ਭਾਰਤ-ਕਨੇਡਾ ਵਿਵਾਦ ਬਨਾਮ ‘ਸਾਨਾ ਦੇ ਭੇੜ ’ਚ ਮਲਿਆਂ ਦਾ ਨਾਸ’!

ਭਾਰਤ-ਕਨੇਡਾ ਵਿਵਾਦ ਬਨਾਮ ‘ਸਾਨਾ ਦੇ ਭੇੜ ’ਚ ਮਲਿਆਂ ਦਾ ਨਾਸ’!

ਭਾਰਤ ਤੇ ਕਨੇਡਾ ਦਰਮਿਆਨ ਵਧਦੇ ਵਿਵਾਦ ਦੇ ਮੱਦੇਨਜ਼ਰ ਕਨੇਡਾ ਦੇ ਭਾਰਤ ਵਿਚਲੇ ਸਾਬਕਾ ਰਾਜਦੂਤ ਕੈਮਰੌਨ ਮੈੱਕੇ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿਚ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ਤੇ ਕਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਇਕ ਹੀ ਸਾਜਿਸ਼ ਲੜੀ ਦਾ ਹਿੱਸਾ ਹੈ। ਅਗਸਤ ਵਿਚ ਭਾਰਤ ਛੱਡਣ ਵਾਲੇ ਕੈਮਰੌਨ ਨੇ ਕਿਹਾ ਕਿ ਇਨਾਂ ਮਾਮਲਿਆਂ ਦੀ ਅਮਰੀਕਾ ਤੇ ਕਨੇਡਾ ਵੱਖੋ-ਵੱਖਰੀ ਜਾਂਚ ਕਰ ਰਹੇ ਹਨ। ਉਨਾਂ ਕਿਹਾ ਕਿ ਭਾਰਤ ਸੋਚਦਾ ਹੈ ਕਿ ਉਸ ਦੇ ਏਜੰਟ ਵਿਦੇਸ਼ੀ ਧਰਤੀ ’ਤੇ ਹਿੰਸਾ ਕਰ ਕੇ ਵਾਪਸ ਬਚ ਕੇ ਆ ਸਕਦੇ ਹਨ ਜੋ ਗਲਤ ਹੈ। ਕਨੇਡਾ ਦੇ ਸਰਕਾਰੀ ਮੀਡੀਆ ਸੀ.ਬੀ.ਸੀ. ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕੈਮਰੌਨ ਮੈੱਕੇ ਨੇ ਕਿਹਾ ਕਿ ਇਹ ਕਾਰਵਾਈ ਭਾਰਤ ਦੀ ਸਭ ਤੋਂ ਵੱਡੀ ਰਣਨੀਤਕ ਗਲਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਕਨੇਡਾ ਦੀ ਧਰਤੀ ’ਤੇ ਸਿੱਖ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਸਬੰਧੀ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਵੀਂ ਦਿੱਲੀ ਨੇ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਸਬੰਧੀ ਹਾਲ ਹੀ ਵਿੱਚ ਮੁੜ ਤਣਾਅ ਵਧਣ ਮਗਰੋਂ ਭਾਰਤ ਨੇ ਛੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਸੀ ਤੇ ਇਹ ਕਨੇਡੀਅਨ ਡਿਪਲੋਮੈਟ ਬੀਤੇ ਦਿਨੀਂ ਨਵੀਂ ਦਿੱਲੀ ਛੱਡ ਗਏ ਸਨ। ਭਾਰਤ ਨੇ ਆਪਣੇ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਵੀ ਕਨੇਡਾ ਤੋਂ ਵਾਪਸ ਸੱਦ ਲਿਆ ਹੈ। ਕੈਮਰੌਨ ਮੈੱਕੇ ਨੇ ਕਿਹਾ ਕਿ ਕਨੇਡਾ ਸਰਕਾਰ ਲਈ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਪਰ ਭਾਰਤ ਨੇ ਇਸ ਮਾਮਲੇ ਵਿਚ ਕਨੇਡਾ ਨਾਲ ਸਹਿਯੋਗ ਨਹੀਂ ਕੀਤਾ।
