ਕੂਟਨੀਤਕ ਟਕਰਾਅ: ਕੈਨੇਡੀਅਨ ਡਿਪਲੋਮੈਟ ਭਾਰਤ ’ਚੋਂ ਤਬਦੀਲ

ਕੂਟਨੀਤਕ ਟਕਰਾਅ: ਕੈਨੇਡੀਅਨ ਡਿਪਲੋਮੈਟ ਭਾਰਤ ’ਚੋਂ ਤਬਦੀਲ

 ਟੋਰਾਂਟੋ-ਭਾਰਤ ਨਾਲ ਚੱਲ ਰਹੇ ਕੂਟਨੀਤਕ ਟਕਰਾਅ ਦਰਮਿਆਨ ਕੈਨੇਡਾ ਨੇ ਅੱਜ ਨਵੀਂ ਦਿੱਲੀ ’ਚ ਕੰਮ ਕਰ ਰਹੇ ਆਪਣੇ ਕੁਝ ਡਿਪਲੋਮੈਟਾਂ ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਕੁਆਲਾਲੰਪੁਰ ਜਾਂ ਸਿੰਗਾਪੁਰ ਤਬਦੀਲ ਕਰ ਦਿੱਤਾ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਭਾਰਤ ਨੇ ਕੈਨੇਡਾ ਨੂੰ ਨਵੀਂ ਦਿੱਲੀ ਵਿਚਲੇ ਆਪਣੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ। ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਲੈ ਕੇ ਜਾਰੀ ਟਕਰਾਅ ਮਗਰੋਂ ਭਾਰਤ ਨੇ ਕੈਨੇਡਾ ਨੂੰ ਆਪਣੇ ਕੂਟਨੀਤਕ ਸਟਾਫ਼ ਦੀ ਗਿਣਤੀ ਵਿੱਚ ਕਟੌਤੀ ਕਰਨ ਲਈ ਕਿਹਾ ਸੀ। ਕੈਨੇਡਾ ਦੇ ਨਿੱਜੀ ਟੈਲੀਵਿਜ਼ਨ ਨੈੱਟਵਰਕ ਸੀਟੀਵੀ ਨਿਊਜ਼ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ, ‘‘ਕੈਨੇਡਾ ਨੇ ਦਿੱਲੀ ਤੋਂ ਬਾਹਰ ਭਾਰਤ ਵਿਚ ਕੰਮ ਕਰ ਰਹੇ ਆਪਣੇ ਬਹੁਗਿਣਤੀ ਡਿਪਲੋਮੈਟਾਂ ਨੂੰ ਕੁਆਲਾਲੰਪੁਰ ਜਾਂ ਸਿੰਗਾਪੁਰ ਤਬਦੀਲ ਕਰ ਦਿੱਤਾ ਹੈ।’’ ਚੇਤੇ ਰਹੇ ਕਿ ਭਾਰਤ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਆਖਿਆ ਸੀ ਕਿ ਕੈਨੇਡਾ ਨੂੰ ਭਾਰਤ ਵਿੱਚ ਆਪਣੇ ਕੂਟਨੀਤਕਾਂ ਦੀ ਮੌਜੂਦਗੀ ਵਿੱਚ ਸਮਾਨਤਾ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਗਿਣਤੀ ’ਚ ਕਟੌਤੀ ਕਰਨੀਹੋਵੇਗੀ। ਸੂਤਰਾਂ ਮੁਤਾਬਕ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ 60 ਦੇ ਕਰੀਬ ਹੈ ਤੇ ਨਵੀਂ ਦਿੱਲੀ ਚਾਹੁੰਦਾ ਸੀ ਕਿ ਓਟਵਾ ਇਸ ਨਫ਼ਰੀ ਵਿੱਚ ਘੱਟੋ ਘੱਟ ਤਿੰਨ ਦਰਜਨ ਦੀ ਕਟੌਤੀ ਕਰੇ। ਕੈਨੇਡਾ ਦੇ ਕੂਟਨੀਤਕ ਤੇ ਕੌਂਸੁਲਰ ਸਬੰਧਾਂ ਦਾ ਪ੍ਰਬੰਧ ਦੇਖਦੇ ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਪਿਛਲੇ ਦਨਿੀਂ ਦਾਅਵਾ ਕੀਤਾ ਸੀ ਕਿ ‘ਕੁਝ ਡਿਪਲੋਮੈਟਾਂ ਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਮਿਲ ਰਹੀਆਂ ਧਮਕੀਆਂ’ ਦੇ ਮੱਦੇਨਜ਼ਰ ਉਸ ਵੱਲੋਂ ਭਾਰਤ ਵਿਚਲੇ ਆਪਣੇ ਸਟਾਫ਼ ਦੀ ਨਫ਼ਰੀ ਘਟਾਉਣ ਦੀ ਸਮੀਖਿਆ ਕੀਤੀ ਜਾ ਰਹੀ ਹੈ।’’ ਵਿਭਾਗ ਨੇ ਕਿਹਾ, ‘‘ਲਿਹਾਜ਼ਾ ਅਸੀਂ ਇਹਤਿਆਤ ਵਜੋਂ ਭਾਰਤ ਵਿੱਚ ਆਪਣੇ ਸਟਾਫ਼ ਦੀ ਮੌਜੂਦਗੀ ਨੂੰ ਆਰਜ਼ੀ ਤੌਰ ’ਤੇ ਐਡਜਸਟ ਕਰਨ ਦਾ ਫੈਸਲਾ ਕੀਤਾ ਹੈ।’’