਫਤਹਲੀ ਨੂੰ ਤਲਬ ਕੀਤਾ ਹੈ। ਇਹ ਘਟਨਾ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਦੇ ਗੋਲੀਬਾਰੀ ਕੀਤੇ ਜਾਣ ਮਗਰੋਂ ਹਰਮੁਜ਼ ਜਲ ਖੇਤਰ ’ਚੋਂ ਦੋ ਭਾਰਤੀ ਜਹਾਜ਼ਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਵਾਪਰੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਰਾਜਦੂਤ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਹੈ। ਫਤਹਲੀ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤੇ ਜਾਣ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਬੀਤੇ ਦਿਨ ਇਰਾਨ ਦੇ ਕਮਰਸ਼ੀਅਲ ਆਵਾਜਾਈ ਲਈ ਜਲ ਮਾਰਗ ਖੋਲ੍ਹਣ ਦੇ ਐਲਾਨ ਮਗਰੋਂ ਕਈ ਸਮੁੰਦਰੀ ਜਹਾਜ਼ਾਂ ਨੇ ਹਰਮੁਜ਼ ਜਲ ਮਾਰਗ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਹਿਰਾਨ ਨੇ ਅੱਜ ਕਿਹਾ ਕਿ ਉਸ ਨੇ ਹਰਮੁਜ਼ ਜਲ ਮਾਰਗ ਮੁੜ ਬੰਦ ਕਰ ਦਿੱਤਾ ਹੈ।