ਜੇਕਰ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਵੱਲ ਨਜ਼ਰ ਮਾਰੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ‘ਸਰਜੀਕਲ ਸਟਰਾਈਕ’ ਦੇ ਮਾਹਿਰ ਵਜੋਂ ਪੇਸ਼ ਕਰਦੇ ਰਹੇ ਹਨ। ਉਹਨਾਂ ਵਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਭਾਰਤ ਦੇਸ਼ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਆਪਣੇ ਵਿਰੋਧੀ ਨੂੰ ਮਾਰ ਮੁਕਾ ਸਕਦਾ ਹੈ। ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਇੰਗਲੈਂਡ ਵਿਚ ਭਾਈ ਅਵਤਾਰ ਸਿੰਘ ਖੰਡਾ ਅਤੇ ਕਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲਾਂ ਨੂੰ ਭਾਰਤ ਸਰਕਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਅਤੇ ਇੰਗਲੈਂਡ ਸਰਕਾਰਾਂ ਤਾਂ ਚੱੁਪ ਹੀ ਰਹੀਆਂ, ਉਹਨਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਖਾਲਿਸਤਾਨ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਦੇ ਸਰੀ ’ਚ ਹੋਏ ਕਤਲ ਤੋਂ ਬਾਅਦ ਜਸਟਿਨ ਟਰੂਡੋ ਨੇ ਕਨੇਡਾ ਦੀ ਪਾਰਲੀਮੈਂਟ ’ਚ ਦੋਸ਼ ਭਾਰਤ ਸਰਕਾਰ ਦੇ ਸਿਰ ਮੜ ਦਿੱਤੇ ਸਨ। ਉਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤਾ ਹੀ ਵਟ ਖਾਧਾ ਸੀ ਅਤੇ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਸਨ ਅਤੇ ਕਨੇਡਾ ਦੇ ਡਿਪਲੋਮੈਟ ਤਲਬ ਕਰ ਲਏ ਸਨ। ਫਿਰ ਮੋਦੀ ਅਤੇ ਟਰੂਡੋ ਵਿਚ ਸ਼ਬਦੀ ਜੰਗ ਦਾ ਦੌਰ ਸ਼ੁਰੂ ਹੋਇਆ। ਭਾਰਤ ਵਲੋਂ ਹਮੇਸ਼ਾ ਹੀ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਤੇ ਸਬੂਤਾਂ ਦੀ ਮੰਗ ਕੀਤੀ ਗਈ। ਇਕ ਗੱਲ ਖਾਸ ਧਿਆਨ ਮੰਗਦੀ ਹੈ ਕਿ ਕਨੇਡੀਅਨ ਪ੍ਰਧਾਨ ਮੰਤਰੀ ਵਲੋਂ ਮੋਦੀ ਸਰਕਾਰ ਵਿਰੱੁਧ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਭਾਰਤ ਤੋਂ ਬਾਹਰ ਕਿਸੇ ਸਿੱਖ ਆਗੂ ਦਾ ਕਤਲ ਨਹੀਂ ਹੋਇਆ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੇਲੇ ਭਾਰਤ ਦੀ ਇਹ ਨੀਤੀ ਤਾਂ ਰਹੀ ਹੀ ਹੈ ਕਿ ਵਿਦੇਸ਼ਾਂ ਵਿਚ ਭਾਰਤੀ ਵੱਖਵਾਦੀਆਂ ਨੂੰ ਖਤਮ ਕਰ ਦਿੱਤਾ ਜਾਵੇ ਪਰ ਹੁਣ ਜਦੋਂ ਕਨੇਡਾ ਨੇ ਸਟੈਂਡ ਲੈ ਲਿਆ ਹੈ ਤਾਂ ਭਾਰਤ ਆਪਣੇ ‘ਸਰਜੀਕਲ ਸਟਰਾਈਕ’ ਦੇ ਨਾਅਰੇ ਤੋਂ ਵੀ ਪਿੱਛੇ ਹਟਦਾ ਦਿਖਾਈ ਦੇ ਰਿਹਾ ਹੈ ਤੇ ਸਿਰਫ ‘ਸਬੂਤ ਸਬੂਤ’ ਦੀ ਰੌਲੀ ਹੀ ਪਾਈ ਰੱਖਦਾ ਹੈ। ਇਸੇ ਦੇ ਚੱਲਦਿਆਂ ਜਦੋਂ ਅਮਰੀਕਾ ਨੇ ਆਪਣੇ ਨਾਗਰਿਕ ਅਤੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਨੂੰ ਨੰਗਾ ਕੀਤਾ ਤਾਂ ਮੋਦੀ ਸਰਕਾਰ ਲਈ ਹਾਲਾਤ ਚੁਣੌਤੀਆਂ ਵਾਲੇ ਬਣ ਗਏ। ਅਮਰੀਕਾ ਦੇ ਜਾਂਚ ਅਧਿਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਕ ਨਿਖ਼ਿਲ ਗੁਪਤਾ ਨਾਮ ਦਾ ਵਿਅਕਤੀ ਗੁਰਪਤੰਵਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਰਚ ਰਿਹਾ ਸੀ। ਦੱਸਣਯੋਗ ਹੈ ਕਿ ਅਮਰੀਕਾ ਦੀਆਂ ਜਾਂਚ ਏਜੰਸੀਆਂ ਆਪਣੇ ਜਵਾਨਾਂ ਨੂੰ ਗੈਂਗਸਟਰਾਂ ਜਾਂ ਨਸ਼ਾ ਤਸਕਰਾਂ ਵਿਚ ਸ਼ਾਮਿਲ ਕਰਵਾ ਦਿੰਦੇ ਹਨ ਅਤੇ ਉਹ ਸਾਰੀ ਸੂਚਨਾ ਪੁਲਿਸ ਨੂੰ ਦਿੰਦੇ ਰਹਿੰਦੇ ਹਨ। ਇਸੇ ਤਰਾਂ ਨਿਖ਼ਿਲ ਗੁਪਤਾ ਨੇ ਗੁਰਪਤਵੰਤ ਪੰਨੂੰ ਦੇ ਕਤਲ ਲਈ ਜਿਸ ‘ਹਿੱਟਮੈਨ’ ਨਾਲ ਡੀਲ ਕੀਤੀ ਉਹ ਅਸਲ ’ਚ ਪੁਲਿਸ ਦਾ ‘ਅੰਡਰ ਕਵਰ ਏਜੰਟ’ ਨਿਕਲਿਆ ਜਿਸ ਕਾਰਨ ਉਸਨੇ ਨਿਖ਼ਿਲ ਗੁਪਤਾ ਨਾਲ ਆਪਣੀ ਵਾਰਤਾਲਾਪ ਸਾਰੇ ਸਾਰੇ ਸਬੂਤ ਬਣਾ ਲਏ। ਜਦੋਂ ਹੁਣ ਇਸ ਘਟਨਾ ਬਾਰੇ ਮੋਦੀ ਸਰਕਾਰ ਨੂੰ ਅਮਰੀਕਾ ਨੇ ਦੱਸਿਆ ਤਾਂ ਮੋਦੀ ਸਾਹਿਬ ਦਾ ਬਿਆਨ ਸੀ ਕਿ ਅਸੀਂ ਜਾਂਚ ਵਿਚ ਸਹਿਯੋਗ ਕਰਾਂਗੇ। ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਭਾਰਤ ਸਰਕਾਰ ਵਿਦੇਸ਼ਾਂ ਵਿਚ ਦਖਲ ਅੰਦਾਜ਼ੀ ਤਾਂ ਜ਼ਰੂਰ ਕਰਦੀ ਹੈ। ਅਮਰੀਕਾ ਵਲੋਂ ਆਈ ਇਕ ਹੋਰ ਖਬਰ ਨੇ ਭਾਰਤ ਸਰਕਾਰ ਨੂੰ ਹੋਰ ਵੀ ਸਮੱਸਿਆ ਵਿਚ ਧੱਕ ਦਿੱਤਾ ਹੈ। ਅਮਰੀਕਾ ਵਲੋਂ ਗੁਰਪਤਵੰਤ ਸਿੰਘ ਪੰਨੂੰ ਹੱਤਿਆ ਸਾਜਿਸ਼ ਵਿਚ ਭਾਰਤੀ ਸਾਬਕਾ ਅਧਿਕਾਰੀ ਵਿਕਾਸ ਗੁਪਤਾ ਦਾ ਨਾਮ ਲਿਆ ਗਿਆ ਹੈ ਜਿਸ ਬਾਰੇ ਬਹੁਤ ਕੁਝ ਸਾਹਮਣੇ ਆਉਣ ਹੀ ਵਾਲਾ ਹੈ।
ਕਨੇਡਾ ਦੀ ਆਰ.ਸੀ.ਐੱਮ.ਪੀ. ਨੇ ਹੁਣ ਦੋਸ਼ ਲਗਾਇਆ ਹੈ ਕਿ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦਾ ਕਨੇਡਾ ਦੀ ਧਰਤੀ ਉੱਤੇ ਗਲਬਾ ਹੈ ਅਤੇ ਉਸਦੇ ਗੁਰਗੇ ਕਨੇਡੀਅਨ ਬਿਜ਼ਨਸਮੈਨਾਂ ਤੋਂ ਫ਼ਿਰੌਤੀਆਂ ਮੰਗਦੇ ਹਨ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੰਦੇ ਹਨ। ਇਸ ਜਾਂਚ ਨਾਲ ਇਕ ਵਾਰ ਫਿਰ ਕਨੇਡਾ ਤੇ ਭਾਰਤ ਦੇ ਸਬੰਧਾਂ ਵਿਚ ਕੁੜੱਤਣ ਆ ਗਈ ਹੈ। ਆਰ.ਸੀ.ਐੱਮ.ਪੀ. ਦੇ ਬਿਆਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਕਨੇਡਾ ਨੂੰ ਕਹਿੰਦੇ ਰਹੇ ਹਾਂ ਕਿ ਲਾਰੈਂਸ ਬਿਸ਼ਨੋਈ ਦੀਆਂ ਜੜਾਂ ਕਨੇਡਾ ਵਿਚ ਹਨ ਅਤੇ ਉਹਨਾਂ ਨੂੰ ਵੱਢਣ ਲਈ ਸਹਿਯੋਗ ਕੀਤਾ ਜਾਵੇ, ਪਰ ਕਨੇਡਾ ਸਰਕਾਰ ਨੇ ਅਜਿਹਾ ਨਹੀਂ ਕੀਤਾ। ਪਰ ਦੂਜੇ ਪਾਸੇ ਹੈਰਾਨੀਜਨਕ ਵਰਤਾਰਾ ਇਹ ਹੈ ਕਿ ਭਾਰਤੀ ਜੇਲ ਵਿਚ ਬੈਠਾ ਗੈਂਗਸਟਰ ਲਾਰੈਂਸ ਬਿਸ਼ਨੋਈ ਕਿਵੇਂ ਵਿਦੇਸ਼ਾਂ ਵਿਚ ਆਪਣਾ ਨੈੱਟਵਰਕ ਚਲਾ ਰਿਹਾ ਹੈ? ਇਸ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਉਹ ਜੇਲ ’ਚ ਬੈਠਾ ਹੀ ਕਿਸੇ ਨੂੰ ਵੀ ਮਰਵਾ ਸਕਦਾ ਹੈ ਅਤੇ ਕਿਸੇ ਨੂੰ ਵੀ ਫਿਰੌਤੀ ਲਈ ਧਮਕੀ ਦੇ ਸਕਦਾ ਹੈ। ਜਿਹੜੀ ਸਰਕਾਰ ਆਪਣੇ ਦੇਸ਼ ਦੀ ਜੇਲ ਵਿਚ ਬੰਦ ਗੈਂਗਸਟਰ ਨੂੰ ਕਾਬੂ ਨਹੀਂ ਕਰ ਸਕਦੀ ਕੀ ਉਹ ਦੂਜਿਆਂ ਉੱਤੇ ਦੋਸ਼ ਲਗਾ ਸਕਦੀ ਹੈ?
