‘ਭਾਰਤ ਬੰਦ’ ਨੂੰ ਪੰਜਾਬ ’ਚ ਭਰਵਾਂ ਹੁੰਗਾਰਾ

‘ਭਾਰਤ ਬੰਦ’ ਨੂੰ ਪੰਜਾਬ ’ਚ ਭਰਵਾਂ ਹੁੰਗਾਰਾ

ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ ਅਤੇ ਕੌਮੀ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ’ਤੇ ਅੱਜ ‘ਭਾਰਤ ਬੰਦ’ ਦੇ ਦਿੱਤੇ ਸੱਦੇ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਸ਼ਹਿਰਾਂ ਵਿਚ ਜ਼ਿਆਦਾਤਰ ਬਾਜ਼ਾਰ ਬੰਦ ਰਹੇ। ਬੱਸ ਅੱਡਿਆਂ ਵਿਚ ਸੁੰਨ ਪੱਸਰੀ ਰਹੀ ਅਤੇ ਛੋਟੀਆਂ ਵੱਡੀਆਂ ਸੜਕਾਂ ’ਤੇ ਕੇਂਦਰ ਸਰਕਾਰ ਖਿਲਾਫ਼ ਨਾਅਰਿਆਂ ਦੀ ਗੂੰਜ ਪੈਂਦੀ ਰਹੀ। ਇਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਨੇ ‘ਭਾਰਤ ਬੰਦ’ ਨੂੰ ਮੁਕੰਮਲ ਰੂਪ ਵਿਚ ਸਫਲ ਬਣਾਇਆ। ਪੰਜਾਬ ਭਰ ਵਿੱਚ ਦੁਕਾਨਾਂ, ਵਪਾਰਕ ਅਦਾਰੇ, ਜਨਤਕ ਟਰਾਂਸਪੋਰਟ, ਪੈਟਰੋਲ ਪੰਪ ਅਤੇ ਸਨਅਤੀ ਅਦਾਰੇ ਬੰਦ ਰਹੇ। ਸਮਾਜ ਦੇ ਬਾਕੀ ਵਰਗਾਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਰਲ ਕੇ 180 ਦੇ ਕਰੀਬ ਥਾਵਾਂ ਉੱਤੇ ਪ੍ਰਮੁੱਖ ਸੜਕੀ ਮਾਰਗਾਂ ’ਤੇ ਧਰਨੇ ਦੇ ਕੇ ਚੱਕਾ ਜਾਮ ਕੀਤਾ। ‘ਭਾਰਤ ਬੰਦ’ ਕਰ ਕੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਧਰਨਿਆਂ ਕਾਰਨ ਟਰੈਫਿਕ ਜਾਮ ਵੀ ਲੱਗੇ। ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ‘ਭਾਰਤ ਬੰਦ’ ਵਿਚ ਮੁਕੰਮਲ ਸਾਥ ਦਿੱਤਾ ਜਦੋਂ ਕਿ ਬਹੁਤੇ ਸ਼ਹਿਰਾਂ ਵਿਚ ਕਾਰੋਬਾਰੀ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਅੱਜ ਛੋਟ ਦਿੱਤੀ ਹੋਈ ਸੀ। ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਨੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ 18 ਫਰਵਰੀ ਨੂੰ ਲੁਧਿਆਣਾ ਵਿੱਚ ਮੋਰਚੇ ਦੀ ਅਗਲੀ ਮੀਟਿੰਗ ਸੱਦ ਲਈ ਹੈ। ਸੂਬੇ ਵਿਚ ਰੇਲ ਆਵਾਜਾਈ ਪਹਿਲਾਂ ਵਾਂਗ ਜਾਰੀ ਰਹੀ। ਟੌਲ ਪਲਾਜ਼ੇ ਅੱਜ ਟੌਲ ਤੋਂ ਮੁਕਤ ਰਹੇ। ‘ਭਾਰਤ ਬੰਦ’ ਕਰ ਕੇ ਪੰਜਾਬ ਪੁਲੀਸ ਅੱਜ ਪੂਰੀ ਤਰ੍ਹਾਂ ਮੁਸਤੈਦ ਰਹੀ ਅਤੇ ਬੰਦ ਦਾ ਪ੍ਰੋਗਰਾਮ 12 ਵਜੇ ਤੋਂ ਚਾਰ ਵਜੇ ਤੱਕ ਚੱਲਿਆ ਜਦੋਂ ਕਿ ਪਿੰਡਾਂ ਵਿਚੋਂ ਸ਼ਹਿਰਾਂ ਨੂੰ ਹੋਣ ਵਾਲੀ ਸਪਲਾਈ ਪੂਰਾ ਦਿਨ ਰੁਕੀ ਰਹੀ। ਕਿਸਾਨ ਆਗੂਆਂ ਨੇ ਸ਼ੰਭੂ ਬਾਰਡਰ ’ਤੇ ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਦੁਹਰਾਈ ਹੈ।‘ਭਾਰਤ ਬੰਦ’ ਨੂੰ ਆੜਤੀ ਐਸੋਸੀਏਸ਼ਨਾਂ, ਟਰੱਕ ਯੂਨੀਅਨਾਂ, ਪ੍ਰਾਈਵੇਟ ਬੱਸ ਓਪਰੇਟਰਾਂ, ਪੈਟਰੋਲ ਪੰਪ ਡੀਲਰ ਐਸੋਸੀਏਸ਼ਨ, ਵਪਾਰ ਮੰਡਲ, ਖੇਤ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ, ਨੌਜਵਾਨ, ਵਿਦਿਆਰਥੀ, ਮਹਿਲਾ ਅਤੇ ਮੁਲਾਜ਼ਮ ਜਥੇਬੰਦੀਆਂ ਅਤੇ ਮੋਰਚਿਆਂ ਨੇ ਵੀ ਸਮਰਥਨ ਦਿੱਤਾ। ‘ਭਾਰਤ ਬੰਦ’ ਦਾ ਪ੍ਰੋਗਰਾਮ ਨਿਰੋਲ ਸਵੈ-ਇੱਛੁਕ ਸੀ। ਉਂਜ ਕਈ ਥਾਵਾਂ ’ਤੇ ਟਰੈਫਿਕ ਜਾਮ ਕਰ ਕੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ‘ਭਾਰਤ ਬੰਦ’ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ 18 ਜ਼ਿਲ੍ਹਿਆਂ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੜਕਾਂ ਜਾਮ ਅਤੇ ਟੌਲ ਪਲਾਜ਼ਿਆਂ ’ਤੇ ਧਰਨਿਆਂ ਵਿੱਚ 58 ਥਾਵਾਂ ’ਤੇ ਮਹਿਲਾਵਾਂ ਸਣੇ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਮਜ਼ਦੂਰ ਸ਼ਾਮਲ ਹੋਏ।