ਪਰ ਜੇਕਰ ਜਸਟਿਨ ਟਰੂਡੋ ਦੀ ਗੱਲ ਸੁਣੀਏ ਤਾਂ ਉਸਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੇ ਕਿਸੇ ਵੀ ਨਾਗਰਿਕ ਉੱਤੇ ਵਿਦੇਸ਼ੀ ਹਮਲਾ ਸਹਿਣ ਨਹੀਂ ਕਰ ਸਕਦੇ ਤੇ ਉਸਦੇ ਦੇਸ਼ ਵਿਚ ਸਭ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ। ਉਹਨਾਂ ਭਾਰਤ ਦੇ ਪੰਜਾਬ ਸੂਬੇ ਦੀ ਤਹਿਸੀਲ ਫਿਲੌਰ ਦੇ ਪਿੰਡ ਭਾਰਸਿੰਘ ਪੁਰਾ ਵਿਚ ਜੰਮੇ ਪਲੇ ਅਤੇ ਕਨੇਡਾ ਵਿਚ ਸਿਟੀਜ਼ਨ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਤੇ ਭਾਰਤ ਵਰਗੇ ਸ਼ਕਤੀਸ਼ਾਲੀ ਦੇਸ਼ ਨਾਲ ਆਹਢਾ ਲੈ ਲਿਆ ਕਿਉਂਕਿ ਨਿੱਝਰ ਉਹਨਾਂ ਦੇ ਦੇਸ਼ ਦਾ ਇਕ ਸਿਟੀਜ਼ਨ ਸੀ। ਸਾਡੇ ਦੇਸ਼ ਦੇ ਵਿਦੇਸ਼ਾਂ ਵਿਚ ਕਿੰਨੇ ਹੀ ਲੋਕਾਂ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਹਨ, ਉਹਨਾਂ ਦੇ ਕਤਲ ਹੋ ਰਹੇ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਨਹੀਂ ਬੋਲਦੇ, ਸਗੋਂ ਵਿਦੇਸ਼ਾਂ ਵਿਚ ਰਹਿ ਕੇ ਰੋਜ਼ੀ ਰੋਟੀ ਕਮਾ ਰਹੇ ਭਾਰਤੀਆਂ ਦੀ ਜ਼ਿੰਦਗੀ ਵਿਚ ਖਲਲ ਪਾਉਣ ਲਈ ਅਤੇ ਆਪਣੀ ਅੰਤਰਰਾਸ਼ਟਰੀ ਚੌਧਰ ਚਮਕਾਉਣ ਲਈ ਉਹਨਾਂ ਦੀਆਂ ਜ਼ਿੰਦਗੀਆਂ ਖਤਰੇ ਵਿਚ ਪਾ ਰਹੇ ਹਨ। ਕਨੇਡਾ ਦੇਸ਼ ਨੇ ਲੱਖਾਂ ਹੀ ਭਾਰਤੀਆਂ, ਖਾਸ ਕਰ ਪੰਜਾਬੀਆਂ ਨੂੰ ਰੁਜ਼ਗਾਰ ਦਿੱਤੇ ਹਨ, ਵਿਦਿਆਰਥੀਆਂ ਨੂੰ ਵਧੀਆਂ ਭਵਿੱਖ ਦਿੱਤਾ ਹੈ ਅਤੇ ਭਾਰਤੀਆਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਦੇ ਮੌਕੇ ਦਿੱਤੇ ਹਨ ਜਿਸ ਦੀ ਬਨਿਸਬਤ ਅੱਜ ਭਾਰਤੀ ਪੰਜਾਬੀ ਕਨੇਡਾ ਦੀ ਸਿਆਸਤ ਵਿਚ ਸਰਗਰਮ ਹਨ ਅਤੇ ਵੱਡੇ ਵੱਡੇ ਰਾਜਨੀਤਕ ਅਹੁਦਿਆਂ ’ਤੇ ਕੰਮ ਕਰ ਕੇ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ। ਇੰਨਾ ਕੁਝ ਭਾਰਤੀਆਂ ਨੂੰ ਦੇਣ ਵਾਲੇ ਦੇਸ਼ ਨਾਲ ਆਹਢਾ ਲੈਣਾ ਭਾਰਤ ਲਈ ਚੰਗੀ ਗੱਲ ਨਹੀਂ। ਸਭ ਜਾਣਦੇ ਹਨ ਕਿ ਭਾਰਤ ਵਿਚ ਬੇਰੁਜ਼ਗਾਰੀ ਚਰਮ ਸੀਮਾ ’ਤੇ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਦੇ ਹਨ ਅਤੇ ਆਪਣੀ ਕਿਰਤ ਕਮਾਈ ਨਾਲ ਭਾਰਤ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਨ। ਜਿਹੜਾ ਵੀ ਭਾਰਤ ਵਿਚ ਜੰਮਿਆ ਪਲਿਆ ਹੈ ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਚਲਾ ਜਾਵੇ ਉਸਦਾ ਮੋਹ ਆਪਣੀ ਜਨਮ ਭੂਮੀ ਨਾਲ ਜੁੜਿਆ ਰਹਿੰਦਾ ਹੈ, ਇਸ ਲਈ ਜੇਕਰ ਦੋਵਾਂ ਦੇਸ਼ਾਂ ਵਿਚ ਤਣਾਅ ਵਧਦਾ ਹੈ ਤਾਂ ਆਪਣੇ ਹੀ ਆਪਣਿਆਂ ਨੂੰ ਮਿਲਣ ਲਈ ਤਰਸਣ ਲੱਗਣਗੇ ਜਿਵੇਂ 75 ਸਾਲ ਤੋਂ ਪਾਕਿਸਤਾਨ ਅਤੇ ਭਾਰਤ ਵਿਚ ਰਹਿੰਦੇ ਆਪਣੇ ਹੀ ਆਪਣਿਆਂ ਲਈ ਤਰਸ ਰਹੇ ਹਨ।
ਕਨੇਡਾ ਨਾਲ ਭਾਰਤ ਦਾ ਕੋਈ ਵੀ ਇਤਿਹਾਸਕ ਵਿਵਾਦ ਨਹੀਂ ਹੈ ਪਰ ਭਾਰਤ ਸਰਕਾਰ ਦੀ ‘ਸਰਜੀਕਲ ਸਟਰਾਈਕ’ ਸਕੀਮ ਨੇ ਵਿਵਾਦ ਜ਼ਰੂਰ ਪੈਦਾ ਕਰ ਦਿੱਤਾ ਹੈ। ਭਾਰਤ ਖਾਸ ਕਰ ਪੰਜਾਬ ਵਿਚ ਖੁਸ਼ਹਾਲੀ ਲਈ ਕਨੇਡਾ ਦਾ ਵੱਡਾ ਯੋਗਦਾਨ ਹੈ। ਸਿਆਸਤ ਚਮਕਾਉਣ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਦਾਅ ਉੱਤੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਕ ਦੂਜੇ ਉੱਤੇ ਗਰਜਾਂ ਹਨ ਅਤੇ ਜ਼ਿੰਦਗੀ ਦੇ ਸੁਪਨੇ ਪੂਰੇ ਹੋ ਰਹੇ ਹਨ। ਪਰ ਜੇਕਰ ਭਾਰਤ-ਕਨੇਡਾ ਦੇ ਕੂਟਨੀਤਕ ਹਾਲਾਤ ਅਜਿਹੇ ਹੀ ਤਾਂ ‘ਸਾਨਾ ਦੇ ਭੇੜ ’ਚ ਮਲਿਆਂ ਦਾ ਨਾਸ’ ਜ਼ਰੂਰ ਹੋਵੇਗਾ, ਭਾਵ ਉਹ ਲੋਕ ਜੋ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਨ ਅਤੇ ਆਪਣੇ ਮੂਲ ਦੇਸ਼ ਭਾਰਤ ਦਾ ਆਰਥਿਕ ਸਹਿਯੋਗ ਕਰਦੇ ਹਨ, ਜ਼ਰੂਰ ਚਿੰਤਾ ਅਤੇ ਮੁਸ਼ਕਿਲ ਵਿਚ ਫਸ ਜਾਣਗੇ। ਆਮੀਨ!